ਫ਼ੁਹਾਰਾ ਜਾਂ ਤੁਪਕਾ ਸਿੰਚਾਈ ਸਿਸਟਮ ਅਪਣਾਉਣ ਵਾਲੇ ਕਿਸਾਨਾਂ ਨੂੰ 90 ਫ਼ੀਸਦੀ ਤੱਕ ਸਬਸਿਡੀ ਦੀ ਸੁਵਿਧਾ- ਡਿਪਟੀ ਕਮਿਸ਼ਨਰ
*ਸਬਸਿਡੀ ‘ਪਹਿਲਾਂ ਆਓ ਪਹਿਲਾਂ ਪਾਓ’ ਦੇ ਅਧਾਰ ’ਤੇ ਹੋਵੇਗੀ
ਹਰਪ੍ਰੀਤ ਕੌਰ ਬਬਲੀ , ਸੰਗਰੂਰ, 16 ਅਕਤੂਬਰ 2021
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਾਣੀ ਦੀ ਬਚਤ ਵਾਲੀਆਂ ਤਕਨੀਕਾਂ ਜਿਵੇਂ ਫੁਹਾਰਾ ਜਾਂ ਤੁਪਕਾ ਸਿੰਚਾਈ ਪ੍ਰੋਜ਼ੈਕਟ ਲਗਾਉਣ ਲਈ ਸਬਸਿਡੀ ਦੀ ਪੇਸਕਸ ਕੀਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਨੇ ਦਿੱਤੀ।
ਉਨ੍ਹਾ ਕਿਹਾ ਕਿ ਫੁਹਾਰਾ ਅਤੇ ਤੁਪਕਾ ਸਿੰਚਾਈ ਸਿਸਟਮ ਲਗਾਉਣ ਲਈ ਆਮ ਕਿਸਾਨਾਂ ਨੂੰ 80 ਫੀਸਦੀ ਸਬਸਿਡੀ ਦਿੱਤੀ ਜਾਵੇਗੀ, ਜਦ ਕਿ ਅਨੂਸੁਚਿਤ ਜਾਤੀ, ਔਰਤਾਂ, ਛੋਟੇ ਤੇ ਸੀਮਾਂਤ ਕਿਸਾਨਾਂ ਨੂੰ 90 ਫੀਸਦੀ ਸਬਸਿਡੀ ਮਿਲੇਗੀ। ਉਨ੍ਹਾਂ ਕਿਹਾ ਕਿ ਡਿੱਗੀ ਬਣਾਉਣ ’ਤੇ ਵੀ 50 ਫੀਸਦੀ ਜਾਂ ਵੱਧ ਤੋਂ ਵੱਧ 75000 ਰੁਪਏ ਤੱਕ ਦੀ ਸਬਸਿਡੀ ਕਿਸਾਨਾਂ ਨੂੰ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਸਕੀਮ ਦਾ ਲਾਭ ਲੈਣ ਦੀ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਪਕਾ ਸਿੰਚਾਈ ਸਿਸਟਮ ਬਾਗਾਂ ਲਈ ਵਰਦਾਨ ਹੈ ਜਦ ਕਿ ਮਾਇਕ੍ਰੋ ਇਰੀਗੇਸਨ ਤਕਨੀਕਾਂ ਨਾਲ ਸਿੰਚਾਈ ਪਾਣੀ ਦੀ 40 ਤੋਂ 60 ਫ਼ੀਸਦੀ ਬੱਚਤ ਹੁੰਦੀ ਹੈ ਅਤੇ ਫਸਲ ਦਾ ਉਤਪਾਦਨ ਵੀ ਚੰਗਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਸਬਸਿਡੀ ‘ਪਹਿਲਾਂ ਆਓ ਪਹਿਲਾਂ ਪਾਓ’ ਦੇ ਅਧਾਰ ’ਤੇ ਮਿਲੇਗੀ ਅਤੇ ਇਹ ਸਬਸਿਡੀ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਮਾਰਫਤ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇੱਛੁਕ ਕਿਸਾਨ ਆਪਣੀਆਂ ਅਰਜੀਆਂ ਮੰਡਲ ਭੂਮੀ ਰੱਖਿਆ ਅਫ਼ਸਰ ਸੰਗਰੂਰ ਦੇ ਦਫਤਰ ਵਿਖੇ ਜਮਾਂ ਕਰਵਾ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਕਿਸਾਨ ਸਧਾਰਨ ਕਾਗਜ਼ ’ਤੇ ਆਪਣੀ ਜ਼ਮੀਨ, ਫਸਲ ਆਦਿ ਦਾ ਵੇਰਵਾ ਦੱਸਦੇ ਹੋਏ ਅਰਜੀ ਦੇ ਸਕਦੇ ਹਨ। ਜਿਸ ਤੋਂ ਬਾਅਦ ਜ਼ਿਲ੍ਹਾ ਪੱਧਰ ’ਤੇ ਬਣੀ ਕਮੇਟੀ ਵੱਲੋਂ ਇੰਨ੍ਹਾਂ ਅਰਜੀਆਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਜੋ ਅਰਜੀਆਂ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਯੋਗ ਪਾਈਆਂ ਜਾਣਗੀਆਂ ਉਨ੍ਹਾਂ ਦੀ ਪ੍ਰੋਜ਼ੈਕਟ ਰਿਪੋਰਟ ਵਿਭਾਗ ਤਿਆਰ ਕਰਕੇ ਕਿਸਾਨ ਨੂੰ ਸਬਸਿਡੀ ਦੇਵੇਗਾ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਉਪ ਮੰਡਲ ਭੂਮੀ ਰੱਖਿਆ ਅਫ਼ਸਰ ਨਾਲ ਫੋਨ ਨੰ. 99882-50933 ’ਤੇ ਸੰਪਰਕ ਕੀਤਾ ਜਾ ਸਕਦਾ ਹੈ।