ਫਾਰਮੇਸੀ ਅਫ਼ਸਰ ਦੇ ਉੱਦਮ ਸਦਕਾ ਸਿਹਤ ਕੇਂਦਰ ਦੀ ਦਿੱਖ ਸੁਧਰੀ
ਪਰਦੀਪ ਕਸਬਾ , ਤਪਾ,15 ਅਕਤੂਬਰ 2021
ਨੇੜਲੇ ਪਿੰਡ ਢਿੱਲਵਾਂ ਦੇ ਮੁੱਢਲੇ ਸਿਹਤ ਕੇਂਦਰ ਉੱਤੇ ਭਾਵੇਂ ਸਰਕਾਰ ਦੀ ਸਵੱਲੀ ਨਜ਼ਰ ਤਾਂ ਨਹੀਂ ਪਈ,ਪ੍ਰੰਤੂ ਸਿਹਤ ਕੇਂਦਰ ਦੇ ਫਾਰਮੇਸੀ ਅਫ਼ਸਰ ਜੋਗਿੰਦਰ ਸਿੰਘ ਮਾਨ ਦੇ ਉੱਦਮ ਸਦਕਾ ਨਗਰ ਦੀਆਂ 6 ਪੰਚਾਇਤਾਂ ਅਤੇ ਹੋਰ ਦਾਨੀ ਸੱਜਣਾਂ ਦੇ ਸਹਿਯੋਗ ਨੇ ਖਸਤਾ ਹਾਲਤ ਕੇਂਦਰ ਨੂੰ ਮੁੜ ਨਵੀਂ ਦਿੱਖ ਦਿੱਤੀ ਹੈ।
ਸਿਹਤ ਕੇਂਦਰ ਦਾ ਰੰਗ ਰੋਗਨ ਬਿਲਕੁਲ ਲਹਿ ਚੁੱਕਾ ਸੀ।ਸਰਕਾਰ ਵੱਲੋਂ ਇਸ ਸਬੰਧੀ ਕੋਈ ਵੀ ਗਰਾਂਟ ਜਾਰੀ ਨਹੀਂ ਹੋਈ।ਪ੍ਰੰਤੂ ਸਰਪੰਚ ਜੋਗਿੰਦਰ ਸਿੰਘ ਬਰਾੜ,ਸਰਪੰਚ ਕਰਮਜੀਤ ਸਿੰਘ,ਰਾਜ ਕੌਰ,ਰਾਜਵਿੰਦਰ ਕੌਰ,ਸੁਖਵਿੰਦਰ ਕੌਰ ਅਤੇ ਵਿਰਸਾ ਸਿੰਘ ਆਦਿ ਨੇ ਸ੍ਰ ਮਾਨ ਦੀ ਅਪੀਲ ਨਾਲ ਸਹਿਮਤ ਹੁੰਦਿਆਂ ਆਪਣੇ ਕੋਲੋ ਅਤੇ ਨਗਰ ਵਿਚੋਂ ਕਰੀਬ 70000 ਰੁਪਏ ਇਕੱਠੇ ਕਰਕੇ ਜੋੜੀਆਂ,ਦਰਵਾਜੇ,ਖਿੜਕੀਆਂ ਅਤੇ ਕੰਧਾਂ ਨੂੰ ਰੰਗ – ਰੋਗਨ ਕਰਵਾ ਕੇ ਦਸ਼ਾ ਸੁਧਾਰੀ।
ਸਿਹਤ ਕੇਂਦਰ ਵਿੱਚ ਹਾਜ਼ਰ ਮੋਹਤਬਰਾਂ ਅਤੇ ਸਰਪੰਚਾਂ ਨੇ ਸਮੁੱਚੇ ਸਟਾਫ ਸਮੇਤ ਫਾਰਮੇਸੀ ਅਫ਼ਸਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਦੀ ਬਦੌਲਤ ਸਿਹਤ ਕੇਂਦਰ ਓ ਪੀ ਡੀ ਵਿੱਚ ਇਜ਼ਾਫਾ ਹੋਇਆ ਹੈ। ਓਹਨਾਂ ਸਟਾਫ ਨਾਲ ਹਰ ਵਕਤ ਖੜਨ ਦਾ ਭਰੋਸਾ ਦਿੱਤਾ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਤਪਾ ਡਾ. ਪ੍ਰਵੇਸ਼ ਕੁਮਾਰ ਨੇ ਫਾਰਮੇਸੀ ਅਫ਼ਸਰ ਜੋਗਿੰਦਰ ਸਿੰਘ ਮਾਨ ਅਤੇ ਸਮੁੱਚੀਆਂ ਪੰਚਾਇਤਾਂ ਦਾ ਧੰਨਵਾਦ ਕਰਦੇ ਹੋਏ, ਬਿਹਤਰ ਸਿਹਤ ਸੇਵਾਵਾਂ ਦੇਣ ਦੀ ਪ੍ਰਤੀਬੱਧਤਾ ਦੁਹਰਾਈ।