ਮੁਨੀਸ਼ ਦੀ ਨਹੀਂ ਲਈ ਸਾਰ ਰੁੱਤ ਬਦਲੀ, ਪਰ ਕਿਸਮਤ ਨਹੀਂ, 17 ਨੂੰ ਮੋਰਿੰਡੇ ਹੱਲਾ
ਹਰਪ੍ਰੀਤ ਕੌਰ ਬਬਲੀ , ਸੰਗਰੂਰ , 15 ਅਕਤੂਬਰ 2021
ਪਿਛਲੇ ਸਮਿਆਂ ਵਿੱਚ ਸਾਲ 2019 ਵਿੱਚ 7 ਸਤੰਬਰ ਤੋ 2 ਅਪ੍ਰੈਲ 2020 ਤੱਕ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਕਰੀਬ ਛੇ ਮਹੀਨੇ,ਫੇਰ 31 ਦਸੰਬਰ 2020 ਤੋ 30 ਸਤੰਬਰ 2021 ਤੱਕ ਕਰੀਬ 9 ਮਹੀਨੇ ਤੱਕ ਸਥਾਨਕ ਵਿਧਾਇਕ ਅਤੇ ਸਾਬਕਾ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਪੱਕਾ ਮੋਰਚਾ ਲਗਾ ਕੇ ਬੈਠਣ ਮਗਰੋਂ ਵੀ ਰੁਜ਼ਗਾਰ ਨਸੀਬ ਨਾ ਹੋਣ ਤੋ ਮਗਰੋਂ ਵੀ ਬੇਰੁਜ਼ਗਾਰ ਐਡ ਟੈਟ ਪਾਸ ਅਧਿਆਪਕਾਂ ਨੇ ਹੌਸਲਾ ਨਹੀਂ ਹਾਰਿਆ ।ਇਹਨਾ ਦਾ ਇਕ ਸਾਥੀ ਫਾਜਲਿਕਾ ਜ਼ਿਲ੍ਹੇ ਦੇ ਪਿੰਡ ਟਾਹਲੀ ਬੋਦਲਾ ਦਾ ਨੌਜਵਾਨ ਮੁਨੀਸ਼ ਕੁਮਾਰ ਪਿਛਲੇ ਕਰੀਬ 56 ਦਿਨਾਂ ਤੋਂ ਸਥਾਨਕ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਉੱਤੇ ਚੜ ਕੇ ਬੈਠਾ ਹੋਇਆ ਹੈ।
ਅੱਤ ਦੀ ਗਰਮੀ ਅਤੇ ਬਰਸਾਤਾਂ ਝੱਲਣ ਦੇ ਨਾਲ ਨਾਲ ਕੈਪਟਨ ਸਰਕਾਰ ਦੀਆਂ ਡਾਂਗਾਂ ਝੱਲਣ ਦੇ ਬਾਵਜੂਦ ਵੀ ਰੁਜ਼ਗਾਰ ਨਹੀਂ ਮਿਲਿਆ।ਭਾਵੇਂ ਮੌਸਮ ਦੇ ਅਨੇਕਾਂ ਮਿਜ਼ਾਜ਼ ਬਦਲਣ ਦੇ ਨਾਲ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਤਾਂ ਬਦਲ ਚੁੱਕੇ ਹਨ। ਪਰ ਰੁਜ਼ਗਾਰ ਮੰਗਦੇ ਬੇਰੁਜ਼ਗਾਰਾਂ ਦੀ ਕਿਸਮਤ ਨਹੀਂ ਬਦਲੀ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਲੋੜ ਨੀਤੀਆਂ ਅਤੇ ਨੀਅਤ ਬਦਲਣ ਦੀ ਹੈ।ਜਿਸ ਅਨੁਸਾਰ ਘਰ ਘਰ ਰੁਜ਼ਗਾਰ ਵਾਲਾ ਵਾਅਦਾ ਪੂਰਾ ਕੀਤਾ ਜਾਵੇ।ਪੰਜਾਬ ਦੀ ਕਿਸਾਨੀ ਅਤੇ ਜਵਾਨੀ ਨੂੰ ਬਚਾਉਣ ਲਈ ਉਪਰਾਲੇ ਹੋਣ। ਓਹਨਾਂ ਕਿਹਾ ਕਿ ਦੋ ਵਾਰ ਨਵੇਂ ਸਿੱਖਿਆ ਮੰਤਰੀ ਅਤੇ ਇਕ ਵਾਰ ਨਵੇਂ ਮੁੱਖ ਮੰਤਰੀ ਨੂੰ ਬੇਰੁਜ਼ਗਾਰਾਂ ਦੀ ਪੂਰੀ ਵਿਥਿਆ ਦੱਸੀ ਜਾ ਚੁੱਕੀ ਹੈ।
ਪਰ ਸਰਕਾਰ ਦੀਆਂ ਫਾਇਲਾਂ ਸਰਕਣ ਵਿੱਚ ਫੇਰ ਦੇਰੀ ਹੋ ਰਹੀ ਹੈ। ਉਹਨਾਂ ਦੱਸਿਆ ਕਿ ਠੰਢ ਦਾ ਮੌਸਮ ਸ਼ੁਰੂ ਹੋਣ ਨਾਲ ਮੁਨੀਸ਼ ਨੂੰ ਕਾਫੀ ਦਿੱਕਤਾਂ ਆ ਰਹੀਆਂ ਹਨ। ਉਹ ਜਲਦੀ ਭੁੱਖ ਹੜਤਾਲ ਸ਼ੁਰੂ ਕਰਨ ਜਾ ਰਿਹਾ ਹੈ। ਪਰ ਅਜੇ ਤੱਕ ਸ੍ਰ ਚਰਨਜੀਤ ਸਿੰਘ ਚੰਨੀ ਅਤੇ ਸਿੱਖਿਆ ਮੰਤਰੀ ਨੂੰ ਵਿਖਾਈ ਨਹੀਂ ਦੇ ਰਿਹਾ। ਓਹਨਾਂ ਕਿਹਾ ਕਿ ਬੇਰੁਜ਼ਗਾਰ ਮੁੜ 17 ਅਕਤੂਬਰ ਨੂੰ ਚੰਨੀ ਦੀ ਮੋਰਿੰਡਾ ਕੋਠੀ ਅੱਗੇ ਵੰਗਾਰ ਰੈਲੀ ਕਰਨ ਮਗਰੋਂ ਪੱਕਾ ਮੋਰਚਾ ਲਗਾਉਣਗੇ। ਉਹਨਾਂ ਕਾਂਗਰਸ ਨੂੰ ਆਉਂਦੀਆਂ ਚੋਣਾਂ ਵਿੱਚ ਬੇਰੁਜ਼ਗਾਰਾਂ ਦੇ ਜ਼ਬਰਦਸਤ ਵਿਰੋਧ ਝੱਲਣ ਦੀ ਚਿਤਾਵਨੀ ਦਿੱਤੀ। ਮੁਨੀਸ਼ ਕੁਮਾਰ ਜਿਉਂ ਦੀ ਤਿਉਂ ਟੈਂਕੀ ਉੱਤੇ ਡਟਿਆ ਹੋਇਆ ਹੈ।
ਇਸ ਮੌਕੇ ਮਨਦੀਪ ਕੌਰ ਲਹਿਰਾਗਾਗਾ,ਬਲਜਿੰਦਰ ਗਿਲਜੇਵਾਲਾ, ਗੁਰਵੀਰ ਸਿੰਘ ਮੰਗਵਾਲ, ਮਨਦੀਪ ਸਿੰਘ ਭੱਦਲਵੱਢ, ਅਮਰਜੀਤ ਸਿੰਘ ਪੰਜਾਬੀ ਯੁਨੀਵਰਸਿਟੀ, ਹਰਦਮ ਸਿੰਘ ਸੰਗਰੂਰ, ਸਾਜਨ ਕੁਮਾਰ ਅਬੋਹਰ, ਇੰਦਰਾਜ ਅਬੋਹਰ ਆਦਿ ਹਾਜ਼ਰ ਸਨ।