I LOVE BARNALA ਸੈਲਫੀ ਪੁਆਇੰਟ ਕੋਲ ਕੇਵਲ ਢਿੱਲੋਂ ਦੇ ਫਲੈਕਸ ਬੋਰਡ ਨੂੰ ਪਬਲਿਕ ਪ੍ਰੋਪਰਟੀ ਮੰਨਣ ਤੇ ਛਿੜੀ ਚਰਚਾ
ਬਿਨਾਂ ਕਿਸੇ ਸੰਵਿਧਾਨਕ ਅਹੁਦੇ ਵਾਲੇ ਆਗੂ ਦੀ ਫਲੈਕਸ ਪਾੜਨ ਸਬੰਧੀ ਦਰਜ਼ ਕੇਸ ਸੱਤਾ ਦੀ ਦੁਰਵਰਤੋਂ – MLA ਮੀਤ ਹੇਅਰ
ਹਰਿੰਦਰ ਨਿੱਕਾ , ਬਰਨਾਲਾ 16 ਅਕਤੂਬਰ 2021
ਸ਼ਹਿਰ ਦੇ ਨਹਿਰੂ ਚੌਂਕ ‘ਚ ਨਗਰ ਕੌਂਸਲ ਦੁਆਰਾ ਕੁੱਝ ਸਮਾਂ ਪਹਿਲਾਂ ਸਥਾਪਿਤ ਕੀਤੇ ” ਆਈ ਲਵ ਬਰਨਾਲਾ” ਦੇ ਸੈਲਫੀ ਪੁਆਇੰਟ ਕੋਲ ਲੱਗੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਫੋਟੋ ਵਾਲੇ ਬੋਰਡ ਨੂੰ ਤੋੜਨ ਸਬੰਧੀ ਬਰਨਾਲਾ ਪੁਲਿਸ ਵੱਲੋਂ ਦਰਜ਼ ਕੇਸ ਦੇ ਕਾਨੂੰਨੀ ਪੱਖ ਅਤੇ ਨਹਿਰੂ ਦੇ ਬੁੱਤ ਕੋਲ ਬੁੱਤ ਲਾਏ ਜਾਣ ਤੇ ਹੁਣ ਨਵੀਂ ਚਰਚਾ ਛਿੜ ਗਈ ਹੈ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਪ੍ਰਾਈਵੇਟ ਵਿਅਕਤੀ ਜਾਂ ਰਾਜਸੀ ਲੀਡਰ ਦੇ ਫਲੈਕਸਨੁਮਾ ਬੋਰਡ ਨੂੰ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਦਾਇਰੇ ਵਿੱਚ ਲਿਆ ਕੇ ਕੇਸ ਦਰਜ਼ ਕਰਨਾ ਕਾਨੂੰਨ ਦੀ ਕਸੌਟੀ ਤੇ ਖਰਾ ਨਹੀਂ ਉਤਰਦਾ। ਜਦੋਂ ਕਿ ਹਲਕਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਸਾਬਕਾ ਵਿਧਾਇਕ ਦੇ ਫਲੈਕਸ ਨੂੰ ਪਾੜ ਦੇਣ ਦੀ ਘਟਨਾ ਨੂੰ ਮੰਦਭਾਗੀ ਤਾਂ ਕਿਹਾ ਹੈ,। ਪਰੰਤੂ ਉਨਾਂ ਰਾਜਸੀ ਤੀਰ ਵਿੰਨਦਿਆਂ ਕਿਹਾ ਕਿ ਬਿਨਾਂ ਕੋਈ ਸੰਵਿਧਾਨਕ ਅਹੁਦੇ ਵਾਲੇ ਲੀਡਰ ਦਾ ਫਲੈਕਸ ਪਾੜਨ ਤੇ ਹੀ ਪੁਲਿਸ ਵੱਲੋਂ ਦਰਜ਼ ਕੀਤਾ ਕੇਸ ਸੱਤਾ ਦੀ ਦੁਰਵਰਤੋਂ ਦੀ ਵੱਡੀ ਮਿਸਾਲ ਹੈ।
ਪੁਲਿਸ ਦੀ ਕਾਰਜ਼ਸ਼ੈਲੀ ਤੇ ਵਰ੍ਹਿਆ ਐਮ.ਐਲ.ਏ ਮੀਤ ਹੇਅਰ
ਵਿਧਾਨ ਸਭਾ ਹਲਕਾ ਬਰਨਾਲਾ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਨਹਿਰੂ ਚੌਂਕ ਵਿੱਚ ਲਗਾਏ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਫਲੈਕਸ ਬੋਰਡ ਨੂੰ ਪਾੜ ਦੇਣ ਵਾਲਿਆਂ ਤੇ ਪੁਲਿਸ ਵੱਲੋਂ ਦਰਜ਼ ਕੀਤੇ ਕੇਸ ਤੋਂ ਬਾਅਦ ਪੁਲਿਸ ਦੀ ਕਾਰਜਸ਼ੈਲੀ ਤੇ ਸਵਾਲੀਆ ਚਿੰਨ੍ਹ ਖੜ੍ਹੇ ਕੀਤੇ ਹਨ। ਮੀਤ ਹੇਅਰ ਨੇ ਕਿਹਾ ਕਿ ਕਿਸੇ ਸੰਵਿਧਾਨਕ ਅਹੁਦੇ ਤੋਂ ਬਿਨਾਂ ਲੀਡਰ ਦਾ ਫਲੈਕਸ ਪਾੜ ਦੇਣ ਸਬੰਧੀ ਪੁਲਿਸ ਵੱਲੋਂ ਦਰਜ਼ ਕੀਤਾ ਪਰਚਾ, ਸ਼ਰੇਆਮ ਸੱਤਾ ਦੀ ਦੁਰਵਰਤੋਂ ਦੀ ਜਿਉਂਦੀ ਜਾਗਦੀ ਮਿਸਾਲ ਹੈ। ਉਨਾਂ ਕਿਹਾ ਕਿ ਮੈਂ ਕਿਸੇ ਵੀ ਪਾਰਟੀ ਦੇ ਆਗੂ ਵੱਲੋਂ ਲਗਾਏ ਫਲੈਕਸ ਨੂੰ ਪਾੜ ਦੇਣ ਦਾ ਵਿਰੋਧੀ ਹਾਂ। ਪਰੰਤੂ ਸੱਤਾ ਦੀ ਦੁਰਵਰਤੋਂ ਕਰਕੇ, ਕਿਸੇ ਆਮ ਨਾਗਰਿਕ ਉੱਪਰ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਣ ਵਰਗੀਆਂ ਅਪਰਾਧਿਕ ਧਰਾਂਵਾਂ ਤਹਿਤ ਕੇਸ ਦਰਜ਼ ਕਰਨਾ ਕਾਨੂੰਨੀ ਤੌਰ ਤੇ ਪੂਰੀ ਤਰਾਂ ਗਲਤ ਹੈ।
ਉਨਾਂ ਪੁਲਿਸ ਤੇ ਵਰ੍ਹਦਿਆਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਕੀ ਐ, ਜਿਹੜਾ ਪੁਲਿਸ ਨੇ ਉਹਦੇ ਫਲੈਕਸ ਬੋਰਡ ਨੂੰ ਪਬਲਿਕ ਪ੍ਰੋਪਰਟੀ ਮੰਨ ਕੇ ਪਰਚਾ ਦਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਸਿਰਫ ,ਢਿੱਲੋਂ ਨੂੰ ਖੁਸ਼ ਕਰਨ ਲਈ ਹੀ ਕੁੱਝ ਵਿਅਕਤੀਆਂ ਤੇ ਕੇਸ ਦਰਜ਼ ਕੀਤਾ ਹੈ। ਉਨਾਂ ਕਿਹਾ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਪੁਲਿਸ ਕੋਲ ਕਿਸੇ ਨੇ ਇਸ ਘਟਨਾ ਸਬੰਧੀ ਕੋਈ ਸ਼ਕਾਇਤ ਵੀ ਨਹੀਂ ਦਿੱਤੀ। ਉਲਟਾ ਇੱਕ ਏ.ਐਸ.ਆਈ. ਨੇ ਮੁਖਬਰ ਦੀ ਸੂਚਨਾ ਤੇ ਹੀ ਕੇਸ ਦਰਜ਼ ਕੀਤਾ ਹੈ। ਜਿਹੜਾ ਬਿਲਕੁਲ ਗੈਰਕਾਨੂੰਨੀ ਤੇ ਪੂਰੀ ਤਰ੍ਹਾਂ ਗਲਤ ਹੈ। ਉਨ੍ਹਾਂ ਕਿਹਾ ਕਿ, ਪੁਲਿਸ ਅਧਿਕਾਰੀਆਂ ਨੂੰ ਰਾਜਸੀ ਆਗੂਆਂ ਦੇ ਦਬਾਅ ਹੇਠ, ਕਿਸੇ ਵੀ ਸੂਰਤ ਵਿੱਚ ਕਾਨੂੰਨ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਮੀਤ ਹੇਅਰ ਨੇ ਕਿਹਾ ਕਿ ਅਜਿਹੀ ਘਟਨਾ ਫੋਕੀ ਵਾਹ-ਵਾਹ ਖੱਟਣ ਵਾਲਿਆਂ ਖਿਲਾਫ ਲੋਕਾਂ ਵਿੱਚ ਪੈਦਾ ਹੋਏ ਰੋਸ ਅਤੇ ਨਫਰਤ ਦਾ ਸੰਕੇਤ ਹੈ। ਉਨਾਂ ਨਗਰ ਕੌਂਸਲ ਪੰਬੰਧਕਾਂ ਦੀ ਕਾਰਜ਼ਸ਼ੈਲੀ ਨੂੰ ਕਟਿਹਰੇ ਵਿੱਚ ਖੜ੍ਹਾ ਕਰਦਿਆਂ ਕਿਹਾ ਕਿ ਸਾਬਕਾ ਵਿਧਾਇਕ ਦਾ ਫਲੈਕਸ ਕਥਿਤ ਤੌਰ ਤੇ ਸਰਕਾਰੀ ਫੰਡ ਨਾਲ ਲਾਉਣਾ ਵੀ ਨਗਰ ਕੌਂਸਲ ਦੇ ਫੰਡਾਂ ਦੀ ਦੁਰਵਰਤੋਂ ਹੀ ਹੈ।
ਪ੍ਰਾਈਵੇਟ ਵਿਅਕਤੀ ਦੇ ਫਲੈਕਸ ਨੂੰ ਪਬਲਿਕ ਪ੍ਰੋਪਰਟੀ ਕਹਿਣਾ ਹਾਸੋਹੀਣਾ – ਐਡਵੋਕੇਟ ਬਹਾਦਰਪੁਰੀਆ
ਪ੍ਰਸਿੱਧ ਫੌਜ਼ਦਾਰੀ ਵਕੀਲ ਅਤੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਜਤਿੰਦਰ ਬਹਾਦਰਪੁਰੀਆ ਨੇ ਕਿਹਾ ਕਿ ਪੁਲਿਸ ਵੱਲੋਂ ਦਰਜ਼ ਕੇਸ ਨੂੰ ਪਬਲਿਕ ਪ੍ਰੋਪਰਟੀ ਦਾ ਨੁਕਸਾਨ ਪਹੁੰਚਾਉਣ ਵਾਲੇ ਕਾਨੂੰਨ ਦੇ ਦਾਇਰੇ ਵਿੱਚ ਰੱਖਣਾ, ਬੇਹੱਦ ਹਾਸੋਹੀਣੀ ਘਟਨਾ ਹੈ। ਐਡਵੋਕੇਟ ਜਤਿੰਦਰ ਕੁਮਾਰ ਨੇ ਕਿਹਾ ਕਿ ਦਰਅਸਲ SEC 3 Prevention of Damage to Public Property Act 1984 ਦੇ ਦਾਇਰੇ ਵਿੱਚ ਕਿਸੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣਾ ਹੀ ਆਉਂਦਾ ਹੈ। ਕੇਵਲ ਸਿੰਘ ਢਿੱਲੋਂ ਇੱਕ ਰਾਜਸੀ ਪਾਰਟੀ ਦਾ ਆਗੂ ਹੈ ਅਤੇ ਸਾਬਕਾ ਵਿਧਾਇਕ ਹੈ, ਉਸ ਕੋਲ ਕੋਈ ਸਰਕਾਰੀ ਅਤੇ ਸੰਵਿਧਾਨਿਕ ਅਹੁਦਾ ਵੀ ਨਹੀਂ ਹੈ। ਪੁਲਿਸ ਨੇ ਫਲੈਕਸ ਪਾੜ ਦੇਣ ਦੀ ਘਟਨਾ ਨੂੰ ਸਰਕਾਰੀ ਪ੍ਰੋਪਰਟੀ ਕਿਵੇਂ ਮੰਨ ਲਿਆ, ਹੈਰਾਨ ਕਰ ਦੇਣ ਅਤੇ ਕਾਨੂੰਨ ਦਾ ਕੋਝਾ ਮਜਾਕ ਉਡਾਉਣ ਵਾਲੀ ਵਾਲੀ ਗੱਲ ਹੈ। ਐਡਵੋਕੇਟ ਜਤਿੰਦਰ ਕੁਮਾਰ ਨੇ ਕੇਸ ਵਿੱਚ ਆਈ.ਪੀ.ਸੀ ਦੀ ਧਾਰਾ 500 ਲਗਾਏ ਜਾਣ ਨੂੰ ਵੀ ਬੇਤੁੱਕਾ ਕਰਾਰ ਦਿੱਤਾ ਹੈ। ਉਨਾਂ ਕਿਹਾ ਕਿ ਮਾਣਹਾਣੀ ਦੀ ਐਫਆਈਆਰ ਨਹੀਂ, ਬਲਕਿ ਅਦਾਲਤ ਵਿੱਚ ਕੰਪਲੇਂਟ, ਯਾਨੀ ਇਸਤਗਾਸਾ ਦਾਇਰ ਹੋ ਸਕਦਾ ਹੈ। ਉਹ ਵੀ ਉਹੀ ਵਿਅਕਤੀ ਦਾਇਰ ਕਰ ਸਕਦਾ ਹੈ, ਜਿਸ ਦੇ ਮਾਣ ਨੂੰ ਨੁਕਸਾਨ ਪਹੁੰਚਿਆ ਹੋਵੇ। ਇਸ ਕੇਸ ਵਿੱਚ ਪੁਲਿਸ ਅਧਿਕਾਰੀ ਖੁਦ ਸ਼ਕਾਇਤਕਰਤਾ ਬਣ ਕੇ ਐਫ.ਆਈ.ਆਰ ਦਰਜ਼ ਕਰਵਾ ਰਿਹਾ ਹੈ। ਐਡਵੋਕੇਟ ਜਤਿੰਦਰ ਕੁਮਾਰ ਬਹਾਦਰਪੁਰੀਆ ਨੇ ਕਿਹਾ ਕਿ ਪੁਲਿਸ ਨੂੰ ਰਾਜਸੀ ਪਾਰਟੀਆਂ ਅਤੇ ਸੱਤਾ ਦੇ ਪ੍ਰਭਾਵ ਤਹਿਤ ਨਹੀਂ, ਦੇਸ਼ ਦੇ ਕਾਨੂੰਨ ਅਨੁਸਾਰ ਕੰਮ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਦਾ ਬੁੱਤ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਅਤੇ ਅਜਾਦੀ ਘੁਲਾਟੀਏ ਪੰਡਿਤ ਜਵਾਹਰ ਲਾਲ ਨਹਿਰੂ ਦੇ ਬੁੱਤ ਦੇ ਬਰਾਬਰ ਲਾਉਣਾ ,ਨਹਿਰੂ ਦਾ ਅਪਮਾਨ ਕਰਨਾ ਹੈ।
ਵਰਨਣਯੋਗ ਹੈ ਕਿ ਲੰਘੀ ਕੱਲ੍ਹ ਨਹਿਰੂ ਚੌਂਕ ਬਰਨਾਲਾ ਕੋਲ ਲੱਗਿਆ ਕੇਵਲ ਸਿੰਘ ਢਿੱਲੋਂ ਦਾ ਫਲੈਕਸ ਬੋਰਡ ਪਾੜ ਦੇਣ ਦੀ ਘਟਨਾ ਵਾਪਰੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕੋਈ ਸ਼ਕਾਇਤ ਦਾ ਇੰਤਜ਼ਾਰ ਕੀਤੇ ਬਿਨਾਂ ਹੀ ਕਾਹਲੀ ਵਿੱਚ ਹੀ ਥਾਣਾ ਸਿਟੀ 1 ਬਰਨਾਲਾ ਵਿਖੇ ਐਫ.ਆਈ.ਆਰ ਨੰਬਰ 513 , ਏ.ਐਸ.ਆਈ ਗਿਆਨ ਸਿੰਘ ਦੇ ਬਿਆਨ ਪਰ ਮੁਖਬਰ ਦੀ ਇਤਲਾਹ ਤੇ ਸੁਖਜਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਗੋਬਿੰਦ ਕਲੋਨੀ ਬਰਨਾਲਾ ਅਤੇ ਬਲਦੇਵ ਸਿੰਘ ਵਾਸੀ ਬਰਨਾਲਾ ਅਤੇ ਉਨਾਂ ਦੇ ਕੁੱਝ ਹੋਰ ਨਾਮਾਲੂਮ ਵਿਅਕਤੀਆਂ ਖਿਲਾਫ ਅਧੀਨ ਜੁਰਮ SEC 3 Prevention of Damage to Public Property Act 1984, 500,427,120-B I P C ਤਹਿਤ ਦਰਜ਼ ਕਰ ਦਿੱਤੀ ਸੀ।