‘ ਖੇਤੀ ਕਾਨੂੰਨ ਰੱਦ ਕਰੋ’ ਦੇ ਆਕਾਸ਼ ਗੁੰਜਾਊ ਨਾਹਰਿਆਂ ਨਾਲ ਬਾਜਾਰਾਂ ਵਿਚੋਂ ਦੀ ਕੀਤਾ ਰੋਹ-ਭਰਪੂਰ ਮੁਜ਼ਾਹਰਾ
* ਸ਼ਾਸ਼ਕਾਂ ਤੇ ਕਾਰਪੋਰੇਟਾਂ ਦਾ ਗੱਠਜੋੜ ਸਾਡੇ ਦੌਰ ਦੀ ਸਭ ਤੋਂ ਘਾਤਕ ਬਦੀ; ਹਰਾਉਣ ਲਈ ਜਥੇਬੰਦਕ ਏਕਾ ਹੋਰ ਮਜ਼ਬੂਤ ਕਰੋ: ਉਪਲੀ
* 351ਵੇਂ ਜਨਮ ਦਿਵਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿਜਦਾ ਕੀਤਾ ਗਿਆ।
ਸਿੰਘੂ ਬਾਰਡਰ ਦੀ ਮੰਦਭਾਗੀ ਘਟਨਾ ਨੂੰ ਲੈ ਕੇ ਕਿਸਾਨ ਅੰਦੋਲਨ ਨਾ ਬਦਨਾਮ ਕਰਨਾ ਬੰਦ ਕਰੇ ਸਰਕਾਰ: ਕਿਸਾਨ ਆਗੂ
ਪ੍ਰਦੀਪ ਕਸਬਾ , ਬਰਨਾਲਾ: 16ਅਕਤੂਬਰ, 2021
ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 381 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਪੰਜਾਬ ਦੇ ਲੋਕ ਨਾਇਕ ਅਤੇ ਸਿੱਖ ਰਾਜ ਦੇ ਪਹਿਲੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਵਸ ਸੀ। ਇਸ ਮੌਕੇ ਬੁਲਾਰਿਆਂ ਨੇ ਉਸ ਮਹਾਨ ਸ਼ਖਸੀਅਤ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ । ਬਾਬਾ ਜੀ ਨੇ ਪਹਿਲੀ ਵਾਰ ਜਾਗੀਰਦਾਰਾਂ ਤੋਂ ਜ਼ਮੀਨਾਂ ਖੋਹ ਕੇ ਹਲ-ਵਾਹਕ ਕਿਸਾਨਾਂ ਨੂੰ ਇਨ੍ਹਾਂ ਦਾ ਮਾਲਕ ਬਣਾਇਆ।ਇਸੇ ਲਈ ਪੰਜਾਬੀ ਕਿਸਾਨ ਸਤਿਕਾਰ ਸਹਿਤ ਉਨ੍ਹਾਂ ਨੂੰ ਪੰਜਾਬ ਦੇ ਪਹਿਲੇ ਤਹਿਸੀਲਦਾਰ ਦਾ ਖਿਤਾਬ ਦਿੰਦੇ ਹਨ।
ਬੁਲਾਰਿਆਂ ਨੇ ਅੱਜ ਬੀਜੇਪੀ ਨੇਤਾਵਾਂ ਅਤੇ ਕਾਰਪੋਰੇਟੀ ਘਰਾਣਿਆਂ ਦੇ ਪੁਤਲੇ ਫੂਕਣ ਦੇ ਪ੍ਰੋਗਰਾਮ ਬਾਰੇ ਚਰਚਾ ਕੀਤੀ। ਆਗੂਆਂ ਨੇ ਕਿਹਾ ਕਿ ਸਾਡੇ ਮੌਜੂਦਾ ਸ਼ਾਸ਼ਕਾਂ ਨੇ ਤਿੰਨ ਕਾਲੇ ਖੇਤੀ ਕਾਨੂੰਨ ਇਨ੍ਹਾਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਹੀ ਬਣਾਏ ਹਨ। ਸ਼ਾਸ਼ਕਾਂ ਤੇ ਕਾਰਪੋਰੇਟੀ ਲੁਟੇਰਿਆਂ ਦਾ ਇਹ ਨਾਪਾਕ ਗਠਜੋੜ ਹੀ ਸਾਡੇ ਦੌਰ ਦੀ ਅਸਲੀ ਤੇ ਸਭ ਤੋਂ ਘਾਤਕ ਬਦੀ ਹੈ। ਆਮ ਲੋਕਾਂ ਦਾ ਵਿਸ਼ਾਲ ਤੇ ਜਥੇਬੰਦਕ ਏਕਾ ਹੀ ਇੱਕੋ ਇੱਕ ਤਾਕਤ ਹੈ ਜਿਸ ਨਾਲ ਇਸ ਬਦੀ ਨੂੰ ਹਰਾਇਆ ਜਾ ਸਕਦਾ ਹੈ। ਸਾਨੂੰ ਆਪਣੀ ਇਸ ਤਾਕਤ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ,ਕਰਨੈਲ ਸਿੰਘ ਗਾਂਧੀ, ਪ੍ਰੇਮਪਾਲ ਕੌਰ, ਜਗਸੀਰ ਸਿੰਘ ਛੀਨੀਵਾਲ,ਨਛੱਤਰ ਸਿੰਘ ਸਹੌਰ,ਬਲਜੀਤ ਸਿੰਘ ਚੌਹਾਨਕੇ, ਮੋਹਨ ਸਿੰਘ ਰੂੜੇਕੇ, ਰਣਧੀਰ ਸਿੰਘ ਰਾਜਗੜ੍ਹ, ਬਾਬੂ ਸਿੰਘ ਖੁੱਡੀ ਕਲਾਂ, ਬਿੱਕਰ ਸਿੰਘ ਔਲਖ, ਮਨਜੀਤ ਰਾਜ, ਅਮਰਜੀਤ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਿੰਘੂ ਬਾਰਡਰ ‘ਤੇ ਕੱਲ੍ਹ ਵਾਪਰੀ ਘਟਨਾ ਬਹੁਤ ਦੁਖਦਾਈ ਹੈ। ਪਰ ਸੰਯੁਕਤ ਕਿਸਾਨ ਮੋਰਚੇ ਦਾ ਕਾਤਲ ਤੇ ਮਕਤੂਲ, ਦੋਵਾਂ ਨਾਲ ਹੀ ਕੋਈ ਸਬੰਧ ਨਹੀਂ। ਅੱਜ ਆਗੂਆਂ ਨੇ ਕਿਹਾ ਕਿ ਸਰਕਾਰ ਤੇ ਬੀਜੇਪੀ ਇਸ ਮੰਦਭਾਗੀ ਘਟਨਾ ਨੂੰ ਲੈ ਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨਾ ਬੰਦ ਕਰੇ।
ਅੱਜ ਧਰਨੇ ਤੋਂ ਬਾਅਦ ਸਦਰ ਬਾਜਾਰ ਵਿਚੋਂ ਦੀ ਰੋਹ – ਭਰਪੂਰ ਮੁਜ਼ਾਹਰਾ ਕੀਤਾ ਗਿਆ। ਆਕਾਸ਼ ਗੁੰਜਾਊ ਨਾਹਰਿਆਂ ਰਾਹੀਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ। ਮੁਜ਼ਾਹਰੇ ਤੋਂ ਬਾਅਦ ਬਰਨਾਲਾ ਦੇ 25 ਏਕੜ ਕਲੋਨੀ ਵਿੱਚ ਬੀਜੇਪੀ ਨੇਤਾਵਾਂ ਮੋਦੀ, ਯੋਗੀ, ਸ਼ਾਹ ਤੇ ਅਜੈ ਮਿਸ਼ਰਾ ਦੇ ਅਤੇ ਕਾਰਪੋਰੇਟ ਘਰਾਣਿਆਂ ਅੰਬਾਨੀ, ਅਡਾਨੀ ਤੇ ਵਾਲਮਾਰਟ ਦੇ ਪੁਤਲੇ ਫੂਕੇ ਗਏ। ਆਕਾਸ਼ ਗੁੰਜਾਊ ਨਾਹਰਿਆਂ ਦੌਰਾਨ ਬਦੀ ਦੀਆਂ ਤਾਕਤਾਂ ਨੂੰ ਅਗਨ ਭੇਟ ਕੀਤਾ ਗਿਆ। ਪੁਤਲੇ ਨੂੰ ਅੱਗ ਲਾਉਣ ਦੀ ਰਸਮ ਕਿਸਾਨ ਬੀਬੀਆਂ ਨੇ ਨਿਭਾਈ। ਇਹ ਮੌਕੇ ਨਰੈਣ ਦੱਤ, ਗੁਰਮੀਤ ਸੁਖਪੁਰ, ਲੈਕਚਰਾਰ ਜੀਤ ਸਿੰਘ,ਹਰਨੇਕ ਸਿੰਘ ਸੋਹੀ ਆਦਿ ਕਈ ਪਤਵੰਤੇ ਸੱਜਣ ਹਾਜਰ ਸਨ।