ਖੂਈਖੇੜਾ ਸੀਐਚਸੀ ਵੱਲੋਂ 1 ਲੱਖ ਕੋਵਿਡ ਵੈਕਸੀਨ ਦਾ ਆਂਕੜਾ ਪਾਰ-ਡਿਪਟੀ ਕਮਿਸ਼ਨਰp
ਬੀ ਟੀ ਐੱਨ , ਫਾਜ਼ਿਲਕਾ, 6 ਅਕਤੂਬਰ 2021
ਫਾਜ਼ਿਲਕਾ ਜਿਲ੍ਹੇ ਦੇ ਸੀਐਚਸੀ ਖੂਈਖੇੜਾ ਨੇ ਕੋਵਿਡ ਦੀਆਂ 1 ਲੱਖ ਵੈਕਸੀਨ ਲਗਾਉਣ ਦਾ ਆਂਕੜਾ ਪਾਰ ਕਰ ਲਿਆ ਹੈ।ਇਹ ਜਾਣਕਾਰੀ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦਿੱਤੀ ਹੈ। ਉਨ੍ਹਾਂ ਨੇ ਇਸ ਪ੍ਰਾਪਤੀ ਲਈ ਸੀਐਚਸੀ ਖੂਈਖੇੜਾ ਦੀ ਸਮੂਚੀ ਟੀਮ ਨੂੰ ਵਧਾਈ ਦਿੰਦਿਆਂ ਲੋਕਾਂ ਵੱਲੋਂ ਵੀ ਉਤਸਾਹ ਨਾਲ ਵੈਕਸੀਨੇਸ਼ਨ ਕਰਵਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਅਪੀਲ ਕੀਤੀ ਕਿ ਜਿਹੜੇ ਵੀ ਲੋਕ ਵੈਕਸੀਨ ਲਗਵਾਉਣ ਤੋਂ ਰਹਿ ਗਏ ਹਨ ਉਹ ਬਿਨ੍ਹਾਂ ਦੇਰੀ ਵੈਕਸੀਨ ਲਗਵਾ ਲੈਣ ਤਾਂ ਜ਼ੋ ਕੋਵਿਡ ਦੇ ਕਿਸੇ ਵੀ ਸੰਭਾਵਿਤ ਖਤਰੇ ਤੋਂ ਬਚਿਆ ਜਾ ਸਕੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸਐਮਓ ਡਾ: ਰੋਹਿਤ ਗੋਇਲ ਨੇ ਦੱਸਿਆ ਕਿ ਸਿਵਲ ਸਰਜਨ ਡਾ: ਦਵਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਵਿਡ ਵੈਕਸੀਨ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ।ਉਨ੍ਹਾਂ ਕਿਹਾ ਕਿ ਬਲਾਕ ਖੂਈ ਖੇੜਾ `ਚ ਜਨਵਰੀ ਤੋਂ ਹੀ ਵੈਕਸੀਨੇਸ਼ਨ ਲਗਾਉਣ ਦਾ ਕੰਮ ਚਲ ਰਿਹਾ ਹੈ।ਉਨ੍ਹਾਂ ਕਿਹਾ ਕਿ ਸ਼ੁਰੂ ਸ਼ੁਰੂ ਤੋਂ ਲੋਕਾਂ ਵੱਲੋਂ ਵੈਕਸੀਨੇਸ਼ਨ ਲਗਵਾਉਣ ਵਿਚ ਗੁਰੇਜ਼ ਕੀਤਾ ਜਾ ਰਿਹਾ ਹੈ ਪਰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜਿਸ ਤਹਿਤ ਲੋਕ ਖੁਦ ਵੈਕਸੀਨੇਸ਼ਨ ਲਗਵਾਉਣ ਪ੍ਰਤੀ ਜਾਗਰੂਕ ਹੋਏ ਜਿਸ ਅਧੀਨ ਬਲਾਕ ਖੂਈ ਖੇੜਾ ਵਿਖੇ ਵੈਕਸੀਨੇਸ਼ਨ ਲਗਵਾਉਣ ਦਾ 1 ਲੱਖ ਦਾ ਆਂਕੜਾ ਪੂਰਾ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਦਾ 1 ਲੱਖ ਦਾ ਆਂਕੜਾ ਪੂਰਾ ਹੋਣਾ ਵੈਕਸੀਨੇਸ਼ਨ ਟੀਮ ਦੀ ਤਨਦੇਹੀ ਨਾਲ ਕੀਤੀ ਗਈ ਮਿਹਨਤ ਹੈ ਜ਼ੋ ਕਿ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਦਾ ਸਾਰਾ ਕਾਰਜ ਡਾ. ਚਰਨਪਾਲ ਅਤੇ ਬੀ.ਈ.ਈ. ਸੁਸ਼ੀਲ ਕੁਮਾਰ ਦੀ ਅਗਵਾਈ ਹੇਠ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਨੋਡਲ ਅਫਸਰ ਦੀ ਅਗਵਾਈ ਹੇਠ ਮੈਡੀਕਲ ਅਫਸਰ, ਫਾਰਮੈਸੀ ਅਫਸਰ, ਕਮਿਉਨਿਟੀ ਹੈਲਥ ਅਫਸਰ, ਹੈਲਥ ਸੁਪਰਵਾਈਜ਼ਰ, ਸਟਾਫ ਨਰਸ, ਏ.ਐਨ.ਐਮ. ਆਸ਼ਾ ਵਰਕਰ ਸਮੇਤ ਸਾਰੇ ਸਟਾਫ ਨੇ ਵਢਮੁੱਲਾ ਯੋਗਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪਿਛਲੇ ਕੁਝ ਦਿਨਾਂ `ਚ ਕਰੋਨਾ ਕੇਸਾਂ `ਚ ਕਮੀ ਆਈ ਹੈ ਪਰ ਸੰਭਾਵਿਤ ਤੀਸਰੀ ਲਹਿਰ ਤੋਂ ਬਚਣ ਲਈ ਸਾਵਧਾਨੀਆਂ ਤੇ ਟੀਕਾਕਰਨ ਬਹੁਤ ਲਾਜਮੀ ਹੈ।
ਬਲਾਕ ਮਾਸ ਮੀਡੀਆ ਇੰਚਾਰਜ ਸ੍ਰੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਬਲਾਕ ਖੂਈ ਖੇੜਾ ਅਧੀਨ 6 ਪੀ.ਐਚ.ਸੀ., 33 ਸਬ ਸੈਂਟਰ/ਹੈਲਥ ਵੈਲਨੈਸ ਸੈਂਟਰ ਸਮੇਤ ਸਾਰੇ 57 ਪਿੰਡਾਂ ਵਿਚ ਵੈਕਸੀਨੇਸ਼ਨ ਕੈਂਪ ਆਯੋਜਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਟੀਮਾਂ ਵੱਲੋਂ ਹੁਣ ਤੱਕ 1 ਲੱਖ 5 ਹਜ਼ਾਰ 292 ਲੋਕਾਂ ਦੇ ਵੈਕਸੀਨ ਲਗਾਈ ਜਾ ਚੁੱਕੀ ਹੈ।
ਉਨ੍ਹਾਂ ਕਿਹਾ ਕਿ 83007 ਲੋਕਾਂ ਨੂੰ ਕੋਵਿਸ਼ੀਲਡ ਦੀ ਪਹਿਲੀ ਡੋਜ਼ ਅਤੇ 15100 ਲੋਕਾਂ ਨੂੰ ਦੂਜੀ ਖੁਰਾਕ ਅਤੇ 4441 ਲੋਕਾਂ ਨੂੰ ਕੋ-ਵੈਕਸੀਨ ਦੀ ਪਹਿਲੀ ਖੁਰਾਕ ਤੇ 2744 ਲੋਕਾਂ ਨੂੰ ਦੂਜੀ ਡੋਜ਼ ਲੱਗ ਚੁੱਕੀ ਹੈ।ਉਨ੍ਹਾਂ ਕਿਹਾ ਕਿ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਜੋ ਵੀ ਵਿਅਕਤੀ ਵੈਕਸੀਨ ਲਗਵਾਉਣ ਤੋਂ ਰਹਿ ਗਏ ਹਨ ਉਹ ਜ਼ਰੂਰੀ ਵੈਕਸੀਨ ਲਗਵਾਉਣ ਅਤੇ ਜਿੰਨਾਂ ਨੇ ਪਹਿਲੀ ਡੋਜ਼ ਲਗਵਾਈ ਹੈ ਤੇ ਨਿਰਧਾਰਤ ਦਿਨ ਪੂਰੇ ਹੋਣ `ਤੇ ਦੂਜੀ ਡੋਜ਼ ਵੀ ਜ਼ਰੂਰ ਲਗਵਾ ਲੈਣ।