6 ਸਾਲ ਪੁਰਾਣੇ ਕੇਸ ਵਿੱਚ ਨਾਮਜ਼ਦ ਮੋਗਾ ਜ਼ਿਲ੍ਹੇ ਦੇ ਕਿਸਾਨ ਆਗੂ ਮੋਗਾ ਦੀ ਸੀ ਜੇ ਐਮ ਅਦਾਲਤ ਵੱਲੋਂ ਬਾਇੱਜ਼ਤ ਬਰੀ
ਪਰਦੀਪ ਕਸਬਾ , ਚੰਡੀਗੜ੍ਹ 6 ਅਕਤੂਬਰ 2021
ਐਤਕੀਂ ਵਾਂਗ ਹੀ 6 ਸਾਲ ਪਹਿਲਾਂ ਨਰਮੇ ਦੀ ਭਾਰੀ ਤਬਾਹੀ ਦਾ ਮੁਆਵਜ਼ਾ ਲੈਣ ਲਈ 7 ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਜਾਨ ਹੂਲਵੇਂ ਘੋਲ਼ ਦੇ ਸਿਖਰ ‘ਤੇ ਬਾਦਲ ਸਰਕਾਰ ਵਿਰੁੱਧ ਪੰਜਾਬ ਭਰ ਵਿੱਚ ਹਫਤੇ ਭਰ ਲਈ ਰੇਲਾਂ ਜਾਮ ਕਰਕੇ ਜਿੱਤ ਹਾਸਲ ਕੀਤੀ ਗਈ ਸੀ। ਉਦੋਂ ਰੇਲਵੇ ਪੁਲਸ ਥਾਣਾ ਮੋਗਾ ਵੱਲੋਂ 6 ਪ੍ਰਮੁੱਖ ਕਿਸਾਨ ਆਗੂਆਂ ‘ਤੇ ਧਾਰਾ 147 ਅਤੇ ਰੇਲਵੇ ਐਕਟ ਦੀ ਧਾਰਾ 174 ਤਹਿਤ ਕੇਸ ਮੜ੍ਹਿਆ ਗਿਆ ਸੀ।
ਇਸ ਕੇਸ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਘਾਲੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਸ਼ਿੰਦਰ ਸਿੰਘ ਨੱਥੂਵਾਲਾ ਤੇ ਸੂਬਾ ਖਜ਼ਾਨਚੀ ਗੁਰਦੀਪ ਸਿੰਘ ਵੈਰੋਕੇ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਜ਼ਿਲ੍ਹਾ ਖਜ਼ਾਨਚੀ ਬਲੌਰ ਸਿੰਘ ਘੱਲਕਲਾਂ ਨਾਮਜ਼ਦ ਕੀਤੇ ਗਏ ਸਨ। ਸਾਲਾਂਬੱਧੀ ਚੱਲੇ ਇਸ ਕੇਸ ਦੌਰਾਨ ਸ੍ਰੀ ਘਾਲੀ ਅਤੇ ਸ੍ਰੀ ਨੱਥੂਵਾਲਾ ਨਾਮੁਰਾਦ ਬੀਮਾਰੀਆਂ ਕਾਰਨ ਸਦੀਵੀ ਵਿਛੋੜਾ ਦੇ ਗਏ ਸਨ।
ਬਾਕੀ ਚੌਂਹਾਂ ਆਗੂਆਂ ਨੂੰ ਕੱਲ੍ਹ ਸੀ ਜੇ ਐਮ ਮੋਗਾ ਦੀ ਮਾਨਯੋਗ ਅਦਾਲਤ ਦੀ ਸਤਿਕਾਰ ਯੋਗ ਜੱਜ ਪ੍ਰੀਤੀ ਸੁਖੀਜਾ ਵੱਲੋਂ ਬਾਇੱਜ਼ਤ ਬਰੀ ਕਰ ਦਿੱਤਾ ਗਿਆ। ਇਹ ਜਾਣਕਾਰੀ ਦਿੰਦੇ ਹੋਏ ਸ੍ਰੀ ਕੋਕਰੀ ਕਲਾਂ ਨੇ ਦੱਸਿਆ ਕਿ ਇਸ ਕੇਸ ਦੀ ਪੈਰਵੀ ਉੱਘੇ ਵਕੀਲ ਇਕਬਾਲ ਸਿੰਘ ਦੌਲਤਪੁਰਾ ਵੱਲੋਂ ਫੀਸ ਲੈਣ ਤੋਂ ਬਗੈਰ ਹੀ ਕੀਤੀ ਗਈ ਹੈ, ਅਤੇ ਉਨ੍ਹਾਂ ਦੇ ਸਹਾਇਕ ਜਗਜੀਤ ਸਿੰਘ ਡਾਲਾ ਨੇ ਵੀ ਨਿਸ਼ਕਾਮ ਸੇਵਾ ਹੀ ਕੀਤੀ ਹੈ।
ਚੌਂਹਾਂ ਕਿਸਾਨ ਆਗੂਆਂ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਅਤੇ ਅਹਿਦ ਕੀਤਾ ਗਿਆ ਕਿ ਉਹ ਦੱਬੇ ਕੁਚਲੇ ਕਿਸਾਨਾਂ ਦੇ ਹਿੱਤਾਂ ਲਈ ਅੰਤਿਮ ਦਮ ਤੱਕ ਇਸੇ ਤਰ੍ਹਾਂ ਹਿੱਕਾਂ ਡਾਹ ਕੇ ਸੰਘਰਸ਼ ਕਰਦੇ ਰਹਿਣਗੇ। ਉਨ੍ਹਾਂ ਨੇ ਸਮੂਹ ਦੇਸ਼ ਵਾਸੀਆਂ ਨੂੰ ਫਾਸ਼ੀਵਾਦੀ ਜ਼ੁਲਮਾਂ ‘ਤੇ ਉਤਾਰੂ ਭਾਜਪਾ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਮੁਲਕ ਪੱਧਰੇ ਕਿਸਾਨ ਘੋਲ਼ ਵਿੱਚ ਜੀ ਜਾਨ ਨਾਲ ਕੁੱਦਣ ਦਾ ਸੱਦਾ ਦਿੱਤਾ। ਇਸ ਜਾਬਰ ਹਕੂਮਤ ਵਿਰੁੱਧ ਮਨਾਂ ਵਿੱਚ ਖੌਲ਼ ਰਿਹਾ ਗੁੱਸਾ ਸਿਦਕ ਸਿਰੜ ਤੇ ਜ਼ਬਤਬੱਧ ਆਪਾਵਾਰੂ ਭਾਵਨਾ ਨਾਲ ਦ੍ਰਿੜ੍ਹ ਰੋਹਲੇ ਸੰਘਰਸ਼ ਵਿੱਚ ਬਦਲਣ ਰਾਹੀਂ ਜ਼ਾਹਿਰ ਕਰਨ ਦਾ ਹੋਕਾ ਦਿੱਤਾ।