ਅਗਾਂਹਵਧੂ ਕਿਸਾਨ ਸਰਵਨ ਸਿੰਘ 4 ਸਾਲ ਤੋਂ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਰ ਰਿਹਾ ਸਫ਼ਲ ਖੇਤੀ

Advertisement
Spread information

ਪਿੰਡ ਸਾਹੋਕੇ ਦਾ ਅਗਾਂਹਵਧੂ ਕਿਸਾਨ ਸਰਵਨ ਸਿੰਘ 4 ਸਾਲ ਤੋਂ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਰ ਰਿਹਾ ਸਫ਼ਲ ਖੇਤੀ

*ਡੇਅਰੀ ਫਾਰਮਿੰਗ ਅਤੇ ਜੈਵਿਕ ਖੇਤੀ ਅਪਣਾਅ ਕੀਤੀ ਜਾ
ਸਕਦੀ ਚੌਖੀ ਕਮਾਈ


ਹਰਪ੍ਰੀਤ ਕੌਰ ਬਬਲੀ  , ਸੰਗਰੂਰ, 05 ਅਕਤੂਬਰ 2021

ਅਗਾਂਹਵਧੂ ਕਿਸਾਨ ਸਰਵਣ ਸਿੰਘ ਵਾਸੀ ਪਿੰਡ ਸਾਹੋਕੇ ਬਲਾਕ ਸੰਗਰੂਰ ਵਲੋਂ ਪਿਛਲੇ ਲੰਬੇ ਸਮੇਂ ਤੋਂ 12 ਏਕੜ ਰਕਬੇ ਵਿੱਚ ਕਣਕ ਅਤੇ ਝੋਨੇ ਦੀ ਸਿੱਧੀ ਬਿਜਾਈ ਕਰ ਖੇਤੀ ਕਰ ਰਹੇ ਹਨ ਅਤੇ ਪਿਛਲੇ 4 ਸਾਲਾਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਬਿਨਾਂ ਅੱਗ ਲਗਾਏ ਵਧੀਆ ਢੰਗ ਨਾਲ ਮੁਨਾਫਾ ਕਮਾ ਕੇ ਖੇਤੀ ਕਰ ਰਹੇ ਹਨ। ਆਪਣੇ ਤਜਰਬੇ ਸਾਂਝੇ ਕਰਦਿਆਂ ਕਿਸਾਨ ਸਰਵਣ ਸਿੰਘ ਦਾ ਕਹਿਣਾ ਹੈ ਕਿ ਵਾਤਾਵਰਨ ਦੀ ਸਾਭ ਸੰਭਾਲ ਸਾਡੀ ਸਭ ਦੀ ਸਾਂਝੀ ਜਿੰਮੇਵਾਰੀ ਹੈ। ਉਸ ਨੇ ਕਿਹਾ ਕਿ ਖੇਤੀ ਨੂੰ ਜੇਕਰ ਮਿਹਨਤ ਅਤੇ ਲਗਨ ਨਾਲ ਆਪਨਾਇਆ ਜਾਵੇ ਤਾਂ ਚੌਖਾ ਮੁਨਾਫਾ ਕਮਾਇਆ ਜਾ ਸਕਦਾ ਹੈ।

Advertisement

ਉਨਾਂ ਕਿਹਾ ਕਿ ਜੇਕਰ ਸਾਡਾ ਵਾਤਾਵਰਨ ਪ੍ਰਦੂਸਿਤ ਹੋਵੇਗਾ ਤਾਂ ਇਸਦਾ ਸਿੱਧਾ ਤੇ ਮਾੜਾ ਅਸਰ ਸਾਡੀ ਸਿਹਤ ’ਤੇ ਪਵੇਗਾ ਅਤੇ ਅਜਿਹਾ ਹੋ ਵੀ ਰਿਹਾ ਹੈ। ਉਹ ਕਣਕ ਦੀ ਬਿਜਾਈ ਪਿਛਲੇ ਦੋ ਸਾਲਾਂ ਤੋਂ ਹੈਪੀਸੀਡਰ ਅਤੇ ਸੂਪਰਸੀਡਰ ਨਾਲ ਕਰ ਰਿਹਾ ਹੈ ਅਤੇ ਪਿਛਲੇ 2 ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਦਾ ਵੀ ਤਜ਼ਰਬਾ ਕਰ ਰਿਹਾ ਹੈ ਜੋ ਕਿ ਉਸ ਲਈ ਕਾਫੀ ਲਾਹੇਵੰਦ ਸਿੱਧ ਹੋਇਆ ਹੈ।

ਸਰਵਣ ਸਿੰਘ ਨੇ ਦੱਸਿਆ ਕਿ ਉਹ ਖੇਤੀ ਦੇ ਨਾਲ ਨਾਲ ਪਸ਼ੂ ਪਾਲਣ ਅਤੇ ਡੇਅਰੀ ਫਾਰਮਿੰਗ ਦਾ ਕੰਮ ਵੀ ਕਰਦਾ ਹੈ ਅਤੇ ਉਸ ਕੋਲ ਇਸ ਸਮੇਂ 60 ਗਾਵਾਂ ਹਨ। ਇਸ ਤੋਂ ਇਲਾਵਾ ਉਹ ਪਿਛਲੇ ਕਈ ਸਾਲਾਂ ਤੋਂ 1 ਏਕੜ ਰਕਬੇ ਵਿੱਚ ਆਰਗੈਨਿਕ ਸਬਜੀਆਂ ਦੀ ਵੀ ਕਾਸ਼ਤ ਕਰ ਰਿਹਾ ਹੈ। ਸਰਵਣ ਸਿੰਘ 20 ਏਕੜ ਰਕਬਾ ਠੇਕੇ ਤੇ ਲੈ ਕੇ ਮੱਕੀ ਵਿੱਚ ਹਰੇ ਚਾਰੇ ਦਾ ਅਹਾਰ ਆਪਣੇ ਡੇਅਰੀ ਫਾਰਮ ਦੇ ਪਸ਼ੂਆਂ ਲਈ ਬਣਾਉਂਦਾ ਹੈ। ਇਸ ਤੋਂ ਇਲਾਵਾ ਇਹ ਅਗਾਂਹਵਧੂ ਕਿਸਾਨ ਬਤੌਰ ਕਿਸਾਨ ਮਿੱਤਰ ਵਿਭਾਗ ਨਾਲ ਜੁੜਿਆ ਹੋਇਆ ਹੈ ਅਤੇ ਸਮੇਂ ਸਮੇਂ ’ਤੇ ਵਿਭਾਗ ਵਲੋਂ ਲਗਾਏ ਜਾਣ ਵਾਲੇ ਕੈਂਪਾਂ ’ਚ ਵੀ ਸਹਿਯੋਗ ਦਿੰਦਾ ਹੈ।

ਉਹ ਆਪਣੇ ਪਿਤਾ ਦੀ ਯੋਗ ਅਗਵਾਈ ਹੇਠ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਵਿਭਾਗ ਵਲੋਂ ਲਗਾਏ ਜਾਣ ਵਾਲੇ ਕਿਸਾਨ ਮੇਲਿਆਂ ਵਿੱਚ ਲਗਾਤਾਰ ਸ਼ਿਰਕਤ ਕਰਦਾ ਹੈ ਤਾਂ ਜੋ ਉਸ ਦੀ ਜਾਣਕਾਰੀ ਵਿੱਚ ਨਿਰੰਤਰ ਵਾਧਾ ਹੁੰਦਾ ਰਹੇ ਅਤੇ ਵੱਖ ਵੱਖ ਖੇਤੀ ਅਤੇ ਅਲਾਈਡ ਸੈਕਟਰ ਦੀਆਂ ਯੂਨੀਵਰਸਿਟੀਆਂ ਦੁਆਰਾ ਪਬਲਿਸ਼ ਰਸਾਲਿਆਂ ਤੋਂ ਜਾਣਕਾਰੀ ਹਾਸਿਲ ਕਰਦਾ ਰਹਿੰਦਾ ਹੈ। ਉਸ ਨੇ ਦੱਸਿਆ ਕਿ ਕਿਸਾਨ ਕਿਸੇ ਵੀ ਪ੍ਰਕਾਰ ਦੀ ਸਲਾਹ ਲੈਣ ਸੰਬੰਧੀ ਉਸ ਦੇ ਮੋਬਾਇਲ ਨੰਬਰ 94787-54343 ਤੇ ਸੰਪਰਕ ਕਰ ਸਕਦਾ ਹੈ।

ਮੁੱਖ ਖੇਤੀਬਾੜੀ ਅਫਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਜਿਥੇ ਲਾਭਕਾਰੀ ਜੀਵਾਣੂਆਂ ਦਾ ਨੁਕਸਾਨ ਹੁੰਦਾ ਹੈ ਉਥੇ ਵਾਤਾਵਰਣ ਪਲੀਤ ਹੁੰਦਾ ਹੈ ਅਤੇ ਮਨੁੱਖੀ ਤੇ ਜੀਵ ਜੰਤੂਆਂ ਦੀ ਸਿਹਤ ਤੇ ਵੀ ਮਾੜਾ ਅਸਰ ਪੈਦਾ ਹੈ। ਉਨਾਂ੍ਹ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਦੌਰ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਨਾ ਲੱਗਾ ਕੇ ਅਤੇ ਖੇਤਾਂ ਵਿੱਚ ਮਿੱਟੀ ਦੀ ਸੰਭਾਲ ਕਰਕੇ ਵਾਤਵਰਣ ਦੇ ਪ੍ਰਦੂਸ਼ਨ ਨੂੰ ਘੱਟ ਕੀਤਾ ਜਾ ਸਕਦਾ ਹੈ।

ਉਨਾਂ੍ਹ ਦੱਸਿਆ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਜਿਵੇਂ ਡੇਅਰੀ ਫਾਰਮਿੰਗ, ਪਸ਼ੂ ਪਾਲਣ ਆਦਿ ਵੀ ਅਪਨਾਉਣ ਅਤੇ ਘੱਟੋ ਘੱਟ ਆਪਣੇ ਘਰੇਲੂ ਇਸਤੇਮਾਲ ਲਈ ਕੁਝ ਜਗਾ੍ਹ ਵਿੱਚ ਜੈਵਿਕ ਸਬਜੀਆਂ ਉਗਾਉਣ ਅਤੇ ਜੇਕਰ ਕਿਸਾਨ ਸਵੈ-ਸਹਾਇਤਾ ਗਰੁੱਪ ਬਣਾ ਕੇ ਕੰਮ ਕਰਨਾ ਚਾਹੁੰਦੇ ਹਨ ਤਾਂ ਆਪਣੇ ਬਲਾਕ ਦੇ ਖੇਤੀਬਾੜੀ ਅਫਸਰ ਨਾਲ ਸੰਪਰਕ ਕਰਨ।

Advertisement
Advertisement
Advertisement
Advertisement
Advertisement
error: Content is protected !!