ਲਖੀਮਪੁਰ ਕਤਲ ਕਾਂਡ:
ਦੇਸ਼ ਭਗਤ ਹਾਲ ‘ਚ ਹੋਈ ਸ਼ੋਕ ਸਭਾ
ਜ਼ਬਰ ਦੇ ਜੋਰ ਨਹੀਂ ਦੱਬਦੀ ਹੱਕਾਂ ਦੀ ਆਵਾਜ਼: ਦੇਸ਼ ਭਗਤ ਕਮੇਟੀ
ਪ੍ਰਦੀਪ ਕਸਬਾ , ਜਲੰਧਰ: (4 ਅਕਤੂਬਰ) 2021
ਦੇਸ਼ ਭਗਤ ਯਾਦਗਾਰ ਕਮੇਟੀ ਨੇ ਲਖੀਮਪੁਰ ਕਤਲ ਕਾਂਡ ਖ਼ਿਲਾਫ਼ ਸ਼ੋਕ ਸਭਾ ਕਰਕੇ ਤਿੱਖੇ ਰੋਸ ਦਾ ਪ੍ਰਗਟਾਵਾ ਕਰਦਿਆਂ ਜਿੱਥੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਸਾਕ-ਸਬੰਧੀਆਂ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ, ਉਥੇ ਇਹ ਅਹਿਦ ਵੀ ਲਿਆ ਕਿ ਮੁਲਕ ਅੰਦਰ ਆਜ਼ਾਦ, ਜਮਹੂਰੀ, ਖੁਸ਼ਹਾਲ, ਸਾਂਝੀਵਾਲਤਾ ਅਤੇ ਨਿਆਂ ਭਰਿਆ ਨਿਜ਼ਾਮ ਸਿਰਜਣ ਲਈ ਕੁਰਬਾਨੀਆਂ ਦਾ ਸੁਨਹਿਰੀ ਇਤਿਹਾਸ ਸਿਰਜਣ ਵਾਲੀ, ਗ਼ਦਰ ਲਹਿਰ ਦੀ ਵਾਰਸ ਦੇਸ਼ ਭਗਤ ਯਾਦਗਾਰ ਕਮੇਟੀ ਕਿਸਾਨਾਂ ਦੀ ਡੁੱਲ੍ਹੀ ਰੱਤ ਖਿਲਾਫ਼ ਜਨ ਸਮੂਹ ਨੂੰ ਚੇਤਨ ਕਰਦਿਆਂ, ਕਾਲ਼ੇ ਖੇਤੀ ਅਤੇ ਕਿਰਤ ਕਾਨੂੰਨਾਂ ਦੀ ਵਾਪਸੀ ਲਈ ਸੰਗਰਾਮ ਜਾਰੀ ਰੱਖਣ ਦਾ ਬੁਲੰਦ ਕਰਨ ਲਈ ਆਪਣਾ ਬਣਦਾ ਯੋਗਦਾਨ ਜਾਰੀ ਰੱਖੇਗੀ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਦੀ ਪ੍ਰਧਾਨਗੀ ‘ਚ ਹੋਈ ਸ਼ੋਕ ਸਭਾ ‘ਚ ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਖਜ਼ਾਨਚੀ ਰਣਜੀਤ ਸਿੰਘ ਔਲਖ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਚਰੰਜੀ ਲਾਲ ਕੰਗਣੀਵਾਲ ਅਤੇ ਸੁਰਿੰਦਰ ਕੁਮਾਰੀ ਕੋਛੜ ਨੇ ਜਿੰਦਾਂ ਵਾਰ ਗਏ ਕਿਸਾਨਾਂ ਨੂੰ ਸ਼ਰਧਾਂਜ਼ਲੀ ਅਰਪਣ ਕਰਦਿਆਂ ਮੋਦੀ-ਯੋਗੀ ਹਕੂਮਤ ਨੂੰ ਚਿਤਾਵਨੀ ਦਿੱਤੀ ਕਿ ਉਹ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਲੈਣਾ ਛੱਡਕੇ, ਖੇਤੀ ਕਾਨੂੰਨਾਂ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟਣ ਦੀ ਹੱਕੀ ਲੋਕ ਆਵਾਜ਼ ਪ੍ਰਵਾਨ ਕਰੇ। ਬੁਲਾਰਿਆਂ ਨੇ ਕਿਹਾ ਕਿ ਅਜੇ ਵੀ ਵੇਲਾ ਹੈ ਕਿ ਮੋਦੀ ਹਕੂਮਤ ਲਹੂ ਨਾਲ ਕੰਧ ‘ਤੇ ਲਿਖਿਆ ਪੜ੍ਹ ਲਵੇ ਕਿ ਇਤਿਹਾਸ ਅੰਦਰ ਜ਼ਬਰ ਦੇ ਜੋਰ ਕਦੇ ਵੀ ਹੱਕਾਂ ਦੀ ਲਹਿਰ ਦਬਿਆ ਨਹੀਂ ਕਰਦੀ।
ਅੱਜ ਮੁਲਕ ਭਰ ‘ਚ ਜਿਲ੍ਹਾ ਹੈਡਕੁਆਟਰਾਂ ‘ਤੇ ਕਿਸਾਨ ਜਥੇਬੰਦੀਆਂ ਵਲੋਂ ਭੇਜੇ ਰਾਸ਼ਟਰਪਤੀ ਦੇ ਨਾਂਅ ਵਾਲੇ ਮੰਗ ਪੱਤਰ ਦੀ ਕਮੇਟੀ ਨੇ ਵੀ ਡਟਵੀਂ ਹਮਾਇਤ ਕਰਦਿਆਂ ਮੰਗ ਕੀਤੀ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਨੂੰ ਬਰਖਾਸਤ ਕੀਤਾ ਜਾਏ। ਕੇਂਦਰੀ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ‘ਮੋਨੀ’ ਅਤੇ ਉਸਦੇ ਲੈਫਟੈਣਾਂ ਨੂੰ ਤੁਰੰਤ 302 ਦਾ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਏ। ਹਰਿਆਣਾ ਦੇ ਮੁੱਖ ਮੰਤਰੀ ਖਟੜ ਵੱਲੋਂ ਭੜਕਾਹਟ ਭਰੇ ਬਿਆਨ ਦਾਗ ਕੇ ਹਿੰਸਕ ਮਾਹੌਲ ਬਣਾਉਣ ਦੇ ਦੋਸ਼ ਤਹਿਤ ਬਰਖ਼ਾਸਤ ਕੀਤਾ ਜਾਏ।