300 ਬੈਡ ਦੇ ਹਸਪਤਾਲ ‘ਚ ਹੋਊ ਹਰ ਤਰਾਂ ਦੀਆਂ ਬੀਮਾਰੀਆਂ ਦਾ ਇਲਾਜ, ਹੁਣ ਇਲਾਕੇ ਦੇ ਲੋਕਾਂ ਨੂੰ ਨਹੀਂ ਪੈਣੀ P G I ਜਾਣ ਦੀ ਲੋੜ- ਉ.ਪੀ ਸੋਨੀ
ਸਿਵਲ ਹਸਪਤਾਲ ਬਰਨਾਲਾ ਲਈ ਵੀ 2 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਕੀਤਾ ਐਲਾਨ
ਲੋਕਾਂ ਨੂੰ ਰੜਕਦੀ ਰਹੀ ਆਪ ਛੱਡ ਕੇ ਨਵੇਂ ਕਾਂਗਰਸੀ ਬਣੇ ਐਮ.ਐਲ.ਏ. ਪਿਰਮਲ ਸਿੰਘ ਦੀ ਗੈਰਹਾਜ਼ਰੀ
ਹਰਿੰਦਰ ਨਿੱਕਾ , ਬਰਨਾਲਾ 2 ਅਕਤੂਬਰ 2021
ਸੂਬੇ ਦੇ ਡਿਪਟੀ ਮੁੱਖ ਮੰਤਰੀ ੳਮ ਪ੍ਰਕਾਸ਼ ਸੋਨੀ ਨੇ ਅੱਜ ਬਰਨਾਲਾ-ਬਠਿੰਡਾ ਹਾਈਵੇ ਤੇ ਪੈਂਦੇ ਪਿੰਡ ਹੰਡਿਆਇਆ ਦੀ ਹੱਦ ਤੇ ਮਾਲਵਾ ਪੱਧਰ ਦੇ ਮਲਟੀਸਪੈਸ਼ਲਿਟੀ ਹਸਪਤਾਲ ਤੇ ਟਰਾਮਾ ਸੈਂਟਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ, ਸਿਹਤ ਵਿਭਾਗ ਦੇ ਡਾਇਰੈਕਟਰ ਗੁਰਿੰਦਰਬੀਰ ਸਿੰਘ, ਸਿਵਲ ਸਰਜ਼ਨ ਡਾਕਟਰ ਜਸਵੀਰ ਸਿੰਘ ਔਲਖ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ, ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ,ਮਾਰਕਿਟ ਕਮੇਟੀ ਬਰਨਾਲਾ ਦੇ ਚੇਅਰਮੈਨ ਅਸ਼ੋਕ ਮਿੱਤਲ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਮੰਚ ਸੰਚਾਲਨ ਦੀ ਭੂਮਿਕਾ ਏ.ਪੀ.ਆਰ.ੳ ਜਗਵੀਰ ਕੌਰ ਨੇ ਬਾਖੂਬੀ ਨਿਭਾਈ। ਇਸ ਮੌਕੇ ਆਪ ਤੋਂ ਤਾਜ਼ੇ ਕਾਂਗਰਸੀ ਬਣੇ ਵਿਧਾਇਕ ਪਰਿਮਲ ਸਿੰਘ ਖਾਲਸਾ ਦੀ ਗੈਰਹਾਜ਼ਰੀ ਵੀ ਸਾਰਿਆਂ ਨੂੰ ਰੜਕਦੀ ਰਹੀ।
ਡਿਪਟੀ ਮੁੱਖ ਮੰਤਰੀ ੳਮ ਪ੍ਰਕਾਸ਼ ਸੋਨੀ ਨੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨਾਂ ਲਈ ਫਖਰ ਵਾਲੀ ਗੱਲ ਹੈ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਦੇਸ਼ ਦੇ ਸਾਬਕਾ ਪ੍ਰਧਾਨਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਜੀ ਦੇ ਜਨਮ ਦਿਨ ਮੌਕੇ ਮਲਟੀਸਪੈਸ਼ਲਿਟੀ ਹਸਪਤਾਲ ਤੇ ਟਰਾਮਾ ਸੈਂਟਰ ਦਾ ਨੀਂਹ ਪੱਥਰ ਰੱਖਿਆ ਹੈ। ਉਨਾਂ ਕਿਹਾ ਕਿ ਸਾਡੀ ਸਰਕਾਰ ਨੇ ਮਾਲਵਾ ਇਲਾਕੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਮੰਸ਼ਾ ਨਾਲ ਹੀ 300 ਬੈਡ ਦੇ ਮਲਟੀਸਪੈਸ਼ਲਿਟੀ ਹਸਪਤਾਲ ਦੀ ਨੀਂਹ ਰੱਖੀ ਹੈ ਤਾਂਕਿ ਇਲਾਕੇ ਦੇ ਲੱਖਾਂ ਲੋਕਾਂ ਨੂੰ ਇਲਾਕੇ ਤੋਂ ਕਾਫੀ ਦੂਰ ਪੈਂਦੇ ਪੀਜੀਆਈ ਚੰਡੀਗੜ੍ਹ ਵਰਗੇ ਵੱਡੇ ਹਸਪਤਾਲ ਵਿੱਚ ਜਾਣ ਦੀ ਲੋੜ ਹੀ ਨਾ ਪਵੇ। ਉਨਾਂ ਕਿਹਾ ਕਿ ਬਹੁਕਰੋੜੀ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਹਰ ਬੀਮਾਰੀ ਦਾ ਇਲਾਜ ਹੋਵੇਗਾ ਅਤੇ ਟਰਾਮਾ ਸੈਂਟਰ ਦੀ ਸਹੂਲਤ ਨੇੜੇ ਹੀ ਮਿਲ ਜਾਣ ਕਾਰਣ ਹਾਦਸਾਗ੍ਰਸਤ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਵਿੱਚ ਵੀ ਸਫਲਤਾ ਮਿਲੇਗੀ। ਉ.ਪੀ. ਸੋਨੀ ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਨਹੀਂ ਖੁੰਝੇ। ਉਨਾਂ ਕਿਹਾ ਕਿ ਪੰਜਾਬ ਵਿੱਚ ਆ ਕੇ ਲੋਕਾਂ ਨੂੰ ਚੰਗੇ ਇਲਾਜ ਦੀ ਗਾਰੰਟੀ ਦੇਣ ਵਾਲੇ ਨੂੰ ਮੈਂ ਕਹਿੰਦਾ ਹਾਂ ਕਿ ਜੋ ਕੁਝ ਦੀ ਤੁਸੀਂ ਗਰੰਟੀ ਆਪਣੀ ਸਰਕਾਰ ਆਉਣ ਤੋਂ ਬਾਅਦ ਦੇਣ ਦੀ ਗੱਲ ਕਰਦੇ ਹੋ, ਉਹ ਕੁੱਝ ਤਾਂ ਸਾਡੀ ਸਰਕਾਰ ਹੁਣ ਹੀ ਦੇ ਰਹੀ ਹੈ। ਸੋਨੀ ਨੇ ਤੰਜ ਕਸਦਿਆਂ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਸਮੇਂ ਦਿੱਲੀ ਦੇ ਲੋਕ ਤਾਂ ਪੰਜਾਬ ਅੰਦਰ ਇਲਾਜ ਕਰਵਾਉਣ ਲਈ ਆਉਂਦੇ ਰਹੇ ਹਨ। ਜਿੰਨਾਂ ਲਈ ਪੰਜਾਬ ਸਰਕਾਰ ਨੇ ਆਪਣੇ ਹਸਪਤਾਲਾਂ ਦੇ ਬੂਹੇ ਖੋਹਲ ਕੇ ਰੱਖੇ ਸਨ। ਸੋਨੀ ਨੇ ਕਿਹਾ ਕਿ ਅਰਵਿੰਦ ਕੇਜ਼ਰੀਵਾਲ ਨੇ ਗਰੀਬ ਲੋਕਾਂ ਨੂੰ 300 ਯੂਨਿਟ ਬਿਜਲੀ ਮੁਆਫ ਕਰਨ ਦੀ ਗਾਰੰਟੀ ਦਾ ਐਲਾਨ ਕੀਤਾ, ਜਦੋਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਹੁਦਾ ਸੰਭਾਲਦਿਆਂ ਹੀ ਹੁਣ ਤੋਂ ਹੀ 300 ਯੂਨਿਟ ਬਿਜਲੀ ਮੁਆਫ ਕਰ ਦਿੱਤੀ ਅਤੇ ਬਿਲ ਨਾ ਭਰ ਸਕਣ ਵਾਲੇ ਗਰੀਬ ਲੋਕਾਂ ਦਾ ਬਿਲਾਂ ਦਾ ਸਾਰਾ ਬਕਾਇਆ ਵੀ ਮੁਆਫ ਕਰ ਦਿੱਤਾ।
ਉਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਲੋਕਾਂ ਨੂੰ ਸਿਰਫ ਗੁੰਮਰਾਹ ਕਰਦੀਆਂ ਹਨ ਤੇ ਕਾਂਗਰਸ ਪਾਰਟੀ ਦੀ ਸਰਕਾਰ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਡਿਪਟੀ ਮੁੱਖ ਮੰਤਰੀ ਸੋਨੀ ਨੇ ਬਰਨਾਲਾ ਵਿੱਚ ਬਣ ਰਹੇ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਟਰਾਮਾ ਸੈਂਟਰ ਬਣਾਉਣ ਦਾ ਸਿਹਰਾ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਦੇ ਸਿਰ ਹੀ ਬੰਨ੍ਹਿਆਂ। ੳਨਾਂ ਕਿਹਾ ਕਿ ਢਿੱਲੋਂ ਸਾਬ੍ਹ, ਤੁਸੀਂ ਜੋ ਵੀ ਇਲਾਕੇ ਦੇ ਵਿਕਾਸ ਲਈ ਮੰਗੋਂਗੇ, ਸਾਡੀ ਸਰਕਾਰ ਇਲਾਕੇ ਦੇ ਵਿਕਾਸ ਕੰਮਾਂ ਲਈ, ਉਹ ਤੁਹਾਨੂੰ ਦੇਵੇਗੀ। ਉਨਾਂ ਹਿਸ ਮੌਕੇ ਮੰਚ ਤੋਂ ਸਿਵਲ ਹਸਪਤਾਲ ਬਰਨਾਲਾ ਦੀਆਂ ਸਹੂਲਤਾਂ ਵਿੱਚ ਵਾਧਾ ਕਰਨ ਲਈ 2 ਕਰੋੜ ਰੁਪਏ ਦੀ ਗਰਾਂਟ ਅਲੱਗ ਤੋਂ ਦੇਣ ਦਾ ਐਲਾਨ ਵੀ ਕੀਤਾ।
-ਮੀਂਹ ਵਾਂਗ ਵਿਰੋਧੀਆਂ ਤੇ ਵਰ੍ਹਿਆ ਕੇਵਲ ਸਿੰਘ ਢਿੱਲੋਂ
ਬਹੁਕਰੋੜੀ ਮਲਟੀਸਪੈਸ਼ਲਿਟੀ ਹਸਪਤਾਲ ਤੇ ਟਰਾਮਾ ਸੈਂਟਰ ਦੇ ਨੀਂਹ ਪੱਥਰ ਸਮਾਰੋਹ ਤੋਂ ਪਹਿਲਾਂ ਤੇਜ਼ ਮੀਂਹ ਨੇ ਵੀ ਸਮਾਰੋਹ ਵਿੱਚ ਅੜਿੱਕਾ ਪਾਇਆ । ਜਿਸ ਕਾਰਣ ਸਮਾਰੋਹ ਵਿੱਚ ਪਹੁੰਚੇ ਆਮ ਲੋਕਾਂ ਨੂੰ ਕੁਰਸੀਆਂ ਗਿੱਲੀਆਂ ਹੋ ਜਾਣ ਕਾਰਣ, ਖੜ੍ਹੇ ਰਹਿ ਕੇ ਹੀ ਸਮਾਗਮ ਦੀ ਸ਼ੋਭਾ ਵਧਾਉਣ ਦਾ ਮੌਕਾ ਮਿਲਿਆ। ਸਮਾਰੋਹ ਮੌਕੇ ਮੀਂਹ ਪੈਣ ਨੂੰ ਜਿੱਥੇ ਅਕਾਲੀਆਂ ਨੇ ਸ਼ੋਸ਼ਲ ਮੀਡੀਆ ਤੇ ਢਿੱਲੋਂ ਤੇ ਸ਼ਨੀ ਦੇ ਢਾਈਏ ਦੀ ਕਰੋਪੀ ਕਰਾਰ ਦਿੱਤਾ। ਉੱਥੇ ਹੀ ਕੇਵਲ ਸਿੰਘ ਢਿੱਲੋਂ ਨੇ ਮੀਂਹ ਬਾਰੇ ਬੋਲਦਿਆਂ ਕਿਹਾ ਕਿ ਆਹ ਦੇਖ ਲਉ ਇੰਦਰ ਦੇਵਤਾ ਵੀ ਖੁਸ਼ ਹੋ ਗਿਆ ਹੈ ਤੇ ਮੀਂਹ ਵਰਸਾ ਕੇ ਲੋਕਾਂ ਨੂੰ ਖੁਸ਼ੀ ਮਨਾਉਣ ਦਾ ਮੌਕਾ ਪ੍ਰਦਾਨ ਕੀਤਾ ਹੈ। ਕੇਵਲ ਸਿੰਘ ਢਿੱਲੋਂ ਵਿਕਾਸ ਕੰਮਾਂ ਤੇ ਟਿੱਪਣੀਆਂ ਕਰਨ ਵਾਲੇ ਆਪਣੇ ਵਿਰੋਧੀਆਂ ਤੇ ਵੀ ਮੀਂਹ ਵਾਂਗ ਹੀ ਵਰ੍ਹਿਆ। ਢਿੱਲੋ ਨੇ ਕਿਹਾ ਕਿ ਰਾਜਸੀ ਵਿਰੋਧੀ ਪਾਰਟੀਆਂ ਉਨਾਂ ਵੱਲੋਂ ਕਰਵਾਏ ਵਿਕਾਸ ਕੰਮਾਂ ਦੇ ਸਾੜਾ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕਰਦੇ ਰਹਿੰਦੇ ਹਨ। ਉਨਾਂ ਦਾਵਾ ਕੀਤਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਇਲਾਕੇ ਵਿੱਚ ਕੋਈ ਵਿਕਾਸ ਕੰਮ ਨਹੀਂ ਕਰਵਾ ਸਕੇ। ਉਨਾਂ ਕਰੀਬ 15 ਵਰ੍ਹੇ ਪਹਿਲਾਂ ਬਰਨਾਲਾ ਨੂੰ ਜਿਲ੍ਹਾ ਬਣਾਏ ਦੀ ਆਪਣੀ ਪ੍ਰਾਪਤੀ ਨੂੰ ਹਰ ਵਾਰ ਦੀ ਤਰਾਂ ਫਿਰ ਦੁਹਰਾਉਂਦਿਆਂ ਕਿਹਾ ਕਿ ਬਰਨਾਲਾ ਇਲਾਕੇ ਤੋਂ ਜਿੱਤ ਕੇ ਮੁੱਖ ਮੰਤਰੀ ਸਣੇ, ਹੋਰ ਵੱਡੇ ਵੱਡੇ ਅਹੁਦਿਆਂ ਤੇ ਰਹੇ ਆਗੂਆਂ ਤੋਂ ਵੀ ਜਿਲ੍ਹਾ ਨਹੀਂ ਸੀ ਬਣਾਇਆ ਗਿਆ।
ਉਨਾਂ ਕਿਹਾ ਕਿ ਮਲਟੀਸਪੈਸ਼ਲਿਟੀ ਹਸਪਤਾਲ ਤੇ ਟਰਾਮਾ ਸੈਂਟਰ ਵੀ ਇਲਾਕੇ ਲਈ ਜਿਲ੍ਹਾ ਬਣਾਏ ਜਾਣ ਤੋਂ ਵੀ ਵੱਡੀ ਪ੍ਰਾਪਤੀ ਹੈ। ਜਿਸ ਨਾਲ ਬਰਨਾਲਾ ਹੀ ਨਹੀਂ ਮਾਲਵੇ ਦੇ ਲੋਕਾਂ ਨੂੰ ਹੀ ਵੱਡੀ ਸਹੂਲਤ ਮਿਲੇਗੀ। ਉਨਾਂ ਕਿਹਾ ਕਿ 30 ਦਿਨਾਂ ਦੇ ਅੰਦਰ ਅੰਦਰ ਹੀ ਹਸਪਤਾਲ ਦਾ ਨਿਰਮਾਣ ਤੇਜ਼ੀ ਨਾਲ ਸ਼ੁਰੂ ਕਰਵਾ ਦਿੱਤਾ ਜਾਵੇਗਾ। ਜਿਸ ਨਾਲ ਵਿਰੋਧੀਆਂ ਦੇ ਮੂੰਹ ਆਪਣੇ ਆਪ ਬੰਦ ਹੋ ਜਾਣਗੇ।
ਕੇਵਲ ਸਿੰਘ ਢਿੱਲੋਂ ਨੇ ਉਸ ਨੂੰ ਲੋਕ ਸਭਾ ਚੋਣ ਸਮੇਂ ਹਰਾਉਣ ਵਾਲੇ ਐਮ.ਪੀ. ਭਗਵੰਤ ਮਾਨ ਅਤੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਤੋਂ ਰੋਕਣ ਵਾਲੇ ਐਮ.ਐਲ.ਏ. ਗੁਰਮੀਤ ਸਿੰਘ ਮੀਤ ਹੇਅਰ ਤੇ ਵੀ ਨਿਸ਼ਾਨਾ ਸਾਧਿਆ। ਢਿੱਲੋਂ ਨੇ ਕਿਹਾ ਕਿ ਮਾਨ ਤੇ ਹੇਅਰ ਨੂੰ ਮੈਂ ਚੈਲੰਜ ਕਰਦਾ ਹਾਂ ਕਿ ਉਹ ਇਲਾਕੇ ਅੰਦਰ ਇੱਕ ਵੀ ਵਿਕਾਸ ਦਾ ਕੰਮ ਗਿਣ ਕੇ ਦਿਖਾ ਦੇਣ, ਉਹ ਦੋਵੇਂ ਵਿਕਾਸ ਕੰਮ ਤਾਂ ਕਰਵਾ ਨਹੀਂ ਸਕੇ, ਬਲਿਕ ਆਪਣੀਆਂ ਨਕਾਮੀਆਂ ਨੂੰ ਛੁਪਾਉਣ ਲਈ ਲੋਕਾਂ ਨੂੰ ਫਿਜੂਲ ਦੀਆਂ ਗੱਲਾਂ ਕਰਕੇ ਗੁੰਮਰਾਹ ਕਰਦੇ ਰਹਿੰਦੇ ਹਨ। ਇਸ ਮੌਕੇ ਡੀਆਈਜੀ ਗੁਰਪ੍ਰੀਤ ਸਿੰਘ ਤੂਰ, ਐਸਐਸਪੀ ਭਗੀਰਥ ਸਿੰਘ ਮੀਨਾ, ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ,ਕਾਂਗਰਸੀ ਆਗੂ ਸੁਰਿੰਦਰ ਕੌਰ ਬਾਲੀਆਂ,ਸੀਨੀਅਰ ਕਾਂਗਰਸੀ ਆਗੂ ਕਨਵਰਇੰਦਰ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਬੈਂਬੀ, ਐਸ.ਡੀ.ਐਮ. ਸ੍ਰੀ ਵਰਜੀਤ ਵਾਲੀਆਂ, ਸਹਾਇਕ ਕਮਿਸ਼ਨਰ (ਜ) ਸ੍ਰੀ ਦੇਵਦਰਸ਼ਦੀਪ ਸਿੰਘ, ਐਸ.ਪੀ ਪਲਵਿੰਦਰ ਸਿੰਘ ਚੀਮਾ, ਐਸ.ਪੀ ਜਗਵਿੰਦਰ ਸਿੰਘ ਚੀਮਾ,ਡੀਐਸਪੀ ਲਖਵੀਰ ਸਿੰਘ ਟਿਵਾਣਾ, ਡੀਐਸਪੀ ਬ੍ਰਿਜ ਮੋਹਨ, ਚੇਅਰਮੈਨ ਜੀਵਨ ਬਾਂਸਲ, ਰਾਜੀਵ ਲੂਬੀ, ਹਰਵਿੰਦਰ ਚਹਿਲ, ਰਾਕੇਸ਼ ਭੋਲਾ, ਵਿਜੈ ਕੁਮਾਰ, ਹੈਪੀ ਢਿੱਲੋਂ, ਦੀਪ ਸੰਘੇੜਾ, ਵਰੁਣ ਗੋਇਲ , ਕਾਂਗਰਸ ਦੀ ਜਿਲਾ ਪ੍ਰਧਾਨ ਰੂਪੀ ਕੌਰ ਹੰਡਿਆਇਆ, ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਤੇ ਹੋਰ ਕਾਂਗਰਸੀ ਆਗੂ ਤੇ ਵਰਕਰ ਵੀ ਹਾਜ਼ਰ ਰਹੇ।