ਮੌਕੇ ਤੇ ਪਹੁੰਚੇ ਪ੍ਰਸ਼ਾਸ਼ਨਿਕ ਅਧਿਕਾਰੀ, ਔਰਤ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜ਼ਾਰੀ
ਹਰਿੰਦਰ ਨਿੱਕਾ , ਬਰਨਾਲਾ 1 ਅਕਤੂਬਰ 2021
ਜਿਲ੍ਹੇ ਦੇ ਨੰਗਲ ਪਿੰਡ ‘ਚ ਅੱਜ ਉਸ ਸਮੇਂ ਭਾਰੀ ਹੰਗਾਮਾਂ ਖੜ੍ਹਾ ਹੋ ਗਿਆ, ਜਦੋਂ ਆਪਣੇ ਸੌਹਰੇ ਪਰਿਵਾਰ ਤੋਂ ਦੁਖੀ ਇੱਕ ਨੂੰਹ ਆਪਣੇ ਇੱਕ ਬੇਟੇ ਸਮੇਤ ਰੋਸ ਵਜੋਂ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀ ਤੇ ਕਰਮਚਾਰੀ ਮੌਕੇ ਵਾਲੀ ਥਾਂ ਤੇ ਪਹੁੰਚ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਟੈਂਕੀ ਤੇ ਚੜ੍ਹੀ ਔਰਤ ਮਨਦੀਪ ਦੇਵੀ ਪੁੱਤਰੀ ਪਰਸ਼ਰਾਮ ਹਾਲ ਵਾਸੀ ਨੰਗਲ ਦੀ ਸ਼ਾਦੀ ਕਰੀਬ 17 ਵਰ੍ਹੇ ਪਹਿਲਾਂ ਪੰਜਾਗਰਾਈਆਂ ਪਿੰਡ ਦੇ ਰਹਿਣ ਵਾਲੇ ਰਾਜ ਕੁਮਾਰ ਨਾਲ ਹੋਈ ਸੀ। ਵਿਆਹ ਤੋਂ ਬਾਅਦ ਉਸ ਦੀ ਕੁੱਖੋਂ 2 ਬੱਚੇ ਪੈਦਾ ਹੋਏ। ਪਰੰਤੂ ਕਾਫੀ ਅਰਸਾ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ। ਬ੍ਰਾਹਮਣ ਪਰਿਵਾਰ ਨਾਲ ਸਬੰਧਿਤ ਮਨਦੀਪ ਦੇਵੀ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਸੌਹਰੇ ਪਰਿਵਾਰ ਦਾ ਰਵੱਈਆ ਪੂਰੀ ਤਰਾਂ ਬਦਲ ਗਿਆ। ਸੌਹਰੇ ਪਰਿਵਾਰ ਵੱਲੋਂ ਉਸ ਦੇ ਪਤੀ ਦੇ ਹਿੱਸੇ ਦੀ ਜਮੀਨ ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਦੇਣ ਤੋਂ ਕੋਰਾ ਜੁਆਬ ਦੇ ਦਿੱਤਾ। ਕਈ ਸਾਲ ਤੋਂ ਮੈਂ ਆਪਣਾ ਤੇ ਆਪਣੇ ਬੱਚਿਆਂ ਦਾ ਹੱਕ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੀ ਹਾਂ। ਪਰੰਤੂ ਹਾਲੇ ਤੱਕ ਉਸ ਨੂੰ ਕੋਈ ਇਨਸਾਫ ਨਹੀਂ ਮਿਲਿਆ। ਉਸ ਨੇ ਕਿਹਾ ਕਿ ਹੁਣ ਉਸ ਨੇ ਫੈਸਲਾ ਕਰ ਲਿਆ ਕਿ ਮੈਂ ਅਜਿਹੇ ਹਾਲਤ ਵਿੱਚ ਹੁਣ ਹੋਰ ਜਿਉਂਦੇ ਨਹੀਂ ਰਹਿ ਸਕਦੀ। ਉੱਧਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਪੰਚਾਇਤ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਸੰਪਰਕ ਬਣਾ ਕੇ ਰੋਸ ਵਜੋਂ ਟੈਂਕੀ ਤੇ ਚੜ੍ਹੀ ਔਰਤ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।