ਸਵੀਪ ਮੁਹਿੰਮ ਤਹਿਤ ਵੋਟਰ ਜਾਗਰੂਕਤਾ ਸਬੰਧੀ ਕੀਤੀ ਗਈ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ
*ਵਿਦਿਆਰਥੀਆਂ ਅਤੇ ਵੱਖ-ਵੱਖ ਕਲੱਬਾਂ ਨਾਲ ਜੁੜੇ ਨੌਜਵਾਨਾਂ ਦੀ ਸ਼ਮੂਲੀਅਤ ਜ਼ਰੂਰੀ : ਦੇਵਦਰਸ਼ਦੀਪ ਸਿੰਘ
ਪਰਦੀਪ ਕਸਬਾ , ਬਰਨਾਲਾ, 30 ਸਤੰਬਰ 2021
ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਮੁੱਖ ਚੋਣਕਾਰ ਅਫ਼ਸਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਵੀਪ ਮੁਹਿੰਮ ਤਹਿਤ ਵੋਟਰਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਫ਼ੈਲਾਉਣ ਸਬੰਧੀ ਗਤੀਵਿਧੀਆਂ ਉਲੀਕਣ ਲਈ ਸਹਾਇਕ ਕਮਿਸ਼ਨਰ (ਜਨਰਲ/ਸ਼ਿਕਾਇਤਾਂ) ਅਤੇ ਨੋਡਲ ਅਫਸਰ ਸਵੀਪ ਸ. ਦੇਵਦਰਸ਼ਦੀਪ ਸਿੰਘ ਵੱਲੋਂ ਵੱਖ-ਵੱਖ ਅਧਿਕਾਰੀਆਂ ਨਾਲ ਆਪਣੇ ਦਫਤਰ ਵਿਖੇ ਅੱਜ ਇੱਕ ਮੀਟਿੰਗ ਕੀਤੀ ਗਈ।
ਇਸ ਮੌਕੇ ਉਨਾਂ ਕਿਹਾ ਕਿ ਸਵੀਪ ਮੁਹਿੰਮ ਤਹਿਤ ਵੋਟਰ ਜਾਗਰੂਕਤਾ ਵਾਸਤੇ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾਣ ਤਾਂ ਜੋ ਵੱਧ ਤੋਂ ਵੱਧ ਵੋਟਰਾਂ ਨੂੰ ਵੋਟ ਦੇ ਅਧਿਕਾਰ ਬਾਰੇ ਜਾਣੂੰ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਵਿਚ ਸਕੂਲਾਂ/ਕਾਲਜਾਂ/ਯਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਵੱਖ-ਵੱਖ ਕਲੱਬਾਂ ਨਾਲ ਜੁੜੇ ਨੌਜਵਾਨਾਂ ਦੀ ਸ਼ਮੂਲੀਅਤ ਬੇਹੱਦ ਜ਼ਰੂਰੀ ਹੈ।
ਇਸ ਮੌਕੇ ਤਹਿਸੀਲਦਾਰ ਚੋਣਾਂ ਸ੍ਰੀ ਵਿਜੈ ਕੁਮਾਰ ਨੇ ਦੱਸਿਆ ਕਿ ਵੋਟਰ ਸੂਚੀ ਵਿਚ ਵੇਰਵਿਆਂ ਦੀ ਜਾਂਚ ਲਈ ਵੋਟਰ ਹੈਲਪਲਾਈਨ ਐਪ ਹੈ, ਜਿਸ ਨੂੰ ਵੋਟਰ ਡਾਊਨਲੋਡ ਕਰ ਸਕਦਾ ਹੈ। ਇਸ ਤੋਂ ਇਲਾਵਾ ਦਿਵਿਆਂਗ ਵੋਟਰ ਜਾਂ ਹੋਰ ਵੋਟਰ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਟੌਲ ਫ੍ਰੀ ਨੰਬਰ 1950 ’ਤੇ ਕਾਲ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ ਸੀਨੀਅਰ ਸਿਟੀਜ਼ਨਾਂ (80 ਤੋਂ ਵੱਧ ਉਮਰ), ਦਿਵਿਆਂਗਜਨ ਤੇ ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਲਈ ਘਰ ਬੈਠੇ ਹੀ ਡਾਕ ਮੱਤ ਪੱਤਰ (ਪੋਸਟਲ ਬੈਲਟ) ਰਾਹੀਂ ਵੋਟ ਪਾਉਣ ਦੀ ਸਹੂਲਤ ਹੈ।
ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਸਰਬਜੀਤ ਸਿੰਘ ਤੂਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਅਵਾਸਪ੍ਰੀਤ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀ ਅਵਿਸ਼ੇਕ ਸਿੰਗਲਾ ਆਦਿ ਹਾਜ਼ਰ ਸਨ।