ਖੇਤੀਬਾੜੀ ਵਿਭਾਗ ਬਰਨਾਲਾ ਵੱਲੋਂ ਝੋਨੇ ਦੀ ਰਹਿੰਦ-ਖੂੰਹਦ ਦੀ ਸੰਭਾਲ ਲਈ ਕੈਂਪ
—ਪਰਾਲੀ ਦਾ ਸੁਚੱਜਾ ਨਿਬੇੜਾ ਕਰਨ ਉਤੇ ਜ਼ੋਰ
ਪ੍ਰਦੀਪ ਕਸਬਾ, ਬਰਨਾਲਾ, 28 ਸਤੰਬਰ 2021
ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਸੁਖਦੇਵ ਸਿੰਘ ਸਿੱਧੂ ਅਤੇ ਡਿਪਟੀ ਕਮਿਸ਼ਨਰ, ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਪਿੰਡ ਰਾਏਸਰ, ਬਲਾਕ ਮਹਿਲ ਕਲਾਂ, ਜਿਲਾ ਬਰਨਾਲਾ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਚਰਨਜੀਤ ਸਿੰਘ ਕੈਂਥ ਦੀ ਅਗਵਾਈ ਹੇਠ ਸੀ.ਆਰ.ਐਮ ਸਕੀਮ ਅਧੀਨ ਫਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਨਾ ਲਾਉਣ ਸਬੰਧੀ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਦੌਰਾਨ ਇਲਾਕੇ ਦੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ।
ਇਸ ਦੌਰਾਨ ਡਾ. ਜਸਮੀਨ ਸਿੱਧੂ, ਖੇਤੀਬਾੜੀ ਵਿਕਾਸ ਅਫ਼ਸਰ, ਮਹਿਲ ਕਲਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਜਿੱਥੇ ਅਸੀਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ, ਉੱਥੇ ਧਰਤੀ ਦੀ ਉਪਜਾਊ ਸ਼ਕਤੀ ਅਤੇ ਮਿੱਤਰ ਕੀੜੇ ਵੀ ਮਾਰ ਰਹੇ ਹਾਂ। ਉਨਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਹੀ ਨਵੀਆਂ ਤਕਨੀਕਾਂ (ਹੈਪੀਸੀਡਰ, ਸੁਪਰਸੀਡਰ ਆਦਿ) ਨਾਲ ਹੀ ਕਣਕ ਦੀ ਬਿਜਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੀਆਂ ਨਸਲਾਂ ਲਈ ਸ਼ੁੱਧ ਵਾਤਾਵਰਨ ਪ੍ਰਦਾਨ ਕੀਤਾ ਜਾ ਸਕੇ।
ਇਸ ਤੋਂ ਇਲਾਵਾ ਉਨਾਂਨੇ ਬਾਸਮਤੀ ਦੀ ਗੁਣਵੱਤਾ ਨੂੰ ਮੁੱਖ ਰੱਖਦੇ ਹੋਏ 9 ਵੱਖ-ਵੱਖ ਜਹਿਰਾਂ ਨਾ ਪਾਉਣ ਬਾਰੇ ਅਪੀਲ ਕੀਤੀ। ਉਨਾਂ ਹਾੜੀ ਦੀਆਂ ਫ਼ਸਲਾਂ ਦੀ ਕਾਸ਼ਤ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਆਰਥਿਕ ਕਗਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਤੀ ਵਿਗਿਆਨੀਆਂ ਵੱਲੋਂ ਸਿਫਾਰਿਸ਼ ਕੀਤੀ ਦਵਾਈ ਦੀ ਮਾਤਰਾ ਅਨੁਸਾਰ ਹੀ ਖੇਤਾਂ ਵਿੱਚ ਪਾਈ ਜਾਵੇ।
ਇਸ ਮੌਕੇ ਸਨਵਿੰਦਰਪਾਲ ਸਿੰਘ ਬੀ.ਟੀ.ਐਮ, ਮਹਿਲ ਕਲਾਂ ਨੇ ਮੱਕੀ ਦੀ ਫਸਲ ਬਾਰੇ ਅਤੇ ਆਤਮਾ ਸਕੀਮ ਅਧੀਨ ਦਿੱਤੀ ਜਾਂਦੀ ਸਹਾਇਤਾ (ਪ੍ਰਦਰਸ਼ਨੀ ਪਲਾਟ, ਟਰੇਨਿੰਗਾਂ, ਪ੍ਰਭਾਵੀ ਦੌਰੇ ਆਦਿ) ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਵਿਭਾਗ ਵੱਲੋਂ ਇੰਨਸੀਟੂ ਸਕੀਮ ਅਧੀਨ ਪਰਾਲੀ ਨੂੰ ਸਾਂਭਣ ਵਾਲੀਆਂ ਮਸ਼ੀਨਾਂ ਬਾਰੇ ਦੱਸਿਆ। ਉਨਾਂ ਕਿਸਾਨਾਂ ਨੂੰ ਐੱਮ- ਸੰਵਾਦ, ਆਈ- ਖੇਤ ਐੱਪ ਅਤੇ ਵਟਸਐੱਪ ਚੈਟ ਬੌਟ ਐੱਪ ਬਾਰੇ ਜਾਣੂ ਕਰਵਾਇਆ।ਕੈਂਪ ਦੌਰਾਨ ਖੇਤੀਬਾੜੀ ਮਾਹਿਰਾਂ ਦੀ ਟੀਮ ਵਿੱਚ ਸ੍ਰੀ ਯਾਦਵਿੰਦਰ ਸਿੰਘ ਤੁੰਗ ਏ.ਈ.ਓ, ਸ੍ਰੀ ਚਰਨ ਰਾਮ ਏ.ਈ.ਓ, ਹਰਪਾਲ ਸਿੰਘ ਖੇਤੀਬਾੜੀ ਉਪ ਨਿਰੀਖਕ, ਜਸਵਿੰਦਰ ਸਿੰਘ ਤੇ ਕਿਸਾਨ ਗੁਰਪ੍ਰੀਤ ਸਿੰਘ, ਨਛੱਤਰ ਸਿੰਘ, ਅਮਨਦੀਪ ਸਿੰਘ, ਨਾਜਰ ਸਿੰਘ, ਜਸਵੀਰ ਸਿੰਘ, ਗੁਰਦੇਵ ਸਿੰਘ, ਅਜੀਤ ਸਿੰਘ, ਨੈਬ ਸਿੰਘ, ਪ੍ਰੀਤਮ ਚੰਦ ਸੈਕਟਰੀ ਆਦਿ ਹਾਜ਼ਰ ਸਨ।
Advertisement