ਕੈਪਟਨ ਅਮਰਿੰਦਰ ਦੀ ਹਾਈਕਮਾਨ ਨੂੰ ਨਸੀਹਤ, ਸਿੱਧੂ ਦਾ ਅਸਤੀਫਾ ਪ੍ਰਵਾਨ ਕਰ ਲਉ
ਪੰਜਾਬ ਕਾਂਗਰਸ ਵਿੱਚ ਆਇਆ ਫਿਰ ਵੱਡਾ ਭੁਚਾਲ, ਮੂੰਹ ਵਿੱਚ ਹੀ ਰਹਿ ਗਏ ਵਿਭਾਗ ਵੰਡਣ ਦੀ ਖੁਸ਼ੀ ਵਿੱਚ ਵੰਡੇ ਲੱਡੂ
ਏ.ਐਸ.ਅਰਸ਼ੀ, ਚੰਡੀਗੜ੍ਹ , 28 ਸਤੰਬਰ 2021
ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰ ਦੇਣ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਦਾ ਤਾਜ਼ ਨਵਜੋਤ ਸਿੰਘ ਸਿੱਧੂ ਦੇ ਸਿਰ ਸਜਾ ਦੇਣ ਤੋਂ ਬਾਅਦ ਵੀ ਪੰਜਾਬ ਕਾਂਗਰਸ ਵਿੱਚ ਆਇਆ ਸਿਆਸੀ ਭੂਚਾਲ ਹੋਰ ਵੀ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ। ਹਾਲੇ ਅੱਜ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਮੰਤਰੀ ਮੰਡਲ ਦੇ ਸਾਥੀਆਂ ਨੂੰ ਵਿਭਾਗਾਂ ਦੀ ਵੰਡ ਕੀਤੀ ਗਈ ਸੀ।
ਫੇਸਬੁੱਕ ਅਤੇ ਸ਼ੋਸ਼ਲ ਮੀਡੀਆ ਦੇ ਹੋਰ ਪਲੇਟਫਾਰਮਾਂ ਉੱਤੇ ਮੰਤਰੀਆਂ ਦੇ ਸਮਰੱਥਕਾਂ ਵੱਲੋਂ ਲੱਡੂ ਵੰਡ ਕੇ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ। ਇਸੇ ਦੌਰਾਨ ਹੀ ਨਵਜੋਤ ਸਿੰਘ ਸਿੱਧੂ ਨੇ ਪ੍ਰਦੇਸ਼ ਦੀ ਪ੍ਰਧਾਨਗੀ ਤੋਂ ਅਚਾਣਕ ਹੀ ਅਸਤੀਫਾ ਦੇਣ ਤੋਂ ਬਾਅਦ ਵੰਡੇ ਜਾ ਰਹੇ ਲੱਡੂ ਕਾਂਗਰਸੀਆਂ ਨੂੰ ਕੌੜੇ ਲੱਗਣ ਲੱਗ ਪਏ। ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਉਨਾਂ ਦੇ ਹੱਕ ਵਿੱਚ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਨੇ ਵੀ ਮੰਤਰੀ ਪਦ ਤੋਂ ਅਸਤੀਫਾ ਦੇ ਦਿੱਤਾ ਗਿਆ। ਉੱਧਰ ਪਾਰਟੀ ਦੇ ਦੋ ਹੋਰ ਸੂਬਾਈ ਅਹੁਦੇਦਾਰਾਂ ਨੇ ਵੀ ਸਿੱਧੂ ਦੇ ਪੱਖ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਉੱਧਰ ਪ੍ਰਗਟ ਸਿੰਘ ਵੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਨਾਲ ਸਿੱਧੂ ਦੀ ਪਟਿਆਲਾ ਰਿਹਾਇਸ਼ ਤੇ ਪਹੁੰਚ ਗਏ ਹਨ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸ ਹਾਈਕਮਾਨ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਸਿੱਧੂ ਦਾ ਅਸਤੀਫਾ ਪ੍ਰਵਾਨ ਕਰ ਲੈਣ, ਉਨਾਂ ਕਿਹਾ ਕਿ ਸਿੱਧੂ ਟਿਕਾਊ ਨੇਤਾ ਨਹੀਂ ਹੈ। ਉਹ ਆਨੇ ਬਹਾਨੇ ਹੋਰ ਪਾਰਟੀ ਵਿੱਚ ਜਾਣਾ ਚਾਹੁੰਦੇ ਹਨ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਠਰ੍ਹਮਾ ਰੱਖੋ , ਕੱਲ੍ਹ ਤੱਕ ਕਾਗਰਸ ਦਾ ਕਲੇਸ਼ ਠੀਕ ਕਰ ਲਿਆ ਜਾਵੇਗਾ।