ਸਹਾਇਕ ਸੁਪਰਡੈਂਟ ਜੇਲ੍ਹ ਦੀ ਸ਼ਕਾਇਤ ਤੇ 1 ਕੈਦੀ ਤੇ 2 ਹਵਾਲਾਤੀਆਂ ਤੇ ਡਿਊਟੀ ਵਿੱਚ ਅੜਿੱਕਾ ਪਾਉਣ ਦਾ ਕੇਸ ਦਰਜ਼
ਹਰਿੰਦਰ ਨਿੱਕਾ , ਬਰਨਾਲਾ 28 ਸਤੰਬਰ 2021
ਜਿਲ੍ਹਾ ਜੇਲ੍ਹ ਬਰਨਾਲਾ ਵਿੱਚ ਮਰੀਜਾਂ ਨੂੰ ਦਵਾਈਆਂ ਦੇ ਰਹੇ ਜੇਲ੍ਹ ਵਿਖੇ ਤਾਇਨਾਤ ਮੈਡੀਕਲ ਅਫਸਰ ਦੇ ਇੱਕ ਹਵਾਲਾਤੀ ਨੇ ਥੱਪੜ ਜੜ੍ਹ ਦਿੱਤਾ। ਜਦੋਂਕਿ ਹਵਾਲਾਤੀ ਦੇ 2 ਹੋਰ ਸਾਥੀਆਂ ਨੇ ਮੈਡੀਕਲ ਅਫਸਰ ਨੂੰ ਗਾਲੀ ਗਲੋਚ ਵੀ ਕੀਤਾ। ਥਾਣਾ ਸਿਟੀ 1 ਬਰਨਾਲਾ ਵਿਖੇ ਪੁਲਿਸ ਨੇ ਜੇਲ੍ਹ ਬੰਦ, ਨਾਮਜ਼ਦ ਤਿੰਨ ਦੋਸ਼ੀਆਂ ਖਿਲਾਫ ਸਰਕਾਰੀ ਮੁਲਾਜ਼ਮ ਦੀ ਡਿਊਟੀ ਵਿੱਚ ਅੜਿੱਕਾ ਪਾਉਣ ਆਦਿ ਜ਼ੁਰਮਾਂ ਤਹਿਤ ਕੇਸ ਦਰਜ਼ ਕੀਤਾ ਗਿਆ ਹੈ।
ਪੁਲਿਸ ਨੂੰ ਭੇਜ਼ੀ ਲਿਖਤੀ ਸ਼ਕਾਇਤ ਵਿੱਚ ਪੁਨੀਤ ਗਰਗ ਸਹਾਇਕ ਸੁਪਰਡੈਟ ਜਿਲ੍ਹਾ ਜੇਲ੍ਹ ਬਰਨਾਲਾ ਵੱਲੋਂ ਦੱਸਿਆ ਗਿਆ ਕਿ ਜਿਲ੍ਹਾ ਜੇਲ੍ਹ ਵਿੱਚ ਤਾਇਨਾਤ ਮੈਡੀਕਲ ਅਫਸਰ ,ਜੇਲ੍ਹ ਸਕੂਲ ਵਿੱਚ ਮਰੀਜਾ ਨੂੰ ਦਵਾਈ ਦੇ ਰਹੇ ਸਨ ਤਾਂ ਜੇਲ੍ਹ ਬੰਦੀ ਹਵਾਲਾਤੀ ਸਨੀ ਕੁਮਾਰ ਪੁੱਤਰ ਪਰਦੀਪ ਕੁਮਾਰ ਵਾਸੀ ਬਰਨਾਲਾ ਨੇ ਮੈਡੀਕਲ ਅਫਸਰ ਦੇ ਥੱਪੜ ਮਾਰਿਆ ਅਤੇ ਕੈਦੀ ਪਰਵਿੰਦਰ ਸਿੰਘ ਵਾਸੀ ਬਰਨਾਲਾ ਅਤੇ ਹਵਾਲਾਤੀ ਵਿਨੋਦ ਕੁਮਾਰ ਵਾਸੀ ਸੰਗਰੂਰ ਵੀ ਮੈਡੀਕਲ ਅਫਸਰ ਨੂੰ ਗਾਲੀ ਗਲੋਚ ਕਰਨ ਲੱਗ ਪਏ । ਥਾਣਾ ਸਿਟੀ 1 ਬਰਨਾਲਾ ਦੇ ਐਸਐਚਉ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਨਾਮਜ਼ਦ ਤਿੰਨੋਂ ਦੋਸ਼ੀਆਂ ਖਿਲਾਫ ਅਧੀਨ ਜੁਰਮ 353,186,332,34 ਆਈਪੀਸੀ ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਮਾਮਲੇ ਦੀ ਤਫਤੀਸ਼ , ਬੱਸ ਸਟੈਂਡ ਪੁਲਿਸ ਚੌਂਕੀ ਬਰਨਾਲਾ ਦੇ ਏ.ਐਸ.ਆਈ. ਅਵਤਾਰ ਸਿੰਘ ਨੂੰ ਸੌਂਪ ਦਿੱਤੀ ਗਈ ਹੈ। ਉਨਾਂ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।