ਇਨਕਲਾਬੀ ਕੇਂਦਰ, ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਦੇ ਵਿਗਿਆਨਕ ਵਿਚਾਰਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਦਾ ਅਹਿਦ
ਪਰਦੀਪ ਕਸਬਾ , ਬਰਨਾਲਾ 28 ਸਤੰਬਰ 2021
ਇਨਕਲਾਬੀ ਕੇਂਦਰ, ਪੰਜਾਬ ਜਿਲ੍ਹਾ ਬਰਨਾਲਾ ਵੱਲੋਂ ਡਾ ਰਾਜਿੰਦਰ ਪਾਲ ਦੀ ਅਗਵਾਈ ਹੇਠ ਸ਼ਹੀਦ-ਏ-ਆਜਮ ਭਗਤ ਸਿੰਘ ਦਾ 114 ਵਾਂ ਜਨਮ ਦਿਨ ਪੂਰੇ ਇਨਕਲਾਬੀ ਜੋਸ਼ ਓ ਖਰੋਸ਼ ਨਾਲ ਮਨਾਇਆ। ਸ਼ਹੀਦ ਭਗਤ ਸਿੰਘ ਦੇ ਹਕੀਕੀ ਵਾਰਸ ਭੈਣਾਂ ਪਰੇਮਪਾਲ ਕੌਰ ਅਤੇ ਅਮਰਜੀਤ ਕੌਰ ਵੱਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਹਾਰ ਪਹਿਨਾਏ। ਥੋੜੇ ਸਮੇਂ ਲਈ ਇਕੱਤਰ ਹੋਏ ਜੁਝਾਰੂ ਕਾਫਲਿਆਂ ਨੇ “ਸਹੀਦ ਭਗਤ ਸਿੰਘ-ਅਮਰ ਰਹੇ, ਇਨਕਲਾਬ- ਜਿੰਦਾਬਾਦ, ਸਾਮਰਾਜਵਾਦ-ਮੁਰਦਾਬਾਦ” ਦੇ ਅਕਾਸ਼ ਗੁੰਜਾਊ ਨਾਹਰੇ ਗੁੰਜਾਕੇ ਬਜਾਰ ਦਾ ਧਿਆਨ ਆਪਣੇ ਵੱਲ ਖਿੱਚਿਆ।
ਇਸ ਸਮੇਂ ਵਿਸ਼ੇਸ਼ ਤੌਰ’ਤੇ ਪਹੁੰਚੇ ਇਨਕਲਾਬੀ ਕੇਂਦਰ, ਪੰਜਾਬ ਦੇ ਪਰਧਾਨ ਸਾਥੀ ਨਰਾਇਣ ਦੱਤ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਜਰੂਰ ਉਚਆਇਆ ਜਾ ਰਿਹਾ ਹੈ, ਬੰਬਾਂ ਬੰਦੂਕਾਂ ਤੱਕ ਸ਼ਹੀਦ ਭਗਤ ਸਿੰਘ ਨੂੰ ਸੀਮਤ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਹਾਕਮ ਸ਼ਹੀਦ ਭਗਤ ਸਿੰਘ ਬਾਰੇ ਪਰਚਾਰ ਰਹੇ ਹਨ ਕਿ ਸ਼ਹੀਦ ਭਗਤ ਸਿੰਘ ਵੱਲੋਂ ਲੜੀ ਗਈ ਜੰਗ ਬਦਲੇ ਹਾਸਲ ਕੀਤੀ ਅਜਾਦੀ ਦੀ ਰਾਖੀ ਕਰਨ ਦੀ ਲੋੜ ਹੈ। ਜਦ ਕਿ ਭਗਤ ਸਿੰਘ ਦਾ ਸੁਪਨਾ ਅਜਿਹੀ ਆਜ਼ਾਦੀ ਦਾ ਨਹੀਂ ਸੀ। ਸਗੋਂ ਅਸਲ ਆਜ਼ਾਦੀ ” ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ” ਹੋਣ ਨਾਲ ਹੀ ਆਵੇਗੀ।
ਹੁਣ ਹਕੀਕਤ ਇਹ ਹੈ ਕਿ ਇੱਕ ਪਾਸੇ ਕਰੋੜਾਂ ਲੋਕ ਗੁਰਬਤ ਭਰੀ ਜਿੰਦਗੀ ਹੰਢਾ ਰਹੇ ਹਨ। ਦੂਜੇ ਪਾਸੇ ਭਾਰਤੀ ਹਾਕਮਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜ ਪੱਖੀ ਲੋਕ ਵਿਰੋਧੀ ਨੀਤੀਆਂ ਕਾਰਨ ਅਡਾਨੀ-ਅੰਬਾਨੀ ਅਤੇ ਹੋਰ ਅਮੀਰ ਘਰਾਣਿਆਂ ਮਾਲੋ ਮੀਲ ਹੋ ਰਹੇ ਹਨ। ਮਹਿੰਗਾਈ ਅਸਮਾਨੀਂ ਛੂਹ ਰਹੀ ਹੈ,
ਬੇਰੁਜਗਾਰੀ 45 ਸਾਲ ਦੇ ਸਮੇਂ ਦੀ ਸਭ ਤੋਂ ਉੱਚੀ ਦਰ ਤੇ ਪਹੁੰਚ ਗਈ ਹੈ। ਹਾਕਮ ਇਹ ਨੀਤੀਆਂ ਲਾਗੂ ਕਰਨ ਲਈ ਰਾਸ਼ਟਰਵਾਦ ਦਾ ਹਊਆ ਖੜਾ ਕਰ ਰਹੇ ਹਨ। ਲੋਕਾਂ ਦੀ ਗੱਲ ਕਰਨ ਵਾਲੇ, ਸਟੇਟ/ ਰਿਆਸਤ ਨੂੰ ਸਵਾਲ ਕਰਨ ਵਾਲੇ ਬੁੱਧੀਜੀਵੀਆਂ, ਸਮਾਜਿਕ ਕਾਰਨਾਂ, ਵਕੀਲਾਂ, ਕਾਲਮ ਨਵੀਸਾਂ ਨੂੰ ਦੇਸ਼ ਧਰੋਹ ਦੇ ਮੁਕੱਦਮਿਆਂ ਤਹਿਤ ਸਾਲਾਂ ਬੱਧੀ ਸਮੇਂ ਤੋਂ ਜੇਲੵਾਂ ਵਿੱਚ ਡੱਕਿਆ ਹੋਇਆ ਹੈ। ਪਰ ਸ਼ਹੀਦ ਭਗਤ ਸਿੰਘ ਦੇ ਵਾਰਸ ਕਿਸਾਨ ਅੱਜ ਵੀ ਮੋਦੀ ਹਕੂਮਤ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਸਾਲ ਭਰ ਤੋਂ ਸੰਘਰਸ਼ ਦੇ ਰਣ ਤੱਤੇ ਮੈਦਾਨ ਵਿੱਚ ਜੂਝ ਰਹੇ ਹਨ।
ਇਹੀ ਸ਼ਹੀਦ ਭਗਤ ਸਿੰਘ ਦੇ ਵਾਰਸ ਦਾ ਹਕੀਕੀ ਸੁਨੇਹਾ ਹੈ ਕਿ ਅਸੀਂ ਉਹਨਾਂ ਦੀ ਵਿਗਿਆਨਕ ਵਿਚਾਰਧਾਰਾ ਦਾ ਪੱਲਾ ਫੜਕੇ ਇਸ ਲੁੱਟ ਜਬਰ ਤੇ ਦਾਬੇ ਵਾਲੇ ਪਰਬੰਧ ਨੂੰ ਤਬਦੀਲ ਕਰਨ ਲਈ ਚੱਲ ਰਹੀ ਜਮਾਤੀ ਜੱਦੋਜਹਿਦ ਦਾ ਹਿੱਸਾ ਬਣ ਆਪਣਾ ਫਰਜ ਅਦਾ ਕਰੀਏ। ਇਸ ਸਮੇਂ ਡਾ ਸੁਖਵਿੰਦਰ ਸਿੰਘ, ਬਲਵੰਤ ਉੱਪਲੀ, ਯਾਦਵਿੰਦਰ ਠੀਕਰੀਵਾਲਾ, ਹਰਚਰਨ ਚਹਿਲ, ਨਰਿੰਦਰ ਪਾਲ ਸਿੰਗਲਾ, ਬਿੱਕਰ ਸਿੰਘ ਔਲਖ ਸਮੇਤ ਹਰਪ੍ਰੀਤ ਆਦਿ ਨੌਜਵਾਨ ਆਗੂ ਹਾਜਰ ਸਨ।