ਗੁਰਮੀਤ ਸਿੰਘ ਬਰਨਾਲਾ, 25 ਸਤੰਬਰ 2021
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਿਸਾ ਨਿਰਦੇਸਾਂ ਨੂੰ ਅਮਲੀ ਜਾਮਾ ਪਹਿਣਾਉਂਦਿਆਂ ਜਿਆਦਾਤਾਰ ਵਿਭਾਗਾਂ ਵੱਲੋਂ ਸ਼ੁਰੂ ਹੋ ਗਿਆ ਹੈ। ਇਸ ਦੀ ਤਾਜ਼ਾ ਮਿਸਾਲ ਬਰਨਾਲਾ ਵਿਖੇ ਮਿਲੀ, ਜਿੱਥੇ ਪਾਵਰਕਾਮ ਨੇ ਬਿਜਲੀ ਖਪਤਕਾਰਾਂ ਦੀਆਂ ਸਮੱਸਿਆਵਾਂ ਨੂੰ ਸੁਚੱਜੇ ਢੰਗ ਹੱਲ ਕਰਨ ਲਈ ਬਿਜਲੀ ਪੰਚਾਇਤ ਲਗਾਈ। ਜਿਸ ਦੌਰਾਨ ਸੀਨੀਅਰ ਇੰਜੀਨੀਅਰ ਤੇਜਪਾਲ ਬਾਂਸਲ ਦੀ ਅਗਵਾਈ ਵਿੱਚ 150 ਤੋਂ ਵੱਧ ਖ਼ਪਤਕਾਰਾਂ ਦੀਆਂ ਸਮੱਸਿਆਵਾਂ ਨੂੰ ਮੌਕੇ ’ਤੇ ਹੀ ਹੱਲ ਕੀਤਾ ਗਿਆ। ਇਸ ਮੌਕੇ ਉਨਾਂ ਨਾਲ ਐਕਸੀਅਨ ਇੰਜੀਨੀਅਰ ਸੰਦੀਪ ਗਰਗ, ਐਸਡੀਓ ਦਿਹਾਤੀ ਬਰਨਾਲਾ ਜੱਸਾ ਸਿੰਘ, ਐਸਡੀਓ ਤਪਾ- 1 ਇੰਜੀਨੀਅਰ ਅਮਨਦੀਪ ਸਿੰਘ ਮਾਨ, ਐਸਡੀਓ ਤਪਾ- 2 ਇੰਜੀਨੀਅਰ ਸਤੀਸ਼ ਕੁਮਾਰ, ਐਸਡੀਓ ਸ਼ਹਿਣਾ ਇੰਜੀਨੀਅਰ ਬਲਜੀਤ ਸਿੰਘ ਤੇ ਐਸਡੀਓ ਭਦੌੜ ਇੰਜੀਨੀਅਰ ਰਜਿੰਦਰ ਕੁਮਾਰ ਵੀ ਮੌਜੂਦ ਸਨ।
ਪਾਵਰਕਾਮ ਦਫ਼ਤਰਾਂ ਵਿੱਚ ਬਿਜਲੀ ਖਪਤਕਾਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪਾਵਰਕਾਮ ਵਿਭਾਗ ਵੱਲੋਂ ਬਿਜਲੀ ਪੰਚਾਇਤ ਲਗਾਈ ਗਈ। ਜਿਸ ਦਾ ਮਕਸਦ ਖਪਤਕਾਰਾਂ ਨੂੰ ਬਿਜਲੀ, ਬਿੱਲਾਂ ਤੇ ਹੋਰ ਸਬੰਧਿਤ ਕੰਮਾਂ ਦੇ ਸਬੰਧ ਵਿੱਚ ਆ ਰਹੀਆਂ ਦਿੱਕਤਾਂ ਨੂੰ ਮੌਕੇ ’ਤੇ ਹੀ ਹੱਲ ਕਰਨਾ ਸੀ। ਅੱਜ ਦੀ ਇਸ ਪਹਿਲੀ ਬਿਜਲੀ ਪੰਚਾਇਤ ਦੌਰਾਨ ਉਕਤ ਅਧਿਕਾਰੀਆਂ ਦੀਆਂ ਅਗਵਾਈ ਹੇਠ 150 ਤੋਂ ਵੀ ਜਿਆਦਾ ਖਪਤਕਾਰਾਂ ਦੀਆਂ ਸਮੱਸਿਆਵਾਂ ਤੇ ਮੁਸਕਿਲਾਂ ਨੂੰ ਮੌਕੇ ’ਤੇ ਹੱਲ ਕਰਕੇ ਰਾਹਤ ਦਿੱਤੀ ਗਈ। ਅਧਿਕਾਰੀਆਂ ਵਿਸ਼ਵਾਸ਼ ਦਿਵਾਇਆ ਕਿ ਕਿਸੇ ਵੀ ਖਪਤਕਾਰ ਨੂੰ ਬਿਜ਼ਲੀ, ਬਿੱਲਾਂ ਜਾਂ ਇਸ ਨਾਲ ਸੰਬਧਿਤ ਕਿਸੇ ਵੀ ਤਰਾਂ ਦੀ ਕੋਈ ਦਿੱਕਤ ਆ ਰਹੀ ਹੈ ਤਾਂ ਉਹ ਸਬੰਧਿਤ ਅਧਿਕਾਰੀਆਂ ਜਾਂ ਕਰਮਚਾਰੀਆਂ ਨੂੰ ਮਿਲ ਸਕਦੇ ਹਨ ਉਨਾਂ ਦੀ ਦਿੱਕਤ ਨੂੰੂ ਪਹਿਲ ਦੇ ਅਧਾਰ ’ਤੇ ਦੂਰ ਕੀਤਾ ਜਾਵੇਗਾ। ਇਸ ਮੌਕੇ ਮੌਜੂਦ ਖ਼ਪਤਕਾਰਾਂ ਨੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪਾਵਰਕਾਮ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਅਜਿਹੀਆਂ ਬਿਜਲੀ ਪੰਚਾਇਤਾਂ ਸਾਲ ਵਿੱਚ ਕਈ ਵਾਰ ਲੱਗਣੀਆਂ ਚਾਹੀਦੀਆਂ ਹਨ ਤਾਂ ਜੋ ਆਪਣੀਆਂ ਮੁਸ਼ਕਿਲਾਂ ਨੂੰ ਲੈ ਕੇ ਖੱਜਲ ਖੁਆਰ ਹੋ ਰਹੇ ਲੋਕਾਂ ਨੂੰ ਰਾਹਤ ਮਹਿਸੂਸ ਹੋ ਸਕੇ।