27 ਸਤੰਬਰ ਭਾਰਤ ਬੰਦ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ
ਪਰਦੀਪ ਕਸਬਾ , ਬਰਨਾਲਾ 25 ਸਤੰਬਰ 2021
ਸੰਯੁਕਤ ਕਿਸਾਨ ਮੋਰਚਾ ਵੱਲੋਂ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ 27 ਸਤੰਬਰ ਨੂੰ ਮੁਕੰਮਲ ਭਾਰਤ ਬੰਦ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਸ਼ਹਿਰਾਂ/ ਕਸਬਿਆਂ ਅੰਦਰ ਛੋਟੇ ਕਾਰੋਬਾਰੀ ਅਦਾਰਿਆਂ, ਕਿਰਤੀਆਂ, ਦੁਕਾਨਦਾਰਾਂ, ਆੜਤੀਆਂ ਦੀਆਂ ਸੰਸਥਾਵਾਂ ਨਾਲ ਤਾਲਮੇਲ ਹੋਣ ਤੋਂ ਬਾਅਦ ਪਹਿਲਾਂ ਦੇ ਮੁਕਾਬਲੇ ਕਿਤੇ ਵਧੇਰੇ ਭਾਰਤ ਬੰਦ ਦੀਆਂ ਅਪਾਰ ਸੰਭਾਵਨਾਵਾਂ ਬਣੀਆਂ ਹੋਈਆਂ ਹਨ। ਕਿਸਾਨ ਜਥੇਬੰਦੀਆਂ ਲਗਾਤਾਰ ਤਿੰਨ ਦਿਨਾਂ ਤੋਂ ਪੂਰੇ ਜਿਲੵੇ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਪਰਚਾਰ ਮੁਹਿੰਮ ਪੂਰੇ ਯੋਜਨਾਬੱਧ ਢੰਗ ਨਾਲ ਚਲਾ ਰਹੀਆਂ ਹਨ।
ਸੈਂਕੜੇ ਸਾਥੀਆਂ ਦੀਆਂ ਆਗੂ ਟੀਮਾਂ ਇਸ ਮੁਹਿੰਮ ਵਿੱਚ ਜੁਟੀਆਂ ਹੋਈਆਂ ਹਨ। ਭਦੌੜ ਇਲਾਕੇ ਦੀ ਅਗਵਾਈ ਭੋਲਾ ਸਿੰਘ ਛੰਨਾਂ ਅਤੇ ਕੁਲਵੰਤ ਸਿੰਘ ਭਦੌੜ, ਮਹਿਲ ਕਲਾਂ ਇਲਾਕੇ ਦੀ ਅਗਵਾਈ ਜਗਰਾਜ ਸਿੰਘ ਹਰਦਾਸਪੁਰਾ, ਅਮਨਦੀਪ ਸਿੰਘ ਰਾਏਸਰ, ਅਮਰਜੀਤ ਸਿੰਘ ਠੁੱਲੀਵਾਲ, ਜਗਤਾਰ ਸਿੰਘ ਛੀਨੀਵਾਲ, ਬਰਨਾਲਾ ਇਲਾਕੇ ਦੀ ਅਗਵਾਈ ਗੁਰਦਰਸ਼ਨ ਸਿੰਘ ਦਿਉਲ, ਗੁਰਨਾਮ ਸਿੰਘ ਠੀਕਰੀਵਾਲਾ, ਬਾਬੂ ਸਿੰਘ ਖੁੱਡੀਕਲਾਂ ਆਦਿ ਆਗੂਆਂ ਦੀ ਅਗਵਾਈ ਹੇਠ ਚੱਲ ਰਹੀ ਹੈ। ਅੱਜ ਤੱਕ ਤਿੰਨਾਂ ਟੀਮਾਂ ਨੇ 80 ਪਿੰਡਾਂ ਦੀ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹ ਲਿਆ ਹੈ।
ਸੰਯੁਕਤ ਕਿਸਾਨ ਮੋਰਚਾ ਦੇ ਕਨਵੀਨਰ ਅਤੇ ਬੀਕੇਯੂ ਏਕਤਾ ਡਕੌਂਦਾ ਦੇ ਸੂਬਾ ਪਰੈੱਸ ਸਕੱਤਰ ਬਲਵੰਤ ਸਿੰਘ ਉੱਪਲੀ ਨੇ ਦੱਸਿਆ ਕਿ ਅੱਜ ਪਿੰਡਾਂ ਦੀ ਪਰਚਾਰ ਮੁਹਿੰਮ ਲਗਭਗ ਮੁਕੰਮਲ ਹੋ ਜਾਵੇਗੀ। ਕੱਲੵ ਪੂਰਾ ਦਿਨ ਆਗੂ ਟੀਮਾਂ ਦੇ ਕਾਫਲਿਆਂ ਵੱਲੋਂ ਘਰ ਘਰ ਜਾਕੇ 27 ਸਤੰਬਰ ਦੇ ਮੁਕੰਮਲ ਭਾਰਤ ਬੰਦ ਸਮੇਂ ਬਰਨਾਲਾ ਜ਼ਿਲ੍ਹੇ ਵਿੱਚ 10 ਥਾਵਾਂ ਤੇ ਕੀਤੇ ਜਾ ਰਹੇ ਰੇਲਵੇ/ਸੜਕ ਜਾਮ ਵਿੱਚ ਸ਼ਮੂਲੀਅਤ ਕਰਕੇ ਸਫਲ ਬਨਾਉਣ ਦਾ ਸ਼ਮੂਲੀਅਤ ਕਰਨ ਦੀ ਜੋਰਦਾਰ ਮੁਹਿੰਮ ਚਲਾਈ ਜਾਵੇਗੀ।
ਰੇਲ/ਸੜਕ ਜਾਮ ਸਮੇਂ ਲੋਕ ਰੰਗ ਮੰਚ ਦੇ ਬਾਬਾ ਬੋਹੜ, ਸਮਾਜਿਕ ਤਬਦੀਲੀ ਲਈ ਤਾ-ਉਮਰ ਜੂਝਣ ਵਾਲੇ ਕਾ. ਗੁਰਸ਼ਰਨ ਸਿੰਘ ਨੂੰ ਯਾਦ ਕਰਦਿਆਂ ਨਾਟਕ ਟੀਮਾਂ ਲੋਕ ਪੱਖੀ ਨਾਟਕਾਂ ਅਤੇ ਗੀਤਾਂ ਦੀਆਂ ਪੇਸ਼ਕਾਰੀਆਂ ਪੇਸ਼ ਕਰਨਗੀਆਂ। ਆਗੂਆਂ ਨੇ ਵੱਡੀ ਗਿਣਤੀ ਵਿੱਚ ਕਾਫ਼ਲੇ ਬੰਨ ਕੇ ਪੂਰੀ ਤਨਦੇਹੀ ਨਾਲ ਸ਼ਮੂਲੀਅਤ ਕਰਨ ਦੀ ਗੁਜਾਰਿਸ਼ ਕੀਤੀ।