ਪਿਉ ਲਾਉਂਦਾ ਰਿਹਾ ਆਂਡਿਆਂ ਦੀ ਰੇਹੜੀ, ਪੁੱਤ ਚਲਾਉਂਦਾ ਸੀ ਛੋਟਾ ਹਾਥੀ
ਹਰਿੰਦਰ ਨਿੱਕਾ , ਬਰਨਾਲਾ, 24 ਸਤੰਬਰ 2021
ਕੋਰੋਨਾ ਕਾਰਣ ਆਈ ਆਰਥਿਕ ਮੰਦੀ ਦਾ ਅਸਰ ਹੁਣ ਤੱਕ ਵੀ ਲੋਕਾਂ ਨੂੰ ਝੱਲਣਾ ਪੈ ਰਿਹਾ ਹੈ। ਕਰੋਨਾ ਦੌਰਾਨ ਮੰਦੀ ਦੀ ਮਾਰ ਨਾ ਝੱਲਦਿਆਂ ਸ਼ਹਿਰ ਵਾਸੀ ਪਿਉ ਪੁੱਤ ਨੇ ਜਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ ਕਰ ਲਈ। ਪਿਉ-ਪੁੱਤਰ ਦੀ ਮੌਤ ਦਾ ਪਤਾ ਚੱਲਦਿਆਂ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਸ ਅੱਡਾ ਪੁਲਿਸ ਚੌਂਕੀ ਦੇ ਸਹਾਇਕ ਥਾਣੇਦਾਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਗਲੀ ਨੰਬਰ 5 ਏ ਬਰਨਾਲਾ ਦੇ ਰਹਿਣ ਵਾਲੇ ਭਾਰਤ ਭੂਸ਼ਣ ਪੁੱਤਰ ਗਣੇਸ਼ ਦਾਸ ਅਤੇ ਉਸ ਦੇ ਪੁੱਤਰ ਮੁਨੀਸ ਕੁਮਾਰ ਕਿਰਾਏ ਦੇ ਮਕਾਨ ’ਚ ਰਹਿ ਕੇ ਜੂਨ ਗੁਜ਼ਾਰਾ ਕਰ ਰਹੇ ਸਨ। ਭਾਰਤ ਭੂਸ਼ਣ ਆਂਡਿਆਂ ਦੀ ਰੇਹੜੀ ਲਗਾਉਂਦਾ ਕੇ ਅਤੇ ਮੁਨੀਸ ਕੁਮਾਰ ਛੋਟਾ ਹਾਥੀ ਗੱਡੀ ’ਤੇ ਡਰਾਇਵਰ ਵਜੋਂ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਪੇਟ ਪਾਲ ਰਹੇ ਸੀ। ਲੰਘੇ ਸਮੇਂ ਕਰੋਨਾ ਮਹਾਂਮਾਰੀ ਦੌਰਾਨ ਆਈ ਮੰਦੀ ਦੀ ਵਜ੍ਹਾ ਕਾਰਣ ਦੋਵੇਂ ਪਿਉ-ਪੁੱਤ ਮਾਨਸਿਕ ਤੌਰ ’ਤੇ ਕਾਫ਼ੀ ਪ੍ਰੇਸ਼ਾਨ ਰਹਿੰਦੇ ਸਨ । ਜਿੰਨਾਂ ਨੇ 22 ਸਤੰਬਰ ਨੂੰ ਇਕੱਠਿਆਂ ਹੀ ਕੋਈ ਜ਼ਹਿਰੀਲੀ ਚੀਜ ਨਿਗਲ ਲਈ ਸੀ। ਮੁਨੀਸ ਕੁਮਾਰ ਦੀ ਹਾਲਤ ਖ਼ਰਾਬ ਹੋਣ ’ਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ਼ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ,ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਇਲਾਜ਼ ਲਈ ਰਜਿੰਦਰ ਹਸਪਤਾਲ ਪਟਿਆਲਾ ਨੂੰ ਰੈਫਰ ਕਰ ਦਿੱਤਾ ਸੀ।
ਜਿੱਥੇ ਮੁਨੀਸ ਕੁਮਾਰ ਦੇ ਨਾਲ ਹੀ ਗਏ , ਉਸ ਦੇ ਪਿਤਾ ਭਾਰਤ ਭੂਸ਼ਣ ਦੀ ਹਾਲਤ ਵੀ ਵਿਗੜ ਗਈ । ਆਖਿਰ ਰਜਿੰਦਰਾ ਹਸਪਤਾਲ ਵਿਖੇ ਜ਼ੇਰ ਏ ਇਲਾਜ਼ 23 ਸਤੰਬਰ ਨੂੰ ਸਵੇਰ ਸਮੇਂ ਮੁਨੀਸ ਕੁਮਾਰ (25) ਅਤੇ ਸ਼ਾਮ ਨੂੰ ਭਾਰਤ ਭੂਸ਼ਣ (55) ਨੇ ਦਮ ਤੋੜ ਦਿੱਤਾ। ਉਨਾਂ ਦੱਸਿਆ ਕਿ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤਾ। ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਭਾਰਤ ਭੂਸ਼ਣ ਦੀ ਪਤਨੀ ਸੰਤੋਸ਼ ਰਾਣੀ ਦੇ ਬਿਆਨਾਂ ਦੇ ਅਧਾਰ ’ਤੇ 174 ਸੀਆਰਪੀਸੀ ਤਹਿਤ ਕਾਨੂੰਨੀ ਕਾਰਵਾਈ ਕੀਤੀ ਗਈ ਹੈ।