ਨੀਂਹ ਪੱਥਰ ਨੂੰ ਨਾਮ ਦੀ ਉਡੀਕ-ਵੇ ਮੈਂ ਅੱਡੀਆਂ ਕੂਚਦੀ ਰਹਿ ਗਈ, ਹੋਈਆਂ ਨਾ ਨਸੀਬ ਝਾਂਜਰਾਂ’

Advertisement
Spread information

ਦੁਚਿੱਤੀ ‘ਚ ਬਰਨਾਲਾ ਪ੍ਰਸ਼ਾਸ਼ਨ-ਰੀਝ ਨਾਲ ਬਣਾਇਆ ਰਹਿ ਗਿਆ ਕੈਪਟਨ ਅਮਰਿੰਦਰ ਦੇ ਨਾਂ ਦਾ ਨੀਂਹ ਪੱਥਰ

ਮੁੱਖ ਮੱਤਰੀ ਦੇ ਅਸਤੀਫਾ ਦੇਣ ਤੋਂ ਬਾਅਦ ਹਵਾ ਚ ਲਟਕਿਆ ਕੇਵਲ ਢਿੱਲੋਂ ਦੇ ਡ੍ਰੀਮ ਪ੍ਰੋਜੈਕਟ ਮਲਟੀਸਪੈਸਲਿਟੀ ਹਸਪਤਾਲ ਦਾ ਨੀਂਹ ਪੱਥਰ ਸਮਾਰੋਹ


ਜੇ.ਐਸ. ਚਹਿਲ, ਬਰਨਾਲਾ 18 ਸਤੰਬਰ 2021 

         ਵੇ ਮੈਂ ਅੱਡੀਆਂ ਕੂਚਦੀ ਰਹਿ ਗਈ, ਹੋਈਆਂ ਨਾ ਨਸੀਬ ਝਾਂਜਰਾਂ ,, ਪੰਜਾਬੀ ਦਾ ਇਹ ਲੋਕ ਗੀਤ , ਬਰਨਾਲਾ ਵਿਖੇ ਭਲ੍ਹਕੇ ਰੱਖੇ ਜਾਣ ਵਾਲੇ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਟਰਾਮਾਂ ਸੈਂਟਰ ਦੇ ਨੀਂਹ ਪੱਥਰ ਸਮਾਰੋਹ ਦੀਆਂ ਤਿਆਰੀਆਂ ਵਿੱਚ ਲੱਗੇ ਜਿਲ੍ਹਾ ਪ੍ਰਸ਼ਾਸ਼ਨ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਤੇ ਐਨ ਫਿੱਟ ਬੈਠਦਾ ਹੈ। ਯਾਦ ਰਹੇ ਕਿ ਸਿਹਤ ਸਹੂਲਤਾਂ ਤੋਂ ਬੇਹੱਦ ਪਛੜਿਆ ਬਰਨਾਲਾ ਵਾਸੀਆਂ ਨੂੰ ਉਸ ਸਮੇਂ ਆਸ ਦੀ ਇੱਕ ਨਵੀਂ ਚਿਣਗ ਜਾਗੀ ਸੀ , ਜਦੋਂ ਲੰਘੇ ਬਜਟ ਸੈਸਨ ਦੌਰਾਨ ਬਰਨਾਲਾ ਅੰਦਰ ਮਲਟੀਸਪੈਸਲਿਟੀ ਹਸਪਤਾਲ ਤੇ ਟਰਾਮਾਂ ਸੈਂਟਰ ਬਣਾਏ ਜਾਣ ਦਾ ਐਲਾਨ ਕੀਤਾ ਗਿਆ ਸੀ। ਇਸ ਹਸਪਤਾਲ ਨੂੰ ਲੈ ਕੇ ਆਉਣ ਦਾ ਸਿਹਰਾ ਕੇਵਲ ਸਿੰਘ ਢਿੱਲੋਂ ਆਪਣੇ ਸਿਰ ਬੰਨ ਰਿਹਾ ਸੀ । ਕੁਝ ਦਿਨ ਪਹਿਲਾਂ ਨਗਰ ਕੌਂਸਲ ਬਰਨਾਲਾ ਵਲੋਂ ਇਸ ਹਸਪਤਾਲ ਲਈ ਹੰਡਿਆਇਆ ਵਿਖੇ ਪਈ ਕਰੀਬ 11 ਏਕੜ ਵਿੱਚੋਂ ਸਾਢੇ 6 ਏਕੜ ਜਮੀਨ ਇਸ ਹਸਪਤਾਲ ਨੂੰ 99 ਸਾਲਾ ਲੀਜ ਤੇ ਦੇਣ ਦਾ ਮਤਾ ਪਾਸ ਕਰ ਦਿੱਤਾ ਅਤੇ ਇਸ ਹਸਪਤਾਲ ਦਾ ਨੀਂਹ ਪੱਥਰ 20 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਰ ਕਮਲਾ ਨਾਲ ਰੱਖਣਾ ਸੀ।

Advertisement

       ਇਸ ਮੌਕੇ ਕੀਤੇ ਜਾਣ ਵਾਲੇ ਸਮਾਗਮ ਦੀਆਂ ਤਿਆਰੀਆਂ ਕਰਨ ਲਈ ਜਿਲਾ ਪ੍ਰਸਾਸਨ ਕੁਝ ਦਿਨਾ ਤੋਂ ਪੱਬਾਂ ਭਾਰ ਹੋਇਆ ਪਿਆ ਸੀ। ਹਸਪਤਾਲ ਵਾਲੀ ਥਾਂ ਤੇ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਸਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦਾ ਨੀਂਹ ਪੱਥਰ ਬੋਰਡ ਬਣ ਕੇ ਤਿਆਰ ਹੋ ਗਿਆ ਸੀ। ਪਰ ਅੱਜ ਕਾਂਗਰਸ ਹਾਈਕਮਾਂਡ ਵਲੋਂ ਕੈਪਟਨ ਅਮਰਿੰਦਰ ਸਿੰਘ ਤੋਂ ਜਬਰੀ ਅਸਤੀਫਾ ਲੈ ਲਏ ਜਾਣ ਤੋਂ ਬਾਅਦ ਹਸਪਤਾਲ ਦਾ ਉਦਘਾਟਨੀ ਸਮਾਰੋਹ ਵੀ ਫਿਲਹਾਲ ਹਵਾ ਵਿੱਚ ਹੀ ਲਟਕ ਗਿਆ ਹੈ। ਮੁੱੱਖ ਮੰਤਰੀ ਦੇ ਨਾਮ ਵਾਲਾ ਤਿਆਰ ਹੋਇਆ ਬੋਰਡ ਵੀ ਬਣਿਆ ਬਣਾਇਆ ਹੀ ਰਹਿ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਬਦਲੀਆਂ ਹਾਲਤਾਂ ਵਿੱਚ ਜਿਲਾ ਪ੍ਰਸਾਸਨ ਭਲ੍ਹਕੇ ਹੋਣ ਵਾਲੇ ਹਸਪਤਾਲ ਦੇ ਨੀਂਹ ਪੱਥਰ ਸਮਾਰੋਹ ਨੂੰ ਲੈ ਕੇ ਦੁਚਿੱਤੀ ਵਿੱਚ ਹੈ।

ਅਫਸਰ ਇੱਕ ਦੂਸਰੇ ਤੋਂ ਮੰਗਦੇ ਰਹੇ ਜਾਣਕਾਰੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫਾ ਦੇਣ ਤੋਂ ਬਾਅਦ ਨੀਂਹ ਪੱਥਰ ਸਮਾਰੋਹ ਦੀਆਂ ਤਿਆਰੀਆਂ ਲਈ ਮੌਕੇ ਤੇ ਮੌਜੂਦ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ,ਆਲ੍ਹਾ ਅਧਿਕਾਰੀਆਂ ਨੂੰ ਫੋਨ ਕਰਕੇ ਸਮਾਗਮ ਸਬੰਧੀ ਅੱਪਡੇਟ ਮੰਗਦੇ ਦੇਖੇ ਗਏ। ਪਰੰਤੂ ਉਨਾਂ ਨੂੰ ਕਿਸੇ ਪਾਸਿਉਂ ਵੀ ਕੋਈ ਉੱਘ ਸੁੱਘ ਨਹੀਂ ਮਿਲ ਰਹੀ ਸੀ। ਪੰਜਾਬ ਅੰਦਰ ਅਚਾਣਕ ਹੋਈ ਵੱਡੀ ਸਿਆਸੀ ਹਲਚਲ ਤੋਂ ਬਾਅਦ ਇੱਕ ਵਾਰ ਤਾਂ ਇਸ ਸਮਾਗਮ ਨੂੰ ਲੈ ਕੇ ਚੱਲ ਰਹੀਆਂ ਤਿਆਰੀਆਂ ਠੰਡੀਆਂ ਪੈ ਗਈਆਂ ਹਨ। ਹਸਪਤਾਲ ਦੇ ਨੀਂਹ ਪੱਥਰ ਲਈ ਭਾਵੇਂ ਕਿ ਥੜਾ ਬਣ ਕੇ ਤਿਆਰ ਹੋ ਗਿਆ ਹੈ, ਪਰ ਹੁਣ ਇਸ ਥੜੇ ਉੱਪਰ ਕਿਸ ਦੇ ਨਾਮ ਵਾਲਾ ਪੱਥਰ ਲੱਗੇਗਾ , ਇਹ ਆਉਣ ਵਾਲਾ ਸਮਾਂ ਦੱਸੇਗਾ । ਪਰ ਇੱਕ ਵਾਰ ਇਹ ਸਮਾਗਮ ਅਗਲੇ ਹੁਕਮਾ ਤੱਕ ਟਲਦਾ ਨਜਰ ਆ ਰਿਹਾ ਹੈ।

      ਇਸ ਹਸਪਤਾਲ ਦੇ ਨੀਂਹ ਪੱਥਰ ਸਮਾਰੋਹ ਨੂੰ ਰਾਜਨੀਤਕ ਆਕਸੀਜਨ ਦੇ ਰੂਪ ਵਿੱਚ ਸੁਪਨਾ ਵੇਖ ਰਹੇ ਕੇਵਲ ਸਿੰਘ ਢਿੱਲੋਂ ਅਤੇ ਉਨਾਂ ਦੇ ਧੜ੍ਹੇ ਅੰਦਰ ਮਾਯੂਸੀ ਤੇ ਨਿਰਾਸ਼ਾ ਦਾ ਆਲਮ ਦੇਖਣ ਨੂੰ ਮਿਲਿਆ ਅਤੇ ਢਿੱਲੋਂ ਦੀ ਬਰਨਾਲਾ ਰਿਹਾਇਸ ਸੁੰਨ-ਸਾਨ ਪਸਰੀ ਦਿਖੀ। ਢਿੱਲੋਂ ਦੀ ਰਿਹਾਇਸ਼ ਵਾਲੇ ਖੇਤਰ ਦੇ ਆਲੇ ਦੁਆਲੇ ਦੀ ਸਫਾਈ ਵਿੱਚ ਲੱਗੇ ਕਰਮਚਾਰੀ ਵੀ ਮਸਤਾਨੀ ਤੋਰ ਤੁਰਨ ਲੱਗ ਪਏ, ਉਹ ਵੀ ਇੱਕ ਦੂਜੇ ਨਾਲ ਪ੍ਰੋਗਰਾਮ ਨੂੰ ਲੈ ਕੇ ਹੀ ਚਰਚਾ ਕਰਦੇ ਦਿਖੇ। ਜਦੋਂ ਇਸ ਸੰਬੰਧੀ ਡੀ ਸੀ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ, ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਹਨਾ ਫੋਨ ਨਹੀਂ ਚੱਕਿਆ। ਉੱਧਰ ਉਦਘਾਟਨੀ ਪੱਥਰ ਬਣਾਉਣ ਵਾਲੇ ਅਧਿਕਾਰੀਆਂ ਨੇ ਪੁੱਛਣ ਤੇ ਸਿਰਫ ਇੱਨਾਂ ਹੀ ਕਿਹਾ ਕਿ ਸਾਡੇ ਵੱਲੋਂ ਸਭ ਤਿਆਰੀਆਂ ਮੁਕੰਮਲ ਹਨ, ਸਿਰਫ ਨੀਂਹ ਪੱਥਰ ਨੂੰ ਲੈ ਕੇ ਹੀ ਕੋਈ ਅਗਲਾ ਹੁਕਮ ਜਿਲਾ ਪ੍ਰਸ਼ਾਸ਼ਨ ਵੱਲੋਂ ਨਹੀਂ ਮਿਲਿਆ। ਜਿਹੋ ਜਿਹਾ ਹੁਕਮ ਆਇਆ, ਉਹੋ ਜਿਹਾ ਵਜਾ ਦਿਆਂਗੇ। 

Advertisement
Advertisement
Advertisement
Advertisement
Advertisement
error: Content is protected !!