ਆਪ ਛੱਡ ਕੇ ਕਾਂਗਰਸ ਦੇ ਹੱਥਾਂ ‘ਖੇਡਣ ਵਾਲੇ ਖਹਿਰਾ, ਕਮਾਲੂ,ਪਿਰਮਲ ਤੇ ਮਾਨਸ਼ਾਹੀਆਂ ਨੂੰ ਵਿਧਾਇਕ ਦਲ ਦੀ ਮੀਟਿੰਗ ਤੋਂ ਰੱਖਿਆ ਦੂਰ
ਸੋਨੀਆ ਦੇ ਫੈਸਲੇ ਦਾ ਇੰਤਜ਼ਾਰ ਕਰਨ ਲਈ ਕਾਂਗਰਸੀ ਵਿਧਾਇਕ ਕਾਂਗਰਸ ਭਵਨ ਵਿੱਚ ਹੀ ਮੌਜੂਦ, ਕਿਸੇ ਸਮੇਂ ਵੀ ਹੋ ਸਕਦੈ ਨਵੇਂ ਮੁੱਖ ਮੰਤਰੀ ਦਾ ਐਲਾਨ
ਏ.ਐਸੇ ਅਰਸ਼ੀ , ਚੰਡੀਗੜ੍ਹ , 18 ਸਤੰਬਰ, 2021
ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਮੁੈੱਖ ਮੰਤਰੀ ਵੱਜੋਂ ਅਸਤੀਫ਼ਾ ਸੌਂਪ ਦਿੱਤੇ ਜਾਣ ਮਗਰੋਂ ਅੱਜ ਚੰਡੀਗੜ੍ਹ ਵਿੱਚ ਹੋਈ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿੱਚ ਅਗਲੇ ਮੁੱਖ ਮੰਤਰੀ ਬਣਾਉਣ ਸਬੰਧੀ ਫ਼ੈਸਲਾ ਲੈਣ ਦਾ ਅਧਿਕਾਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਸੌਂਪ ਦਿੱਤਾ ਹੈ। ਵਿਧਾਇਕ ਹਾਲੇ ਵੀ ਮੀਟਿੰਗ ਵਿੱਚ ਹੀ ਹਾਜ਼ਰ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ ਅੱਜ ਹੀ ਕਰ ਦਿੱਤਾ ਜਾਵੇਗਾ। ਉੱਧਰ ਪਤਾ ਇਹ ਵੀ ਲੱਗਿਆ ਹੈ ਕਿ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਦਾ ਹੱਥ ਫੜ੍ਹਨ ਵਾਲੇ ਸੁਖਪਾਲ ਸਿੰਘ ਖਹਿਰਾ, ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਧੌਲਾ ਅਤੇ ਨਾਜਰ ਸਿੰਘ ਮਾਨਸ਼ਾਹੀਆ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਕਾਂਗਰਸ ਭਵਨ ਹੁੰਮਹੁੰਮਾ ਕੇ ਪਹੁੰਚੇ ਸਨ। ਪਰੰਤੂ ਉਨਾਂ ਨੂੰ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਤੋਂ ਦੂਰ ਹੀ ਰੱਖਿਆ ਗਿਆ। ਅਜਿਹੇ ਹਾਲਤ ਵਿੱਚ ਇੱਕ ਗੱਲ ਸਾਫ ਹੋ ਗਈ ਹੈ ਕਿ ਕੈਪਟਨ ਖੇਮੇ ਦੇ ਆਗੂਆਂ ਦਾ ਰਾਜਸੀ ਭਵਿੱਖ ਫਿਲਹਾਲ ਖਤਰੇ ਵਿੱਚ ਪਿਆ ਜਾਪਦਾ ਹੈ।
ਅੱਜ ਪੰਜਾਬ ਕਾਂਗਰਸ ਭਵਨ ਵਿੱਚ ਹੋਂਈ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਪ੍ਰਦੇਸ਼ ਕਾਂਗਰਸ ਇੰਚਾਰਜ ਸ੍ਰੀ ਹਰੀਸ਼ ਰਾਵਤ ਅਤੇ ਦੋ ਕੇਂਦਰੀ ਅਬਜ਼ਰਵਰਾਂ ਸ੍ਰੀ ਅਜੇ ਮਾਕਨ ਅਤੇ ਸ੍ਰੀ ਹਰੀਸ਼ ਚੌਧਰੀ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਕਾਂਗਰਸ ਦੇ 80 ਵਿੱਚੋਂ 78 ਵਿਧਾਇਕ ਸ਼ਾਮਲ ਹੋਏ ਜਿਸ ਵਿੱਚ ਇਕ ਮਤਾ ਪਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀਆਂ ਮੁੱਖ ਮੰਤਰੀ ਦੇ ਤੌਰ ’ਤੇ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ।
ਸ੍ਰੀ ਬ੍ਰਹਮ ਮਹਿੰਦਰਾ ਵੱਲੋਂ ਪੇਸ਼ ਕੀਤੇ ਮਤੇ ਨੂੰ ਸ੍ਰੀ ਰਾਜ ਕੁਮਾਰ ਵੇਰਕਾ, ਸ: ਸੰਗਤ ਸਿੰਘ ਗਿਲਜੀਆਂ ਅਤੇ ਸ: ਅਮਰੀਕ ਸਿੰਘ ਢਿੱਲੋਂ ਵੱਲੋਂ ‘ਤਾਈਦ ਕੀਤੇ ਮਤੇ ਵਿੱਚ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਵਿਧਾਇਕ ਦਲ ਦਾ ਨਵਾਂ ਨੇਤਾ ਚੁਣਨ ਦੇ ਅਧਿਕਾਰ ਸੌਂਪ ਦਿੱਤੇ ਗਏ ।
ਦਿਲਚਸਪ ਗੱਲ ਇਹ ਹੈ ਕਿ ਇਹ ਮਤਾ ਦਿੱਲੀ ਭੇਜ ਦਿੱਤਾ ਗਿਆ ਹੈ ਅਤੇ ਦਿੱਲੀ ਤੋਂ ਕਿਸੇ ਵੀ ਵੇਲੇ ਵਿਧਾਇਕ ਦਲ ਦੇ ਨਵੇਂ ਨੇਤਾ ਦਾ ਐਲਾਨ ਕੀਤਾ ਜਾ ਸਕਦਾ ਹੈ,ਜਿਸ ਨੂੰ ਅਗਲਾ ਮੁੱਖ ਮੰਤਰੀ ਬਣਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਹੁਣ ਤਕ ਸਾਹਮਣੇ ਆਏ ਨਾਵਾਂ ਵਿੱਚ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖ਼ੜ ਦਾ ਨਾਂਅ ਸਭ ਤੋਂ ਉੱਪਰ ਦੱਸਿਆ ਜਾ ਰਿਹਾ ਹੈ। ਜਦੋਂ ਕਿ ਸ: ਪ੍ਰਤਾਪ ਸਿੰਘ ਬਾਜਵਾ, ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸ: ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂਅ ਵੀ ਚਰਚਾ ਵੀ ਵਿੱਚ ਹਨ।