ਵਧੀਆ ਸਮਾਜ ਦੀ ਸਿਰਜਣਾ ਵਿੱਚ ਅਧਿਆਪਕਾਂ ਦਾ ਅਹਿਮ ਯੋਗਦਾਨ:ਸੰਦੀਪ ਗੋਇਲ
– ਜਿਲ੍ਹਾ ਪੁਲਿਸ ਮੁਖੀ ਵੱਲੋਂ ਸਿੱਖਿਆ ਸੰਸਥਾਵਾਂ ਦੇ ਮੁਖੀਆਂ ਨਾਲ ਕੀਤੀ ਮੀਟਿੰਗ
– ਟ੍ਰੈਫਿਕ ਨਿਯਮਾਂ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਲਾਏ ਜਾਣਗੇ ਸੈਮੀਨਾਰ
– ਕੋਰੋਨਾ ਦੀ ਤੀਜੀ ਸੰਭਾਵੀ ਲਹਿਰ ਤੋ ਬਚਣ ਲਈ ਬੱਚਿਆਂ ਨੂੰ ਕੀਤਾ ਜਾਵੇ ਜਾਗਰੂਕ
ਬੀ ਟੀ ਐੱਨ , ਫਤਹਿਗੜ੍ਹ ਸਾਹਿਬ, 18 ਸਤੰਬਰ 2021
ਵਧੀਆ ਸਮਾਜ ਦੀ ਸਿਰਜਣਾ ਵਿੱਚ ਅਧਿਆਪਕਾਂ ਦਾ ਅਹਿਮ ਯੋਗਦਾਨ ਹੁੰਦਾ ਹੈ ਜੋ ਕਿ ਅਧਿਆਪਕਾ ਤੋਂ ਸਿੱਖਿਆ ਲੈ ਕੇ ਹੀ ਇਨਸਾਨ ਆਪਣਾ ਜੀਵਨ ਜਿਉਣਾ ਸੁਰੂ ਕਰਦਾ ਹੈ ਅਤੇ ਸਮਾਜ ਬਾਰੇ ਕੁਝ ਚੰਗਾ ਕਰਨ ਬਾਰੇ ਸੋਚਦਾ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਐਸ ਐਸ ਪੀ ਫਤਹਿਗੜ੍ਹ ਸਾਹਿਬ ਸ੍ਰੀ ਸੰਦੀਪ ਗੋਇਲ ਨੇ ਬੱਚਤ ਭਵਨ ਫਤਹਿਗੜ੍ਹ ਸਾਹਿਬ ਵਿਖੇ ਜਿਲ੍ਹੇ ਦੀਆਂ ਪ੍ਰਾਈਵੇਟ ਸਿੱਖਿਆਂ ਸੰਸਥਾਵਾਂ ਦੇ ਮੁਖੀਆਂ ਨਾਲ ਮੀਟਿੰਗ ਕਰਨ ਮੌਕੇ ਕੀਤਾ। ਇਸ ਮੌਕੇ ਜਿਲ੍ਹਾ ਪੁਲਿਸ ਮੁਖੀ ਨੂੰ ਸਿੱਖਿਆਂ ਸੰਸਥਾਵਾਂ ਦੇ ਮੁਖੀਆਂ ਵੱਲੋਂ ਸਕੂਲ ਪ੍ਰਬੰਧਕਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ।
ਐਸ ਐਸ ਪੀ ਨੇ ਕਿਹਾ ਕਿ ਸਮਾਜ ਵਿਚ ਆਈਆਂ ਤਰੁੱਟੀਆਂ ਨੂੰ ਸਾਰਿਆਂ ਦੇ ਸਹਿਯੋਗ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿੱਚ ਅਧਿਆਪਕ ਵਰਗ ਸਭ ਤੋਂ ਵੱਡਾ ਰੋਲ ਨਿਭਾ ਸਕਦੇ ਹਨ। ਉਨ੍ਹਾਂ ਅਧਿਆਪਕਾਂ ਨੂੰ ਇਹ ਵੀ ਕਿਹਾ ਕਿ ਉਹ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾਵੇ ਅਤੇ ਜਦੋ ਤੱਕ ਉਨ੍ਹਾਂ ਦਾ ਡਰਾਇਵਿੰਗ ਲਾਇਸੰਸ ਨਹੀ ਬਣ ਜਾਂਦਾ ਉਹਨਾਂ ਨੂੰ ਵਹੀਕਲ ਚਲਾਉਣ ਦੀ ਆਗਿਆਂ ਨਹੀ ਦਿੱਤੀ ਜਾਵੇ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਨਾਬਾਲਗ ਬੱਚਿਆਂ ਨੂੰ ਵਹੀਕਲ ਚਲਾਉਣ ਦੀ ਬਿਲਕੁਲ ਆਗਿਆਂ ਨਾ ਦੇਣ। ਉਨ੍ਹਾਂ ਅਧਿਆਪਕਾਂ ਨੂੰ ਇਹ ਵੀ ਕਿਹਾ ਕਿ ਨਸ਼ਿਆਂ ਤੇ ਮੁਕੰਮਲ ਰੋਕ ਪਾਉਣ ਲਈ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇ।
ਐਸ ਐਸ ਪੀ ਨੇ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਵੀ ਟ੍ਰੈਫਿਕ ਨਿਯਮਾਂ ਅਤੇ ਨਸ਼ਿਆਂ ਦੇ ਮਾੜ੍ਹੇ ਪ੍ਰਭਾਵਾਂ ਬਾਰੇ ਸਕੂਲਾਂ ਕਾਲਜਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ 01 ਅਕਤੂਬਰ ਤੱਕ ਮੋਟਰ ਸਾਇਕਲਾਂ ਦੇ ਸਲੰਸ਼ਰਾਂ ਉੱਤੇ ਯੰਤਰ ਲਗਾ ਕੇ ਬਜਾਏ ਜਾਣ ਵਾਲੇ ਪਟਾਕੇ ਮੁਕੰਮਲ ਤੌਰ ਤੇ ਬੰਦ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਹੁਣ ਤੱਕ 60 ਤੋਂ ਵੱਧ ਅਜਿਹੇ ਯੰਤਰ ਉਤਰਵਾਏ ਜਾ ਚੁੱਕੇ ਹਨ।
ਐਸ ਐਸ ਪੀ ਨੇ ਸਕੂਲ ਮੁਖੀਆਂ ਨੂੰ ਕਿਹਾ ਕਿ ਸਕੂਲਾਂ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੀਸੀਟੀਵੀ ਕੈਮਰੇ ਲਗਾਏ ਜਾਣ। ਜਿਨ੍ਹਾਂ ਦਾ ਘੱਟੋ ਘੱਟ 24 ਦਿਨਾਂ ਦਾ ਬੈਕਅਪ ਹੋਵੇ ਤਾਂ ਜੋ ਅਜਿਹੇ ਸ਼ਰਾਰਤੀ ਅਨਸਰਾ ਦੀ ਪਛਾਣ ਹੋ ਸਕੇ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਚੋਕੀਦਾਰ ਰੱਖਣ ਸਮੇਂ ਵਿਅਕਤੀ ਦਾ ਅਧਾਰ ਕਾਰਡ ਸਮੇ ਮੁਕੰਮਲ ਪਤਾ ਲਿਆ ਜਾਵੇ ਅਤੇ ਉਸਦੀ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਵੇ, ਕਿਉਕਿ ਕੁਝ ਵਿਅਕਤੀ ਚੋਰੀ ਦੀ ਨਿਯਤ ਨਾਲ ਭਰਤੀ ਹੋ ਜਾਂਦੇ ਹਨ ਅਤੇ ਚੋਰੀ ਹੋਣ ਜਾਣ ਉਪਰੰਤ ਉਨ੍ਹਾਂ ਦਾ ਪਤਾ ਲਗਵਾਉਣਾ ਮੁਸ਼ਕਿਲ ਹੋ ਜਾਂਦਾ ਹੈ।
ਐਸ ਐਸ ਪੀ ਨੇ ਸਕੂਲ ਮੁਖੀਆਂ ਨੂੰ ਕਿਹਾ ਕਿ ਕੋਰੋਨਾ ਦੀ ਤੀਜੀ ਸੰਭਾਵੀ ਲਹਿਰ ਨੂੰ ਰੋਕਣ ਲਈ ਬੱਚਿਆਂ ਨੂੰ ਸਰਕਾਰ ਦੀਆਂ ਹਦਾਇਤਾਂ ਪੂਰੀ ਸਖਤੀ ਨਾਲ ਮੰਨਣ ਲਈ ਪਾਬੰਦ ਕੀਤਾ ਜਾਵੇ ਤੇ ਸਕੂਲ ਵਿੱਚ ਬੱਚਿਆਂ ਨੂੰ ਮਾਸਕ ਪਾਉਣਾ,ਸਮਾਜਕ ਦੂਰੀ ਰੱਖਣ ਲਈ ਪ੍ਰੇਰਿਤ ਕੀਤਾ ਜਾਵੇ। ਅਤੇ ਬੱਚਿਆਂ ਨੂੰ ਕਿਹਾ ਜਾਵੇ ਕਿ ਉਹ ਆਪਣੇ ਮਾਪਿਆਂ ਨੂੰ ਵੀ ਵੈਕਸੀਨੇਸ਼ਨ ਲਗਵਾਉਣ ਲਈ ਜਾਗਰੂਕ ਕਰਨ।
ਇਸ ਮੌਕੇ ਐਸ ਪੀ ਐਚ ਸ੍ਰੀ ਹਰਪਾਲ ਸਿੰਘ, ਐਸ ਪੀ ਡੀ ਸ਼੍ਰੀ ਜਗਜੀਤ ਸਿੰਘ ਜੱਲ੍ਹਾ, ਡੀ ਐਸ ਪੀ ਫਤਹਿਗੜ੍ਹ ਸਾਹਿਬ ਸ੍ਰੀ ਮਨਜੀਤ ਸਿੰਘ, ਪ੍ਰਧਾਨ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਅਤੇ ਐਸੋਸੀਏਸਨ ਜਿਲ੍ਹਾ ਫਤਹਿਗੜ ਸਾਹਿਬ ਜੁਆਏ ਕੁਟੀ ਸਮੇਤ ਜਿਲ੍ਹੇ ਦੇ ਵੱਖ ਵੱਖ ਸਿੱਖਿਆ ਸੰਸਥਾਵਾਂ ਦੇ ਮੁਖੀ ਹਾਜਰ ਸਨ।