ਘਪਲਾ ਉਜਾਗਰ ਹੋਣ ਤੋਂ ਬਾਅਦ ਸਾਈਨ ਬੋਰਡ ਦੀ ਕੀਮਤ 3800 ਰੁਪਏ ਘਟੀ
ਹਰਿੰਦਰ ਨਿੱਕਾ , ਬਰਨਾਲਾ 15 ਸਤੰਬਰ 2021
ਨਗਰ ਕੌਂਸਲ ਵੱਲੋਂ ਸ਼ਹਿਰ ਦੀਆਂ ਗਲੀਆਂ ਨੂੰ ਦਰਸਾਉਂਣ ਲਈ ਲਗਾਏ 465 ਸਾਈਨ ਬੋਰਡਾਂ ਦੀ 7400 ਰੁਪਏ ਪ੍ਰਤੀ ਬੋਰਡ ਕੀਮਤ ਬਾਹਰ ਆਉਣ ਤੋਂ ਬਾਅਦ ਹੋ ਰਹੀ ਫਜੀਹਤ ਤੋਂ 6 ਦਿਨ ਪਿੱਛੋਂ ਨਗਰ ਕੌਂਸਲ ਪ੍ਰਬੰਧਕਾਂ ਨੇ ਯੂ ਟਰਨ ਲੈਂਦਿਆਂ ਬੈਕ ਗੇਅਰ ਪਾ ਲਿਆ ਹੈ। ਨਗਰ ਕੌਂਸਲ ਦੇ ਈਉ ਮੋਹਿਤ ਸ਼ਰਮਾ ਨੇ ਦੱਸਿਆ ਕਿ ਸਾਈਨ ਬੋਰਡ ਦੀ ਕੀਮਤ ਦੀ ਅਦਾਇਗੀ 3600 ਰੁਪਏ ਦੇ ਹਿਸਾਬ ਨਾਲ ਕੀਤੀ ਜਾਵੇਗੀ। ਉੱਨ੍ਹਾ ਕਿਹਾ ਕਿ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਤੋਂ ਗਲਤੀ ਨਾਲ ਬੋਰਡ ਦੀ ਕੀਮਤ 7400 ਰੁਪਏ ਕਹਿ ਦਿੱਤੀ ਗਈ ਸੀ। ਈਉ ਨੇ ਦੱਸਿਆ ਕਿ ਹਾਲੇ ਤੱਕ ਨਗਰ ਕੌਂਸਲ ਵੱਲੋਂ ਕਰੀਬ 10 ਲੱਖ ਰੁਪਏ ਦੀ ਹੀ ਅਦਾਇਗੀ ਰਨਿੰਗ ਪੇਮੈਂਟ ਕੀਤੀ ਗਈ ਹੈ। ਬਾਕੀ ਪੇਮੈਂਟ ਹਾਲੇ ਪੂਰਾ ਹਿਸਾਬ ਕਿਤਾਬ ਕਰਕੇ ਹੀ ਕਰਾਂਗੇ। ਉਨ੍ਹਾਂ ਕੌਸਲਰ ਹੇਮਰਾਜ ਗਰਗ ਵੱਲੋਂ ਸਾਈਨ ਬੋਰਡ 2251 ਰੁਪਏ ਵਿੱਚ ਤਿਆਰ ਕਰਵਾਉਣ ਸਬੰਧੀ ਕਿਹਾ ਕਿ ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਵਰਨਣਯੋਗ ਹੈ ਕਿ ਨਗਰ ਕੌਂਸਲ ਤੋਂ ਹੇਮਰਾਜ ਗਰਗ ਦੁਆਰਾ ਬੋਰਡਾਂ ਦੇ ਰੇਟ, ਵੇਟ ਅਤੇ ਧਾਤੁ ਆਦਿ ਬਾਰੇ ਮੰਗੀ ਸੂਚਨਾ ਦਾ ਜੁਆਬ ਚਾਰ ਲਾਈਨਾਂ ਵਿੱਚ ਇਹ ਦੱਸ ਕੇ ਹੀ ਪੱਲਾ ਝਾੜ ਲਿਆ ਕਿ ਇਹ ਹਾਊਸ ਦਾ ਹੀ ਫੈਸਲਾ ਲਿਆ ਗਿਆ ਹੈ। ਜਿਕਰਯੋਗ ਹੈ ਕਿ ਨਗਰ ਕੌਂਸਲ ਦੇ ਪ੍ਰਧਾਨ ਰਾਮਣਵਾਸੀਆ ਨੇ ਮੀਡੀਆ ਨੂੰ ਕਿਹਾ ਸੀ ਕਿ ਬੋਰਡ ਵਧੀਆ ਕਵਾਲਿਟੀ ਦੇ ਹਨ,ਜਿਸ ਕਰਕੇ ਸਾਈਨ ਬੋਰਡ ਦੀ ਕੀਮਤ 7400 ਰੁਪਏ ਹੀ ਜਾਇਜ਼ ਹੈ। ਬੇਸੱਕ ਨਗਰ ਕੌਂਸਲ ਨੇ ਹੁਣ ਬੋਰਡ ਦੀ ਅਦਾਇਗੀ 3600 ਰੁਪਏ ਹੀ ਕਰਨ ਦਾ ਫੈਸਲਾ ਲੈ।ਲਿਆ ਹੈ। ਪਰੰਤੂ ਇਹ ਕੀਮਤ ਵੀ ਬਜਾਰੀ ਮੁੱਲ ਤੋ 1349 ਰੁਪਏ ਜਿਆਦਾ ਕੀਤੀ ਜਾ ਰਹੀ ਹੈ।