ਕੌਸਲਰ ਨੇ ਦੱਸਿਆ ਬੋਰਡ ਤੇ ਲੱਗੇ ਸਿਰਫ 2251 ਰੁਪਏ, ਨਗਰ ਕੌਂਸਲ ਨੇ 1 ਸਾਈਨ ਬੋਰਡ ਦੀ ਕੀਮਤ ਪਾਈ 7400 ਰੁਪਏ
ਵੰਝ ਬਰਾਬਰ ਗੱਡਿਆ, ਸਾਈਨ ਬੋਰਡਾਂ ਦੇ ਭ੍ਰਿਸ਼ਟਾਚਾਰ ਦੀ ਬਰਾਬਰ ਬੋਰਡ ਲਗਾ ਕੇ ਹੇਮਰਾਜ ਗਰਗ ਨੇ ਖੋਲ੍ਹੀ ਪੋਲ
ਹਰਿੰਦਰ ਨਿੱਕਾ , ਬਰਨਾਲਾ 14 ਸਤੰਬਰ 2021
ਨਗਰ ਕੌਂਸਲ ਵੱਲੋਂ ਸ਼ਹਿਰ ਦੀ ਸੁੰਦਰਤਾ ਬਣਾਉਣ ਦੀ ਆੜ ਹੇਠ ਗਲੀਆਂ ਨੂੰ ਦਰਸਾਉਣ ਲਈ ਲਗਾਏ 465 ਸਾਈਨ ਬੋਰਡਾਂ ਵਿੱਚ ਕੀਤੇ ਕਥਿਤ ਭ੍ਰਿਸ਼ਟਾਚਾਰ ਦੀ ਲੋਕ ਕਚਿਹਰੀ ‘ਚ ਪੋਲ ਖੋਲ੍ਹਣ ਲਈ ਸੀਨੀਅਰ ਕੌਂਸਲਰ ਹੇਮਰਾਜ ਗਰਗ ਨੇ ਭ੍ਰਿਸ਼ਟਾਚਾਰ ਨੂੰ ਜਨਤਕ ਕਰਨ ਲਈ ਬਰਾਬਰ ਦੋ ਬੋਰਡ , ਬੋਰਡ ਦੀ ਖਰੀਦ ਕੀਮਤ ਲਿਖ ਕੇ ਲਗਾ ਦਿੱਤੇ। ਪਰੰਤੂ ਸ਼ਹਿਰ ਅਤੇ ਇਲਾਕੇ ਵਿੱਚ ਹੋ ਰਹੀ ਬੇਇੱਜਤੀ ਨੂੰ ਨਾ ਸਹਾਰਦਿਆਂ ਨਗਰ ਕੌਂਸਲ ਅਧਿਕਾਰੀਆਂ ਦੇ ਹੁਕਮਾਂ ਤੇ ਕੌਂਸਲ ਕਰਮਚਾਰੀਆਂ ਨੇ ਬੋਰਡ ਲਗਾਏ ਜਾਣ ਤੋਂ ਕਰੀਬ ਅੱਧੇ ਘੰਟੇ ਬਾਅਦ ਹੀ ਹੇਮਰਾਜ ਵੱਲੋਂ ਲਗਾਏ ਦੋਵੇ ਬੋਰਡ ਪੁੱਟ ਦਿੱਤੇ। ਬੋਰਡ ਲਗਾਉਣ ਅਤੇ ਭ੍ਰਿਸ਼ਟਾਚਾਰ ਤੇ ਪਰਦਾ ਪਾਈ ਰੱਖਣ ਲਈ ਬੋਰਡ ਉਖਾੜੇ ਜਾਣ ਦੇ ਮੁੱਦੇ ਤੇ ਕਾਂਗਰਸ ਪਾਰਟੀ ਅਤੇ ਨਗਰ ਪ੍ਰਬੰਧਕ ਕਟਿਹਰੇ ਵਿੱਚ ਖੜ੍ਹ ਗਏ ਹਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੌਂਸਲਰ ਹੇਮਰਾਜ ਗਰਗ ਨੇ ਦੱਸਿਆ ਕਿ ਉਨਾਂ ਨੇ ਪਹਿਲਾਂ ਬੋਰਡਾਂ ਦੇ ਘੋਟਾਲੇ ਨੂੰ ਬੇਨਕਾਬ ਕਰਨ ਲਈ ਨਗਰ ਕੌਂਸਲ ਤੋਂ ਆਰਟੀਆਈ ਰਾਹੀਂ ਬੋਰਡਾਂ ਦੇ ਰੇਟ/ਵੇਟ/ਧਾਤੂ/ ਅਤੇ ਬੋਰਡਾਂ ਦੀ ਖਰੀਦ ਕਰਨ ਵਾਲੇ ਜਿੰਮੇਵਾਰ ਅਧਿਕਾਰੀਆਂ ਬਾਰੇ ਸੂਚਨਾ ਮੰਗੀ ਸੀ। ਪਰੰਤੂ ਨਗਰ ਕੌਂਸਲ ਵੱਲੋਂ ਸਿਰਫ ਚਾਰ ਲਾਇਨਾਂ ਵਿੱਚ ਸੂਚਨਾ ਦਿੰਦਿਆਂ ਕਿਹਾ ਕਿ ਬੋਰਡ ਖਰੀਦਣ ਦਾ ਫੈਸਲਾ ਹਾਊਸ ਦੀ ਮੀਟਿੰਗ ਵਿੱਚ ਲਿਆ ਗਿਆ। ਕੌਸਲਰ ਗਰਗ ਨੇ ਕਿਹਾ ਕਿ ਘੋਟਾਲੇ ਤੇ ਪਰਦਾ ਪਾਈ ਰੱਖਣ ਲਈ , ਮੰਗੀ ਗਈ ਸੂਚਨਾ ਉਪਲੱਭਧ ਕਰਵਾਉਣਾ ਹੀ ਜਰੂਰੀ ਨਹੀਂ ਸਮਝਿਆ। ਗਰਗ ਨੇ ਕਿਹਾ ਕਿ ਆਖਿਰ ਉਸ ਨੇ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਖੁਦ 2 ਸਾਈਨ ਬੋਰਡ ਬਣਾ ਕੇ ਬੋਰਡ ਬਣਾਉਣ ਤੇ ਆਏ ਖਰਚ ਦਾ ਵੇਰਵਾ ਦੇ ਕੇ ਨਹਿਰੂ ਚੌਂਕ ਅਤੇ ਨਗਰ ਕੌਂਸਲ ਦਫਤਰ ਦੇ ਬਾਹਰ ਬੋਰਡ ਲਗਾ ਦਿੱਤੇ। ਤਾਂਕਿ ਆਮ ਲੋਕ ਨਗਰ ਕੌਂਸਲ ਵਿੱਚ ਫੈਲੇ ਭ੍ਰਿਸ਼ਟਾਚਾਰ ਤੋਂ ਵਾਕਿਫ ਹੋ ਸਕਣ।
ਬੋਰਡ ਪੁੱਟ ਕੇ ਘਪਲੇ ਤੇ ਪਰਦਾ ਨਹੀਂ ਪੈਣਾ- ਹੇਮ ਰਾਜ ਗਰਗ
ਕੌਂਸਲਰ ਹੇਮਰਾਜ ਗਰਗ ਵੱਲੋਂ ਲਗਾਏ ਦੋਵੇਂ ਸਾਈਨ ਬੋਰਡ ਪੁੱਟ ਜਾਣ ਤੇ ਪ੍ਰਤੀਕਿਰਿਆ ਦਿੰਦੇ ਹੋਏ ਹੇਮ ਰਾਜ ਗਰਗ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੀ ਪੋਲ ਖੋਹਲਣ ਲਈ ਲਗਾਏ ਬੋਰਡ ਪੁੱਟ ਕੇ ਵੀ ਕੌਂਸਲ ਅਧਿਕਾਰੀ ਸਾਈਨ ਬੋਰਡ ਘੁਟਾਲੇ ਤੇ ਪਰਦਾ ਨਹੀਂ ਪਾ ਸਕਣਗੇ। ਉਨਾਂ ਕਿਹਾ ਕਿ ਉਹ ਨਗਰ ਕੌਂਸਲ ਅੰਦਰ ਹੋ ਰਹੇ ਭ੍ਰਿਸ਼ਟਾਚਾਰ ਦਾ ਪਾਜ਼ ਉਧੇੜਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉੱਧਰ ਨਗਰ ਕੌਂਸਲ ਦੇ ਈਉ ਮੋਹਿਤ ਸ਼ਰਮਾ ਨੇ ਕਿਹਾ ਕਿ ਉਨਾਂ ਨੂੰ ਕੋਈ ਜਾਣਕਾਰੀ ਨਹੀਂ ਕਿ ਬੋਰਡਾਂ ਤੇ ਕੀ ਲਿਖਿਆ ਗਿਆ ਸੀ। ਪਰੰਤੂ ਉਨਾਂ ਅੱਜ ਸ਼ਹਿਰ ਅੰਦਰ ਲਗਰ ਕੌਂਸਲ ਦੀ ਮਨਜੂਰੀ ਤੋਂ ਬਿਨਾਂ ਲੱਗੇ ਸਾਰੇ ਬੋਰਡਾਂ ਨੂੰ ਪੁੱਟ ਦੇਣ ਲਈ ਲਿਖਤੀ ਪੱਤਰ ਸਬੰਧਿਤ ਬ੍ਰਾਂਚ ਨੂੰ ਭੇਜਿਆ ਹੈ। ਜਿਸ ਤੇ ਅਮਲ ਕਰਦਿਆਂ ਇਹ ਬੋਰਡ ਵੀ ਹਟਾ ਦਿੱਤੇ ਗਏ ਹਨ।
ਵਰਨਣਯੋਗ ਹੈ ਕਿ ਬਰਨਾਲਾ ਟੂਡੇ/ ਟੂਡੇ ਨਿਊਜ ਵੱਲੋਂ ਸਾਈਨ ਬੋਰਡਾਂ ਵਿੱਚ ਹੋਏ ਕਰੀਬ 25 ਲੱਖ ਰੁਪਏ ਦੇ ਘੁਟਾਲੇ ਦਾ ਮੁੱਦਾ 10 ਸਤੰਬਰ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਸੀ। ਇਹ ਮੁੱਦਾ ਇਸ ਕਦਰ ਉੱਛਲਿਆ ਕਿ ਬੋਰਡਾਂ ਦੇ ਭ੍ਰਿਸ਼ਟਾਚਾਰ ਦੀ ਚਰਚਾ ਗਲੀ ਗਲੀ ਛਿਡ ਗਈ ਅਤੇ ਰਾਜਨੀਤੀ ਵੀ ਭਖ ਗਈ। ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਮੀਤ ਹੇਅਰ ਨੇ ਵੀ ਸਾਈਨ ਬੋਰਡਾਂ ਵਿੱਚ ਹੋਏ ਘੁਟਾਲੇ ਨੂੰ ਲੈ ਕੇ ਨਗਰ ਕੌਂਸਲ ਦੇ ਪ੍ਰਬੰਧਕਾਂ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਤੇ ਵੀ ਤਾਂਬੜਤੋੜ ਹੱਲਾ ਬੋਲਿਆ ਸੀ ਅਤੇ ਮਾਮਲੇ ਦੀ ਜ਼ਾਂਚ ਲਈ ਏਡੀਸੀ ਅਰਬਨ ਨੂੰ ਬਕਾਇਦਾ ਮੰਗ ਪੱਤਰ ਵੀ ਦਿੱਤਾ ਗਿਆ ਸੀ।
ਕਾਂਗਰਸੀ ਅਤੇ ਅਕਾਲੀ ਆਗੂਆਂ ਨੇ ਧਾਰੀ ਖਾਮੋਸ਼ੀ
ਬੇਸ਼ੱਕ ਨਗਰ ਕੌਂਸਲ ਵਿੱਚ ਹੋਏ ਸਾਇਨ ਬੋਰਡ ਘੁਟਾਲੇ ਦਾ ਮਾਮਲਾ ਸ਼ਹਿਰ ਅੰਦਰ ਭਖਿਆ ਹੋਇਆ ਹੈ। ਪਰੰਤੂ ਕਾਂਗਰਸ ਦੇ ਹਲਕਾ ਇੰਚਾਰਜ਼ ਕੇਵਲ ਸਿੰਘ ਢਿੱਲੋਂ ਸਮੇਤ ਕਿਸੇ ਵੀ ਕਾਂਗਰਸੀ ਆਗੂ ਨੇ ਇਸ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਕੋਈ ਜੁਆਬ ਨਹੀਂ ਦਿੱਤਾ। ਇੱਥੇ ਹੀ ਬੱਸ ਨਹੀਂ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੰਤਾ ਅਤੇ ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਤੇ ਅਕਾਲੀ ਆਗੂ ਸੰਜੀਵ ਸ਼ੋਰੀ ਵੀ ਹੁਣ ਤੱਕ ਇਸ ਮੁੱਦੇ ਤੇ ਸੁੱਚੇ ਮੂੰਹ ਹੀ ਬੈਠੇ ਹਨ।