ਨਗਰ ਕੌਂਸਲ ਵੱਲੋਂ ਤਿਆਰ ਸਾਈਨ ਬੋਰਡਾਂ ਤੋਂ ਵਧੀਆ ਕਵਾਲਿਟੀ ਅਤੇ ਸਸਤੇ ਰੇਟਾਂ ਤੇ ਤਿਆਰ ਬੋਰਡ ਕਰਾਂਗਾ ਕੌਂਸਲ ਨੂੰ ਭੇਂਟ- ਕਾਲਾ ਢਿੱਲੋਂ
ਹਰਿੰਦਰ ਨਿੱਕਾ , ਬਰਨਾਲਾ 11 ਸਤੰਬਰ 2021
ਭ੍ਰਿਸ਼ਟਾਚਾਰ ਦੀ ਜਿੰਦਾ ਮਿਸਾਲ ਬਣ ਕੇ ਉੱਭਰੇ ਨਗਰ ਕੌਂਸਲ ਵੱਲੋਂ ਸ਼ਹਿਰ ਦੀਆਂ ਗਲੀਆਂ ਨੂੰ ਦਰਸਾਉਣ ਲਈ ਲਗਾਏ ਸਾਈਨ ਬੋਰਡਾਂ ਦਾ ਮੁੱਦਾ, ਬਰਨਾਲਾ ਟੂਡੇ ਵੱਲੋਂ ਪ੍ਰਮੁੱਖਤਾ ਨਾਲ ਉਠਾਏ ਜਾਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀ ਛਾਇਆ ਹੋਇਆ ਹੈ। ਹਰ ਗਲੀ ਮੁਹੱਲੇ ਦੇ ਬਾਹਰ ਲੱਗੇ ਸਾਈਨ ਬੋਰਡਾਂ ਬਾਰੇ, ਲੋਕ ਇੱਕੋ ਹੀ ਗੱਲ ਕਹਿਣ ਲੱਗ ਪਏ ਹਨ ਕਿ ਆਹ ਉਹ ਬੋਰਡ ਐ, ਜਿਹੜਾ ਨਗਰ ਕੌਂਸਲ ਵੱਲੋਂ ਬਜ਼ਾਰੀ ਕੀਮਤ ਤੋਂ ਕਰੀਬ 5/5 ਹਜ਼ਾਰ ਰੁਪਏ ਵੱਧ ਬਿਲ ਅਦਾ ਕਰਕੇ ਲਗਵਾਇਆ ਗਿਆ ਹੈ। ਸ਼ੋਸ਼ਲ ਮੀਡੀਆ ਤੇ ਲੋਕ ਇੱਕ ਦੂਜੇ ਨੂੰ ਚੁਟਕੀ ਲੈ ਕੇ ਪੋਸਟਾਂ ਪਾ ਰਹੇ ਹਨ ਕਿ ਕਿਸੇ ਨੂੰ ਸਟੀਲ ਦੇ ਬੋਰਡ ਦਾ ਭਾਅ ਪਤਾ ਹੈ, ਅਸੀਂ ਵੀ ਨਗਰ ਕੌਂਸਲ ਵਰਗੇ ਬੋਰਡ ਬਣਵਾ ਕੇ ਲਾਉਣੇ ਹਨ। ਅੱਗੋਂ ਲੋਕੀ ਕੁਮੈਂਟ ਕਰ ਰਹੇ ਹਨ, ਇਹ ਤਾਂ ਪ੍ਰਧਾਨਕਿਆਂ ਦੀ ਦੁਕਾਨ ਤੋਂ 7400 ਰੁਪਏ ਵਿੱਚ ਮਿਲਦੇ ਹਨ। ਕੁੱਝ ਲੋਕ ਇਹ ਵੀ ਵਿਅੰਗ ਕਰ ਰਹੇ ਹਨ ਕਿ ਇੱਨ੍ਹੇ ਮਹਿੰਗੇ ਰੇਟਾਂ ਤੇ ਬੋਰਡ ਲਗਾ ਕੇ ਵਿਕਾਸ ਕੀਤਾ ਜਾ ਰਿਹਾ ਹੈ, ਵਿਕਾਸ ਕਿਸਦਾ ਹੋ ਰਿਹਾ ਹੈ, ਲੋਕ ਇਸ ਗੱਲ ਤੇ ਵੱਖ ਵੱਖ ਆਗੂਆਂ ਦੇ ਨਾਮ ਵੀ ਲਿਖ ਰਹੇ ਹਨ। ਹਾਲਤ ਇਹ ਹੈ ਕਿ ਹੁਣ ਭ੍ਰਿਸ਼ਟਾਚਾਰ ਦਾ ਸਾਈਨ ਬਣੇ ਬੋਰਡਾਂ ਤੇ ਵਿਰੋਧੀਆਂ ਨੂੰ ਵੀ ਰਾਜਨੀਤੀ ਕਰਨ ਦਾ ਮੌਕਾ ਬੈਠੇ ਬਿਠਾਏ ਮਿਲ ਗਿਆ ਹੈ।
202 ਗਰੇਡ ਕਵਾਲਿਟੀ ਦਾ ਬੋਰਡ ਸਿਰਫ 2100 ਰੁਪਏ
ਬਰਨਾਲਾ ਟੂਡੇ ਦੀ ਟੀਮ ਵੱਲੋਂ ਤਿਆਰ ਗਰਾਉਂਡ ਜੀਰੋ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਡੇਢ ਇੰਚ ਮੋਟਾਈ ਵਾਲੀ ਸਟੀਲ ਪਾਇਪ ਦੀ ਕਰੀਬ 68 ਇੰਚ ਲੰਬਾਈ ਅਤੇ 21 ਇੰਚ ਬੋਰਡ ਦੀ ਉਚਾਈ ਅਤੇ , 20-20 ਇੰਚ ਚੌੜਾਈ, ਜਦੋਂਕਿ 13, 13 ਇੰਚ ਮੋੜ ਵਾਲੇ ਫਰੇਮ ਦੀ (ਕੁੱਲ ਲੰਬਾਈ 158 ਇੰਚ) ਹੈ। ਇੱਕ ਦੁਕਾਨਦਾਰ ਨੇ ਦੱਸਿਆ ਕਿ ਨਗਰ ਕੌਂਸਲ ਦਾ ਇੱਕ ਅਧਿਕਾਰੀ ਉਨਾਂ ਤੋਂ ਬੋਰਡ ਬਣਵਾਉਣ ਲਈ ਰੇਟ ਪਤਾ ਕਰਨ ਲਈ ਬੋਰਡ ਬਣਵਾਉਣ ਤੋਂ ਪਹਿਲਾਂ ਆਇਆ ਸੀ। ਜਿਸ ਨੂੰ ਉਨਾਂ ਸਾਫ ਸਾਫ ਸ਼ਬਦਾਂ ਵਿੱਚ ਦੱਸਿਆ ਸੀ ਕਿ ਉਨਾਂ ਵੱਲੋਂ ਦੱਸੇ ਉਕਤ ਸਾਈਜ ਦੇ ਬੋਰਡ ਬਣਾਉਣ ਲਈ 202 ਗਰੇਡ ਦੀ ਸਟੀਲ ਪਾਈਪ ਦਾ ਰੇਟ 200 ਰੁਪਏ ਕਿੱਲੋਗ੍ਰਾਮ ਹੈ, ਜਦੋਂ ਕਿ 304 ਗਰੇਡ ਦੀ ਪਾਈਪ ਦਾ ਰੇਟ 315 ਰੁਪਏ ਕਿੱਲੋਗ੍ਰਾਮ ਹੈ। ਉਨਾਂ ਕਿਹਾ ਕਿ ਸਮੇਤ ਲਵਾਈ , ਲੇਬਰ ਅਤੇ ਜੀਐਸਟੀ ਟੈਕਸ ਸਮੇਤ ਉਨਾਂ 202 ਗਰੇਡ ਵਾਲਾ 6 ਕਿੱਲੋ ਵਜ਼ਨ ਦਾ ਬੋਰਡ 2100 ਰੁਪਏ ਵਿੱਚ ਤਿਆਰ ਕਰਨ ਲਈ ਕਿਹਾ ਸੀ, ਪਰੰਤੂ ਉਹ ਇਸ ਰੇਟ ਤੋਂ ਵੀ ਘੱਟ ਰੇਟ ਤੇ ਬੋਰਡ ਬਣਵਾਉਣਾ ਚਾਹੁੰਦੇ ਸਨ, ਜਿਸ ਕਾਰਣ, ਉਸ ਨੇ ਉਨਾਂ ਨੂੰ ਬੋਰਡ ਬਣਾਉਣ ਤੋਂ ਇਨਕਾਰ ਕਰ ਦਿੱਤਾ। ਜਿਕਰਯੋਗ ਹੈ ਕਿ ਨਗਰ ਕੌਂਸਲ ਨੇ ਕੁੱਲ 465 ਬੋਰਡ ਤਿਆਰ ਕਰਵਾਏ ਹਨ, ਜਿੰਨਾਂ ਦੀ ਬਜਾਰੀ ਕੀਮਤ ਕਰੀਬ 2100 ਰੁਪਏ ਦੇ ਕਰੀਬ ਕੁੱਲ 9 ਲੱਖ 76 ਹਜ਼ਾਰ ਰੁਪਏ ਬਣਦੀ ਹੈ। ਪਰੰਤੂ ਨਗਰ ਕੌਂਸਲ ਅਧਿਕਾਰੀਆਂ ਵਲੋਂ ਸਾਈਨ ਬੋਰਡ 7400 ਰੁਪਏ ਦੇ ਹਿਸਾਬ ਪ੍ਰਤੀ ਬੋਰਡ ਨਗਰ ਕੌਂਸਲ ਵੱਲੋਂ ਕਰੀਬ 25 ਲੱਖ ਰੁਪਏ ਦਾ ਚੁੂਨਾ ਲਗਾਇਆ ਗਿਆ ਹੈ।
ਸੀਨੀਅਰ ਕਾਂਗਰਸੀ ਆਗੂ ਅਤੇ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਕਾਗਰਸ ਪਾਰਟੀ ਦੀ ਟਿਕਟ ਦੇ ਮਜਬੂਤ ਦਾਵੇਦਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਇੱਨੀਂ ਵੱਡਾ ਭ੍ਰਿਸ਼ਟਾਚਾਰ, ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਵੇਲੇ, ਜਿਨਾਂ ਸ਼ੁਰੂ ਤੋਂ ਹੀ ਭ੍ਰਿਸ਼ਟਾਚਾਰ ,ਜੀਰੋ ਪ੍ਰਤੀਸ਼ਤ ਟੌਲਰੈਂਸ ਦੀ ਨੀਤੀ ਦਾ ਐਲਾਣ ਕੀਤਾ ਹੋਇਆ ਹੈ। ਕਾਲਾ ਢਿੱਲੋਂ ਨੇ ਕਿਹਾ ਕਿ ਉਨਾਂ ਮਾਰਕੀਟ ਵਿੱਚ ਰੇਟ ਪਤਾ ਕਰ ਲਿਆ ਹੈ, ਰੇਟ ਸਿਰਫ 2100 ਰੁਪਏ ਹੀ ਹੈ। ਉਨਾਂ ਕਿਹਾ ਕਿ ਮੈਨੂੰ ਕਾਫੀ ਲੋਕਾਂ ਦੇ ਫੋਨ ਆ ਰਹੇ ਹਨ ਕਿ ਕਾਫੀ ਗਲੀਆਂ ਵਿੱਚ ਸਾਈਨ ਬੋਰਡ ਨਹੀਂ ਲਗਾਏ ਗਏ। ਅਜਿਹੀਆਂ ਥਾਂਵਾਂ ਤੇ ਸਾਈਨ ਬੋਰਡ ਲਗਾਉਣ ਲਈ ਅਸੀਂ, ਨਗਰ ਕੌਂਸਲ ਵੱਲੋਂ ਲਗਾਏ ਸਾਈਨ ਬੋਰਡਾਂ ਤੋਂ ਚੰਗੀ ਕਵਾਲਿਟੀ ਦੇ ਸਾਈਨ ਬੋਰਡ 2100 ਰੁਪਏ ਵਿੱਚ ਹੀ ਤਿਆਰ ਕਰਵਾ ਕੇ ਨਗਰ ਕੌਂਸਲ ਨੂੰ ਭੈਂਟ ਕਰਨ ਦਾ ਅਸੀਂ ਫੈਸਲਾ ਕੀਤਾ ਹੈ ਤਾਂਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਈਨ ਬੋਰਡਾਂ ਲਵਾਉਣ ਸਮੇਂ ਕੀਤੇ ਵੱਡੇ ਘਪਲੇ ਬਾਰੇ ਸਬੂਤ ਸਹਿਤ ਜਾਣੂ ਕਰਵਾਇਆ ਜਾ ਸਕੇ। ਕਾਲਾ ਢਿੱਲੋਂ ਨੇ ਵਿਅੰਗ ਕਰਦਿਆਂ ਕਿਹਾ ਕਿ ਹੁਣ ਭ੍ਰਿਸ਼ਟਾਚਾਰ ਦਾ ਸ਼ਰੇਆਮ ਖੁਲਾਸਾ ਹੋਣ ਤੋਂ ਬਾਅਦ ਵੀ ਕਾਂਗਰਸ ਦਾ ਵੱਡਾ ਆਗੂ ਚੁੱਪ ਕਿਉਂ ਧਾਰੀ ਬੈਠਾ ਹੈ। ਉਸ ਦੀ ਚੁੱਪ ਵੀ ਭ੍ਰਿਸ਼ਟਾਚਾਰ ਵਿੱਚ ਸ਼ਾਮਿਲ ਹੋਣ ਦਾ ਇਸ਼ਾਰਾ ਕਰ ਰਹੀ ਹੈ। ਉਨਾਂ ਕਿਹਾ ਕਿ ਅਸੀਂ ਜਲਦ ਹੀ ਇਹ ਭ੍ਰਿਸ਼ਟਾਚਾਰ ਦਾ ਮਾਮਲਾ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਖਤੀ ਦੁਰਖਾਸਤ ਪੇਸ਼ ਕਰਕੇ ਲਿਆਂਦਾ ਜਾਵੇਗਾ। ਤਾਂ ਕਿ ਜਾਂਚ ਕਰਕੇ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਹਮਣੇ ਆ ਸਕੇ।