ਕੌਂਸਲਰਾਂ ‘ਚ ਹੋਈ ਘੁਸਰ-ਮੁਸਰ, ਏਜੰਡਾ ਵਾਪਿਸ ਲੈਣ ਭੱਜੇ ਕਰਮਚਾਰੀ
ਹਰਿੰਦਰ ਨਿੱਕਾ , ਬਰਨਾਲਾ 9 ਸਤੰਬਰ 2021
ਨਗਰ ਕੌਂਸਲ ਬਰਨਾਲਾ ਦੀ ਸੱਤਾ ਤੇ ਕਾਬਿਜ ਸੱਤਾਧਾਰੀਆਂ ਉੱਪਰ ਕੌਂਸਲ ਦੇ ਅਧਿਕਾਰੀ ਹੀ ਭਾਰੀ ਪੈ ਚੁੱਕੇ ਹਨ। ਨਗਰ ਕੌਂਸਲ ਦੇ ਪ੍ਰਧਾਨ ਦੀ ਢਿੱਲੀ ਪਕੜ ਦੀ ਵਜ੍ਹਾ ਕਾਰਣ ਵਧੇਰੇ ਕੌਂਸਲਰ ਵੀ ਨਰਾਜ਼ ਹਨ, ਜਿੰਨਾਂ ਹਲਕਾ ਇੰਚਾਰਜ ਦੀ ਕੋਠੀ ਵਿੱਚ ਕੱਲ੍ਹ ਹੋਈ ਮੀਟਿੰਗ ਵਿੱਚ , ਉਨਾਂ ਦੀ ਕੌਂਸਲ ਦਫਤਰ ਵਿੱਚ ਵੀ ਕੋਈ ਸੁਣਵਾਈ ਨਾ ਹੋਣ ਦਾ ਰੋਸ ਜਾਹਿਰ ਕਰਦਿਆਂ, ਕਾਫੀ ਭੜਾਸ ਕੱਢੀ। ਇਸ ਤੋਂ ਵੱਧ ਹੈਰਾਨੀ ਦੀ ਗੱਲ ਕੀ ਹੋਵੇਗੀ ਕਿ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਕੋਠੀ ਵਿੱਚ ਬੈਠੇ, ਕੌਂਸਲਰ , ਨਗਰ ਕੌਂਸਲ ਦੀ ਮੀਟਿੰਗ ਦੀ ਤਾਰੀਖ ਨਿਸਚਿਤ ਕਰਨ ਲਈ ਹਾਲੇ ਵਿਚਾਰਾਂ ਹੀ ਕਰ ਰਹੇ ਸਨ। ਉੱਧਰ ਨਗਰ ਕੌਂਸਲ ਦੇ ਅਧਿਕਾਰੀਆਂ ਨੇ 10 ਸਤੰਬਰ ਨੂੰ ਰੱਖੀ ਮੀਟਿੰਗ ਦੇ ਏਜੰਡੇ ਦੀਆਂ ਕਾਪੀਆਂ ਵੀ ਮੈਂਬਰਾਂ ਦੇ ਘਰੋ-ਘਰੀ ਭੇਜ ਦਿੱਤੀਆਂ। ਏਜੰਡੇ ਦੀਆਂ ਕਾਪੀਆਂ ਵੇਖ ਕੇ ਕੌਂਸਲਰ ਹੱਕੇ-ਬੱਕੇ ਰਹਿ ਗਏ। ਹੋਣ ਵੀ ਕਿਉਂ ਨਾ, ਕੌਂਸਲ ਦੀ ਮੀਟਿੰਗ ਵਿੱਚ ਕੋਈ ਵਿਕਾਸ ਕੰਮਾਂ ਸਬੰਧੀ ਏਜੰਡਾ ਕੌਂਸਲਰਾਂ ਦੀ ਰਾਇ ਨਾਲ ਰੱਖਣ ਦੀ ਕਿਸੇ ਨੇ ਕੋਈ ਲੋੜ ਹੀ ਨਹੀਂ ਸਮਝੀ। ਹੈਰਾਨੀ ਦੀ ਸੱਭ ਤੋਂ ਵੱਡੀ ਗੱਲ ਹਿਹ ਵੇਖੋ ਕਿ ਨਗਰ ਕੌਂਸਲ ਦੇ ਪ੍ਰ੍ਰਧਾਨ ਵੱਲੋਂ ਜਾਰੀ ਏਜੰਡੇ ਦੀਆਂ ਕਾਪੀਆਂ ਤੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆਂ ਦੇ ਦਸਤਖਤ ਵੀ ਨਹੀਂ ਕਰਵਾਏ ਗਏ। ਜਦੋਂ ਇਹ ਮੁਲਾਜਮਾਂ ਦੀ ਆਪੋ-ਧਾਪੀ ਦੀ ਗੱਲ ਦਾ ਰੌਲਾ ਪੈਣਾ ਸ਼ੁਰੂ ਹੋਇਆ ਤਾਂ ਫਿਰ ਕਰਮਚਾਰੀਆਂ ਨੇ ਕੌਂਸਲਰਾਂ ਨੂੰ ਰਸੀਵ ਕਰਵਾਏ ਮੀਟਿੰਗ ਦੇ ਏਜੰਡੇ ਦੀਆਂ ਪ੍ਰਧਾਨ ਦੇ ਦਸਤਖਤਾਂ ਤੋਂ ਬਿਨਾਂ ਭੇਜੀਆਂ ਕਾਪੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਤਾ ਇਹ ਵੀ ਲੱਗਿਆ ਹੈ ਕਿ ਕਰੀਬ 11-15 ਤੱਕ ਲੱਗਭੱਗ ਸਾਰੇ ਕੌਂਸਲਰਾਂ ਤੋਂ ਏਜੰਡੇ ਦੀਆਂ ਕਾਪੀਆਂ ਵਾਪਿਸ ਲਿਆਂਦੀਆਂ ਜਾ ਚੁੱਕੀਆਂ ਹਨ। ਹੁਣ ਦੁਬਾਰਾ ਪ੍ਰਧਾਨ ਦੇ ਦਸਤਖਤਾਂ ਵਾਲੀਆਂ ਏਜੰਡੇ ਦੀਆਂ ਕਾਪੀਆਂ ਕੌਂਸਲਰਾਂ ਨੂੰ ਭੇਜੀਆਂ ਜਾਣਗੀਆਂ।
ਸਾਬਕਾ M L A ਕੇਵਲ ਢਿੱਲੋਂ ਦੇ ਪੀੇਏ ਦੀ ਹਾਜ਼ਰੀ ਵਿੱਚ ਕੱਢਿਆ ਕੌਂਸਲਰਾਂ ਨੇ ਗੁੱਸਾ
ਜਿਕਰਯੋਗ ਹੈ ਕਿ ਨਗਰ ਕੌਂਸਲ ਦੇ ਕੌਂਸਲਰਾਂ ਅਤੇ ਕਰਮਚਾਰੀਆਂ ਦਰਮਿਆਨ ਪੈਦਾ ਹੋਏ ਟਕਰਾਉ ਦੇ ਹਾਲਤ ਅਤੇ ਕਰਮਚਾਰੀਆਂ ਦੀ ਹੜਤਾਲ ਤੋਂ ਬਾਅਦ ਪੈਦਾ ਹੋਈ ਹਾਲਤ ਤੇ ਵਿਚਾਰ ਕਰਨ ਅਤੇ ਮਾਮਲੇ ਦਾ ਹੱਲ ਕੱਢਣ ਲਈ, ਕਾਂਗਰਸੀ ਕੌਂਸਲਰਾਂ ਦੀ ਮੀਟਿੰਗ ਲੰਘੀ ਕੱਲ੍ਹ, ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਬਰਨਾਲਾ ਰਿਹਾਇਸ਼ ਤੇ ਰੱਖੀ ਗਈ ਸੀ। ਬੇਸ਼ੱਕ ਕਰਮਚਾਰੀਆਂ ਤੇ ਕੌਂਸਲਰਾਂ ਦਰਮਿਆਨ ਸਮਝੌਤਾ ਹੋ ਗਿਆ। ਪਰੰਤੂ ਮੀਟਿੰਗ ਵਿੱਚ ਪ੍ਰਧਾਨਗੀ ਸਮੇਂ ਸ਼ਰੇਆਮ ਰੋਸ ਜਾਹਿਰ ਕਰਨ ਵਾਲੇ ਕੁੱਝ ਕੌਂਸਲਰਾਂ ਨੇ, ਉਨਾਂ ਦੀ ਸਰਕਾਰੇ-ਦਰਾਬਾਰੇ ਕੋਈ ਪੁੱਛਗਿੱਛ ਨਾ ਹੋਣ ਦਾ ਰੋਣਾ ਵੀ ਰੋਇਆ। ਕੁੱਝ ਕੌਸਲਰਾਂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਚੋਣਾਂ ਸਿਰ ਤੇ ਆ ਗਈਆਂ ਹਨ, ਜਦੋਂ ਸਾਡੀ ਪੁੱਛਗਿੱਛ ਹੀ ਨਹੀਂ, ਫਿਰ ਅਸੀਂ ਕਿਹੜੇ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗਣ ਜਾਵਾਂਗੇ। ਕਈਆਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਅਸੀਂ ਤਾਂ ਪੋਲਿੰਗ ਤੇ ਬਹਿ ਜਾਵਾਂਗੇ, ਵੋਟਾਂ , ਲੋਕ ਆਪਣੀ ਮਰਜੀ ਨਾਲ ਹੀ ਪਾਉਂਦੇ ਰਹਿਣਗੇ। ਕੀਤੇ ਕੰਮਾਂ ਬਾਰੇ ਤਾਂ ਸਾਰੇ ਹੀ ਜਾਣਦੇ ਹਨ। ਮੀਟਿੰਗ ਵਿੱਚ ਕੋਈ ਤਕਰਾਰਬਾਜੀ ਨੇ ਇਹ ਸਾਫ ਕਰ ਦਿੱਤਾ ਕਿ ਕੌਂਸਲਰਾਂ ਦਾ ਚੋਣ ਜਿੱਤਣ ਦਾ ਜੋਸ਼, ਹੁਣ ਆਪਣੀ ਨਜ਼ਰਅੰਦਾਜਗੀ ਕਾਰਣ ਮੱਠਾ ਪਿਆ ਹੋਇਆ ਹੈ। ਅਜਿਹੇ ਹਾਲਤ ਕੇਵਲ ਸਿੰਘ ਢਿੱਲੋਂ ਦੀ ਆਪਣੀ 2022 ਦੀ ਵਿਧਾਨ ਸਭਾ ਚੋਣ ਲਈ ਖਤਰੇ ਦੇ ਘੁੱਗੂ ਤੋਂ ਘੱਟ ਨਹੀਂ ਹਨ।
ਮੀਟਿੰਗ ਵਿੱਚ ਹੋਵੇਗਾ, ਮਲਟੀਸਪੈਸ਼ਲਿਟੀ ਹਸਪਤਾਲ ਨੂੰ ਜਗ੍ਹਾ ਦੇਣ ਦਾ ਫੈਸਲਾ
ਨਗਰ ਕੌਂਸਲ ਦੀ 10 ਸਤੰਬਰ ਨੂੰ 11 ਵਜੇ ਹੋਣ ਵਾਲੀ ਮੀਟਿੰਗ ਵਿੱਚ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਟਰਾਮਾ ਸੈਂਟਰ ਦੀ ਬਿਲਡਿੰਗ ਲਈ ਬਰਨਾਲਾ-ਬਠਿੰਡਾ ਮੁੱਖ ਸੜਕ ਤੇ ਪੈਂਦੇ ਹੰਡਿਆਇਆ ਦੇ ਪੁਰਾਣੇ ਸਟੇਡਿਅਮ /ਲੁੱਕ ਪਲਾਂਟ ਵਾਲੀ ਸਾਰੀ ਜਗ੍ਹਾ ਫਰੀ ਸਿਹਤ ਵਿਭਾਗ ਨੂੰ ਦੇਣ ਦਾ ਏਜੰਡਾ ਅਤੇ ਸਫਾਈ ਕਰਮਚਾਰੀਆਂ ਨੂੰ ਕੰਟਰੈਕਟ ਅਧਾਰ ਤੇ ਭਰਤੀ ਕਰਨ ਦਾ ਏਜੰਡਾ ਰੱਖਿਆ ਗਿਆ ਹੈ। ਪ੍ਰਧਾਨ ਦੇ ਦਸਤਖਤਾਂ ਬਿਨਾਂ ਏਜੰਡਾ ਜਾਰੀ ਕਰਨ ਸਬੰਧੀ, ਜਦੋਂ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਦਾ ਪੱਖ ਜਾਣਨ ਲਈ ਫੋਨ ਕੀਤਾ, ਤਾਂ ਉਨਾਂ ਫੋਨ ਰਿਸੀਵ ਨਹੀਂ ਕੀਤਾ।