ਉਹਨੇ ਧੂੰਏ ਨਾਲ ਹੋਇਆ ਭਿਆਨਕ ਸੜਕ ਹਾਦਸਾ ਦੇਖਿਆ ਤਾਂ ਪਰਾਲੀ ਨੂੰ ਅੱਗ ਲਾਉਣ ਤੋਂ ਕਰੀ ਤੋਬਾ

Advertisement
Spread information

         ਮਹਿਲ ਕਲਾਂ ਦੇ ਕਿਸਾਨ ਹੋਰਨਾਂ ਲਈ ਬਣੇ ਮਿਸਾਲ

4 ਸਾਲਾਂ ਤੋਂ 150 ਏਕੜ ’ਚ ਕਰ ਰਹੇ ਪਰਾਲੀ ਦਾ ਵਾਤਾਵਰਣ ਪੱਖੀ ਨਿਬੇੜਾ

   ਹੋਰ ਕਿਸਾਨਾਂ ਨੂੰ ਵੀ ਫਸਲੀ ਰਹਿੰਦ-ਖੂੰਹਦ ਨਾ ਸਾੜਨ ਦੀ ਕੀਤੀ ਅਪੀਲ


ਹਰਿੰਦਰ ਨਿੱਕਾ , ਬਰਨਾਲਾ, 8 ਸਤੰਬਰ 2021
     ਜ਼ਿਲਾ ਬਰਨਾਲਾ ਦੇ ਪਿੰਡ ਮਹਿਲ ਕਲਾਂ ਦੇ ਕਿਸਾਨ ਕਮਲਪ੍ਰੀਤ ਸਿੰਘ ਅਤੇ ਭੁਪਿੰਦਰ ਸਿੰਘ ਹੋਰਨਾਂ ਲਈ ਮਿਸਾਲ ਵਜੋਂ ਸਾਹਮਣੇ ਆਏ ਹਨ, ਜਿਨਾਂ ਨੇ 150 ਏਕੜ ਤੋਂ ਵੱਧ ਰਕਬੇ ਵਿਚ ਪਿਛਲੇ 4 ਸਾਲਾਂ ਤੋਂ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਨਹੀਂ ਲਾਈ ਹੈ।
     ਕਿਸਾਨ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਕਰੀਬ 4 ਸਾਲ ਪਹਿਲਾਂ ਸੰਘਣੀ ਧੁੰਦ ਅਤੇ ਪਰਾਲੀ ਦੇ ਧੂੰਏਂ ਕਾਰਨ ਉਸ ਨੇ ਭਿਆਨਕ ਸੜਕ ਹਾਦਸਾ ਦੇਖਿਆ, ਜਿਸ ਮਗਰੋਂ ਉਸ ਨੇ ਫੈਸਲਾ ਕਰ ਲਿਆ ਕਿ ਉਹ ਕਦੇ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਾਵੇਗਾ ਤਾਂ ਜੋ ਕੀਮਤੀ ਮਨੁੱਖੀ ਜਾਨਾਂ ਅਤੇ ਵਾਤਾਵਰਣ ਨੂੰ ਕੋਈ ਨੁਕਸਾਨ ਨਾ ਪੁੱਜੇ। ਉੁਸ ਨੇ ਦੱਸਿਆ ਕਿ ਉਹ ਕਰੀਬ 150 ਏਕੜ ਰਕਬੇ ਵਿਚ ਖੇਤੀ ਕਰਦਾ ਹੈ, ਜਿਸ ਵਿਚ ਆਲੂ ਤੇ ਹੋਰ ਫਸਲਾਂ ਬੀਜਦਾ ਹੈ। ਪਹਿਲਾਂ ਆਲੂ ਵਾਲੀ 20 ਏਕੜ ਜ਼ਮੀਨ ਤੋਂ ਸ਼ੁਰੂਆਤ ਕੀਤੀ ਤੇ ਹੁਣ ਉਹ ਸਾਰੀ 150 ਏਕੜ ਵਿਚ ਫਸਲੀ ਰਹਿੰਦ-ਖੂੰਹਦ ਨੂੰ ਆਧੁਨਿਕ ਮਸ਼ੀਨਰੀ ਨਾਲ ਜ਼ਮੀਨ ਵਿਚ ਹੀ ਵਾਹ ਦਿੰਦੇ ਹਨ।  ਇਸ ਨਾਲ ਕਣਕ ਦਾ ਝਾੜ 20 ਤੋਂ 25 ਕੁਇੰਟਲ ਤੱਕ ਹੁੰਦਾ ਹੈ ਤੇ ਝੋਨੇ ਦਾ ਝਾੜ ਵੀ ਚੋਖਾ ਨਿਕਲਦਾ ਹੈ।ਕਮਲਪ੍ਰੀਤ ਨੇ ਦੱਸਿਆ, ‘‘ਉਸ ਨੇ ਥੋੜੇ ਥੋੜੇ ਰਕਬੇ ਤੋਂ ਪਰਾਲੀ ਦਾ ਸੁਚੱਜਾ ਨਿਬੇੜਾ ਕਰਨ ਦੀ ਸ਼ੁਰੂਆਤ ਕੀਤੀ। ਜਦੋਂ ਉਸ ਨੇ ਪਰਾਲੀ ਸਾੜਨੀ ਬੰਦ ਕੀਤੀ ਤਾਂ ਦੇਖਿਆ ਕਿ ਜ਼ਮੀਨ ਵਿਚ ਮਿੱਤਰ ਕੀੜੇ ਵਧਣ ਲੱਗੇ ਪਏ, ਜਿਸ ਤੋਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੇ ਜ਼ਮੀਨ ਵਿਚ ਜ਼ਹਿਰਾਂ ਦਾ ਛਿੜਕਾਅ ਕਰ ਕੇ ਅਤੇ ਫਸਲੀ ਰਹਿੰਦ-ਖੂੰਹਦ ਨੂੰ ਸਾੜ ਕੇ ਕੁਦਰਤਾ ਦਾ ਅਤੇ ਆਪਣਾ ਵੱਡਾ ਨੁਕਸਾਨ ਕੀਤਾ ਹੈ, ਜਦੋਂਕਿ ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਮਿੱਤਰ ਕੀੜੇ ਬੇਹੱਦ ਸਹਾਈ ਹਨ। ’’
     ਉਸ ਆਖਿਆ ਕਿ ਫਸਲੀ ਰਹਿੰਦ-ਖੂੰਹਦ ਦੇ ਸੁਚੱਜੇ ਨਿਬੇੜੇ ਅਤੇ ਝੋਨੇ ਦੀ ਸਿੱਧੀ ਬਿਜਾਈ ਲਈ ਪੰਜਾਬ ਸਰਕਾਰ ਵੱਲੋਂ ਮਸ਼ੀਨਰੀ ’ਤੇ ਵੱਡੀ ਸਬਸਿਡੀ ਦਿੱਤੀ ਜਾਂਦੀ ਹੈ, ਜਿਸ ਦਾ ਲਾਹਾ ਕਿਸਾਨਾਂ ਨੂੰ ਜ਼ਰੂਰ ਲੈਣਾ ਚਾਹੀਦਾ ਹੈ।
      ਇਸੇ ਤਰਾਂ ਕਿਸਾਨ ਭੁਪਿੰਦਰ ਸਿੰਘ ਵਾਸੀ ਮਹਿਲ ਕਲਾਂ ਨੇ ਦੱਸਿਆ ਕਿ ਉਸ ਨੇ ਵੀ 4 ਸਾਲਾਂ ਤੋਂ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਾਈ ਹੈ ਤੇ ਝੋਨੇ ਦਾ ਝਾੜ ਵੀ ਪ੍ਰਤੀ ਏਕੜ ਡੇਢ ਤੋਂ 2 ਕੁਇੰਟਲ ਵਧਿਆ ਹੈ। ਇਸ ਤੋਂ ਇਲਾਵਾ ਕਣਕ ਦਾ ਵੀ ਚੰਗਾ ਝਾੜ ਨਿਕਲਦਾ ਹੈ। ਉਨਾਂ ਆਖਿਆ ਕਿ ਇਸ ਤਕਨੀਕ ਨਾਲ ਜਿੱਥੇ ਵਾਤਾਵਰਣ ਸਾਫ ਰਹਿੰਦਾ ਹੈ ਤੇ ਵਾਤਾਵਰਣ ਦਾ ਸਿੱਧੇ ਤੌਰ ’ਤੇ ਸਾਡੇ ਪਰਿਵਾਰ ਅਤੇ ਬੱਚਿਆਂ ਦੀ ਸਿਹਤ ’ਤੇ ਅਸਰ ਪੈਂਦਾ ਹੈ। ਉਨਾਂ ਹੋਰਨਾਂ ਕਿਸਾਨਾਂ ਨੂੰ ਵੀ ਝੋਨੇ ਅਤੇ ਕਣਕ ਦੀ ਰਹਿੰਦ-ਖੂੰਹਦ ਨਾ ਸਾੜਨ ਦੀ ਅਪੀਲ ਕੀਤੀ।

Advertisement
Advertisement
Advertisement
Advertisement
Advertisement
error: Content is protected !!