ਕੌਂਸਲ ਦੇ ਕੰਟਰੈਕਟ ਕਰਮਚਾਰੀ ਨਰਪਿੰਦਰ ਸਿੰਘ ਨੂੰ ਨੌਕਰੀ ਤੋਂ ਫਾਰਗ ਕਰਨ ਤੋਂ ਭੜ੍ਹਕੇ ਕਰਮਚਾਰੀਆਂ ਨੇ ਕੀਤਾ ਕੰਮਕਾਜ਼ ਠੱਪ ਕਰਨ ਦਾ ਐਲਾਨ
ਹਰਿੰਦਰ ਨਿੱਕਾ , ਬਰਨਾਲਾ 8 ਸਤੰਬਰ 2021
ਭਲ੍ਹਕੇ ਤੋਂ ਸ਼ਹਿਰੀਆਂ ਦੀਆਂ ਮੁਸ਼ਕਿਲਾਂ ਵੱਧ ਜਾਣਗੀਆਂ, ਕਿਉਂਕਿ ਸਫਾਈ ਕਰਮਚਾਰੀਆਂ ਨੇ ਸਫਾਈ ਨਾ ਕਰਨ ਅਤੇ ਦਫਤਰੀ ਅਮਲੇ ਨੇ ਨਗਰ ਕੌਂਸਲ ਦਫਤਰ ਦਾ ਕੰਮ ਅਣਮਿੱਥੇ ਸਮੇਂ ਲਈ ਠੱਪ ਕਰਨ ਦਾ ਐਲਾਨ ਕਰ ਦਿੱਤਾ ਹੈ। ਨਗਰ ਕੌਂਸਲ ਦੇ ਦਫਤਰੀ ਅਤੇ ਸਫਾਈ ਕਰਮਚਾਰੀਆਂ ਨੇ ਇਹ ਫੈਸਲਾ, ਦਫਤਰ ਵਿੱਚ ਕੰਮ ਕਰਦੇ ਕੰਟਰੈਕਟ ਕਰਮਚਾਰੀ ਨਰਪਿੰਦਰ ਸਿੰਘ ਨੂੰ ਨੌਕਰੀ ਤੋਂ ਫਾਰਗ ਕਰ ਦੇਣ ਦੇ ਰੋਸ ਵਜੋਂ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਫਾਈ ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਗੁਲਸ਼ਨ ਕੁਮਾਰ ਅਤੇ ਮਿਊਂਸਪਲ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਹਰਬਖਸ਼ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਕੰਟਰੈਕਟ ਦੇ ਅਧਾਰ ਤੇ ਕੰਮ ਕਰ ਰਹੇ ਕਰਮਚਾਰੀ ਨਰਪਿੰਦਰ ਸਿੰਘ ਨੂੰ ਅੱਜ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਅਜਿਹਾ ਕਰਨਾ ਕਿਸੇ ਵੀ ਢੰਗ ਨਾਲ ਉਚਿਤ ਨਹੀਂ ਹੈ।
ਪਰੰਤੂ ਕੌਂਸਲਰ ਤੇ ਕਰਮਚਾਰੀ ਦਰਮਿਆਨ ਹੋਈ ਤਕਰਾਰ ਤੋਂ ਬਾਅਦ ਕੌਂਸਲਰਾਂ ਅਤੇ ਕਰਮਚਾਰੀਆਂ ਵਿਚਕਾਰ ਪੈਦਾ ਹੋਈ ਗੁੱਸੇ ਦੀ ਦਰਾਰ ਵੱਧਦੀ ਹੀ ਗਈ। ਕੌਂਸਲਰ ,ਕਰਮਚਾਰੀ ਨੂੰ ਨੌਕਰੀ ਤੋਂ ਕੱਢਣ ਦੀ ਜਿੱਦ ਤੇ ਅੜਿਆ ਰਿਹਾ, ਕੌਂਸਲਰ ਵੱਲੋਂ ਇਹ ਮਾਮਲਾ ਪਿਛਲੇ ਦਿਨੀਂ ਕਾਂਗਰਸ ਦੇ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਕੋਲ ਵੀ ਉਠਾਇਆ ਗਿਆ ਸੀ। ਜਿਸ ਦਾ ਸਾਥ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਕਈ ਹੋਰ ਕੌਂਸਲਰਾਂ ਨੇ ਵੀ ਦਿੱਤਾ ਸੀ। ਆਖਿਰ ਅੱਚ ਕਾਰਜਸਾਧਕ ਅਫਸਰ ਵੱਲੋਂ ਕਰਮਚਾਰੀ ਨਰਪਿੰਦਰ ਸਿੰਘ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ। ਇਸ ਦੀ ਪੁਸ਼ਟੀ ਈਉ ਮੋਹਿਤ ਸ਼ਰਮਾ ਨੇ ਵੀ ਕੀਤੀ ਹੈ। ਉੱਧਰ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹ ਕਰਮਚਾਰੀ ਅਤੇ ਕੌਂਸਲਰ ਦਰਮਿਆਨ ਹੋਈ ਤਕਰਾਰ ਨੂੰ ਮੰਦਭਾਗਾ ਮੰਨਦੇ ਹਨ, ਕਿਉਂਕਿ ਕਰਮਚਾਰੀ ਅਤੇ ਕੌਂਸਲਰਾਂ ਦਾ ਨੌਂਹ ਮਾਸ ਦਾ ਰਿਸ਼ਤਾ ਹੈ। ਪਰੰਤੂ ਸਿਰਫ ਮਾਮੂਲੀ ਤਕਰਾਰ ਤੋਂ ਬਾਅਦ ਕਿਸੇ ਕਰਮਚਾਰੀ ਦਾ ਰੁਜਗਾਰ ਖੋਹ ਲੈਣਾ ਵੀ ਠੀਕ ਨਹੀਂ ਹੈ। ਕੌਂਸਲ ਅਧਿਕਾਰੀਆਂ ਦੀ ਅਜਿਹੀ ਇੱਕ ਪਾਸੜ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।