ਅਧਿਆਪਕ ਦਿਵਸ ਤੇ ਸਿਖਿਆ ਮੰਤਰੀ ਨੇ ਵਰਚੂਅਲ ਸਮਾਗਮ ਦੌਰਾਨ ਅਧਿਆਪਕਾਂ ਨੂੰ ਸਟੇਟ ਅਵਾਰਡ ਨਾਲ ਨਵਾਜਿਆ
ਫਿਰੋਜ਼ਪੁਰ ਜ਼ਿਲ੍ਹੇ ਦੇ 2 ਅਧਿਆਪਕਾਂ ਨੇ ਰਾਜ ਪੁਰਸਕਾਰ ਤੇ 48 ਅਧਿਆਪਕਾਂ ਨੇ ਜ਼ਿਲ੍ਹਾ ਪੁਰਸਕਾਰ ਹਾਸਲ ਕੀਤਾ
ਬੀ ਟੀ ਐਨ , ਫਿਰੋਜ਼ਪੁਰ 5 ਸਤੰਬਰ 2021
ਅੱਜ 5 ਸਤੰਬਰ ਨੂੰ ਅਧਿਆਪਕ ਦਿਵਸ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ—ਨਿਰਦੇਸ਼ਾਂ ਤੇ ਸਿਖਿਆ ਮੰਤਰੀ ਸ੍ਰੀ. ਵਿਜੈ ਇੰਦਰ ਸਿੰਗਲਾ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਵਰਚੂਅਲ ਸਮਾਗਮ ਦੌਰਾਨ ਸਿੱਖਿਆ ਦੇ ਖੇਤਰ ਅਤੇ ਸਮਾਜ ਸੇਵਾ ਵਿਚ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਨੂੰ ਸਟੇਟ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।ਫਿਰੋਜ਼ਪੁਰ ਤੋਂ ਇਸ ਵਰਚੁਅਲ ਸਮਾਗਮ ਨਾਲ ਡਿਪਟੀ ਕਮਿਸ਼ਨਰ ਸ੍ਰੀ. ਵਿਨੀਤ ਕੁਮਾਰ ਜੁੜੇ।
ਸਿੱਖਿਆ ਮੰਤਰੀ ਸ੍ਰੀ. ਵਿਜੈ ਇੰਦਰ ਸਿੰਗਲਾ ਨੇ ਅਧਿਆਪਕ ਦਿਵਸ ਤੇ ਵਰਚੂਅਲ ਪ੍ਰਰੋਗਰਾਮ ਦੀ ਸ਼ੁਰੂਆਤ ਦੀਪ ਜਗਾ ਕੇ ਅਤੇ ਸਾਬਕਾ ਰਾਸ਼ਟਰਪਤੀ ਡਾ. ਐਸ. ਰਾਧਾ ਕ੍ਰਿਸ਼ਨਨ ਦੀ ਫੋਟੋ ਤੇ ਸ਼ਰਧਾ ਦੇ ਫੁਲ ਭੇਟ ਕਰਕੇ ਕੀਤੀ।ਉਨ੍ਹਾਂ ਕਿਹਾ ਕਿ ਅਧਿਆਪਕ ਦਿਵਸ ਡਾ. ਰਾਧਾ ਕ੍ਰਿਸ਼ਨਨ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਨਾਇਆ ਜਾਂਦਾ ਹੈ। ਉਨ੍ਹਾਂ ਸੂਬਾ ਭਰ ਦੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਸਦਕਾ ਹੀ ਅੱਜ ਪੰਜਾਬ ਵਿਚ ਸਿੱਖਿਆ ਦਾ ਮਿਆਰ ਸ਼ਿਖਰਾਂ ਤੇ ਪਹੁੰਚਿਆ ਹੈ।
ਸਿਖਿਆ ਮੰਤਰੀ ਨੇ ਕਿਹਾ ਕਿ ਸਕੱਤਰ ਸਿਖਿਆ ਵਿਭਾਗ ਸ੍ਰੀ. ਕ੍ਰਿਸ਼ਨ ਕੁਮਾਰ ਦੇ ਯਤਨਾ ਸਦਕਾ ਸਮੂਹ ਅਧਿਆਪਕ ਵਰਗ ਦਿਨ ਰਾਤ ਮਿਹਨਤ ਕਰਦਾ ਹੈ ਜਿਸ ਦੇ ਨਤੀਜੇ ਵਜੋਂ ਪੂਰੇ ਦੇਸ਼ ਵਿਚੋਂ ਪੰਜਾਬ ਨੂੰ ਪ੍ਰਫੋਰਮੈਂਸ ਗਰੇਡਿੰਗ ਇੰਡੈਕਸ ਵਿਚੋਂ ਪਹਿਲਾ ਸਥਾਨ ਹਾਸਲ ਹੋਇਆ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਕਾਬਲੀਅਤ ਤੇ ਮਿਹਨਤ ਸਦਕਾ ਹੀ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ ਜਿਸ ਕਰਕੇ ਮਾਪੇ ਆਪਣੇ ਬਚਿਆਂ ਨੂੰ ਪ੍ਰਾਈਵੇਟ ਸਕੂਲ ਦੀ ਥਾਂ ਤੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾ ਰਹੇ ਹਨ।ਉਨ੍ਹਾਂ ਕਿਹਾ ਕਿ ਬੱਚਿਆਂ ਦਾ ਭਵਿੱਖ ਮਾਤਾ ਪਿਤਾ ਤੋਂ ਬਾਅਦ
ਅਧਿਆਪਕਾਂ ਦੇ ਹੱਥ ਵਿਚ ਹੀ ਹੁੰਦਾ ਹੈ ਜਿਸ ਤੋਂ ਸਿਖਿਆ ਹਾਸਲ ਕਰਕੇ ਵਿਦਿਆਰਥੀ ਆਪਣਾ ਸੁਨਹਿਰੀ ਭਵਿੱਖ ਸਿਰਜਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਦੀ ਜਿੰਦਗੀ ਵਿਚ ਅਧਿਆਪਕ ਉਸਦਾ ਰੋਲ ਮਾਡਲ ਹੁੰਦਾ ਹੈ ਜਿਸ ਤੋਂ ਸਿੱਖ ਕੇ ਵਿਅਕਤੀ ਜਿੰਦਗੀ ਜਿਉਣ ਦੇ ਢੰਗ ਅਤੇ ਸਮਾਜ ਵਿਚ ਵਿਚਰਨ ਦਾ ਤਜਰਬਾ ਹਾਸਲ ਕਰਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਸਦਕਾ ਪੰਜਾਬ ਜਿਸ ਜਿਸ ਤਰ੍ਹਾਂ ਹੋਰਨਾਂ ਖੇਤਰਾਂ ‘ਚ ਤਰੱਕੀਆਂ ਕਰ ਰਿਹਾ ਹੈ, ਉਸੇ ਤਰ੍ਹਾਂ ਹੀ ਸਿੱਖਿਆ ਦੇ ਖੇਤਰ ‘ਚ ਵੀ ਬੁਲੰਦੀਆਂ ਨੂੰ ਛੂਹ ਰਿਹਾ ਹੈ।
ਸਿੱਖਿਆ ਸਕੱਤਰ ਸ੍ਰ. ਕ੍ਰਿਸ਼ਨ ਕੁਮਾਰ ਨੇ ਆਪਣੇ ਸਵਾਗਤੀ ਭਾਸ਼ਨ ਦੌਰਾਨ ਸਮੂਹ ਅਧਿਆਪਕ ਵਰਗ ਨੂੰ ਵਧਾਈਆਂ ਦਿੱਤੀਆਂ ਤੇ ਵਿਭਾਗ ਦੀਆਂ ਪ੍ਰਾਪਤੀਆਂ, ਉੱਦਮਾਂ ਤੇ ਸਰਗਰਮੀਆਂ ਬਾਰੇ ਵਿਸਥਾਰ ‘ਚ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਸਰਪ੍ਰਸਤੀ ‘ਚ ਵਿਭਾਗ ਦੇ ਅਧਿਕਾਰੀ ਤੇ ਅਧਿਆਪਕ ਹੋਰ ਵਧੇਰੇ ਸਖਤ ਮਿਹਨਤ ਸਦਕਾ ਰਾਜ ਦੀ ਸਕੂਲ ਸਿੱਖਿਆ ਨੂੰ ਬੁਲੰਦੀਆਂ ‘ਤੇ ਕਾਇਮ ਰੱਖਣਗੇ। ਤਕਨੀਕੀ ਸਿੱਖਿਆ ਦੇ ਪ੍ਰਿੰਸੀਪਲ ਸਕੱਤਰ ਰਾਮੇਸ਼ ਕੁਮਾਰ ਗੰਤਾ ਨੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਦਿੱਤੇ ਵੱਢਮੁੱਲੇ ਯੋਗਦਾਨ ਦੀ ਵਧਾਈ ਦਿੱਤੀ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਜ਼ਿਲ੍ਹੇ ਤੋਂ ਡਿਪਟੀ ਕਮਿਸ਼ਨਰ ਸ੍ਰ. ਵਿਨੀਤ ਕੁਮਾਰ ਨੇ ਇਸ ਸਮਾਗਮ ਦੌਰਾਨ ਫਿਰੋਜ਼ਪੁਰ ਜ਼ਿਲ੍ਹੇ ਦੇ 2 ਅਧਿਆਪਕ ਅੱਪਰ ਪ੍ਰਾਇਮਰੀ ‘ਚੋਂ ਮੀਨਾਕਸ਼ੀ ਆਰਿਫ ਕੇ (ਫਿਰੋਜਪੁਰ) ਤੇ ਪ੍ਰਾਇਮਰੀ ‘ਚੋਂ ਜਸਵਿੰਦਰ ਕੌਰ ਲੂੰਬੜੀ ਵਾਲਾ (ਫਿਰੋਜਪੁਰ)ਨੂੰ ਰਾਜ ਪੁਰਸਕਾਰ ਨਾਲ ਤੇ 48 ਅਧਿਆਪਕਾਂ ਨੂੰ ਜ਼ਿਲ੍ਹਾ ਪੁਰਸਕਾਰ ਨਾਲ ਸਨਮਾਨਿਤ ਕੀਤਾ। ਉਨ੍ਹਾਂ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਪਣੀਆਂ ਸੇਵਾਵਾਂ ਇਸੇ ਤਰ੍ਹਾਂ ਹੀ ਜਾਰੀ ਰੱਖਣ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਕੁਲਵਿੰਦਰ ਕੌਰ, ਰਾਜੀਵ ਛਾਬੜਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ, ਸੁਖਵਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ, ਕੋਮਲ ਅਰੋੜਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਮਹਿੰਦਰ ਸ਼ੈਲੀ ਜ਼ਿਲ੍ਹਾ ਕੁਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਚਰਨਜੀਤ ਸਿੰਘ ਚਹਿਲ ਜ਼ਿਲ੍ਹਾ ਸੋਸ਼ਲ ਮੀਡੀਆ ਕੁਆਰਡੀਨੇਟਰ, ਤਲਵਿੰਦਰ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ, ਜਸਵੰਤ ਸੈਣੀ ਜਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ, ਪਵਨ ਕੁਮਾਰ ਜ਼ਿਲ੍ਹਾ ਐਮਆਈਐਸ ਕੋਆਰਡੀਨੇਟਰ ਵੀ ਹਾਜ਼ਰ ਸਨ.