ਸਾਰੇ ਪੰਜਾਬ ਦੇ ਅਧਿਆਪਕਾਂ ਨੇ ਵਿਜੈ ਇੰਦਰ ਸਿੰਗਲਾ ਵੱਲੋਂ ਸਿੱਖਿਆ ਖੇਤਰ ਨੂੰ ਨਿਖਾਰਨ ਲਈ ਪਾਏ ਯੋਗਦਾਨ ਦੀ ਕੀਤੀ ਸ਼ਲਾਘਾ
*ਸਿੱਖਿਆ ਵਿਭਾਗ ਦੇ ਕਰਮਚਾਰੀਆਂ ਦੀਆਂ ਕਈ ਯੂਨੀਅਨਾਂ ਨੇ ਅਧਿਆਪਕ ਦਿਵਸ ਮੌਕੇ ਕੀਤਾ ਸਿੱਖਿਆ ਮੰਤਰੀ ਦਾ ਸਨਮਾਨ
*ਅਧਿਆਪਕਾਂ ਦੀ ਸਖਤ ਮਿਹਨਤ ਨੇ ਸਕੂਲ ਸਿੱਖਿਆ ਦੇ ਖੇਤਰ ‘ਚ ਪੂਰੇ ਦੇਸ਼ ‘ਚੋਂ ਪੰਜਾਬ ਨੂੰ ਬਣਾਇਆ ਅੱਵਲ
ਹਰਪ੍ਰੀਤ ਕੌਰ ਬਬਲੀ, ਸੰਗਰੂਰ, 4 ਸਤੰਬਰ 2021
ਅਧਿਆਪਕ ਦਿਵਸ ਨੂੰ ਸਮਰਪਿਤ ਸ਼ਨੀਵਾਰ ਨੂੰ ਸੰਗਰੂਰ ਵਿਖੇ ਕਰਵਾਏ ਗਏ ਇੱਕ ਪ੍ਰੋਗਰਾਮ ਦੌਰਾਨ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੂੰ ਸਿੱਖਿਆ ਦੇ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਸਕੂਲ ਸਿੱਖਿਆ ਵਿਭਾਗ ਦੀਆਂ ਕਈ ਅਧਿਆਪਕਾਂ ਅਤੇ ਹੋਰਨਾਂ ਵਰਗਾਂ ਦੀਆਂ ਯੂਨੀਅਨਾਂ ਨੇ ਸਨਮਾਨਿਤ ਕੀਤਾ।
ਡਾਇਰੈਕਟ ਐਚਐਮ ਐਸੋਸੀਏਸ਼ਨ ਪੰਜਾਬ, ਬੀਪੀਈਓਜ਼ ਐਸੋਸੀਏਸ਼ਨ ਪੰਜਾਬ, ਡਾਇਰੈਕਟ ਰਕਿਉਟਰਡਜ਼ ਡੀਪੀਈਜ਼ ਐਸੋਸੀਏਸ਼ਨ, ਸੀਐਚਟੀ ਐਂਡ ਐਚਟੀ ਐਸੋਸੀਏਸ਼ਨ ਅਤੇ ਗੈਰ-ਅਧਿਆਪਨ ਸਟਾਫ ਸਮੇਤ ਹੋਰਨਾਂ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਸਕੂਲ ਸਿੱਖਿਆ ਵਿਭਾਗ ਵਿੱਚ ਪਾਰਦਰਸ਼ਤਾ ਅਤੇ ਸੁਸ਼ਾਸਨ ਨੂੰ ਯਕੀਨੀ ਬਣਾਉਣ ਲਈ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ।
ਲੁਧਿਆਣਾ ਜਿ਼ਲ੍ਹੇ ਦੇ ਸਰਕਾਰੀ ਹਾਈ ਸਕੂਲ ਜੇਠੇਵਾਲ ਵਿਖੇ ਤਾਇਨਾਤ ਅੰਗਰੇਜ਼ੀ ਅਧਿਆਪਕਾ ਸ਼੍ਰੀਮਤੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਉਹ ਵਿਭਾਗ ਵਿੱਚ ਨਵੇਂ ਅਧਿਆਪਕਾਂ ਦੀ ਨਿਰੋਲ ਯੋਗਤਾ ਦੇ ਆਧਾਰ `ਤੇ ਭਰਤੀ ਲਈ ਕੈਬਨਿਟ ਮੰਤਰੀ ਦੇ ਬਹੁਤ ਧੰਨਵਾਦੀ ਹਨ।
ਇਸ ਦੌਰਾਨ, `ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ` ਪ੍ਰੋਜੈਕਟ ਦੇ ਜਿ਼ਲ੍ਹਾ ਕੋਆਰਡੀਨੇਟਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਇਹ ਵਿਜੈ ਇੰਦਰ ਸਿੰਗਲਾ ਦੀ ਦੂਰਅੰਦੇਸ਼ੀ ਲੀਡਰਸ਼ਿਪ ਸੀ ਜਿਸ ਨੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਅਤੇ ਹੋਰ ਸੂਬਿਆਂ ਦੇ ਆਪਣੇ ਹਮਰੁਤਬਾ ਨਾਲ ਮੁਕਾਬਲਾ ਕਰਨ ਦੇ ਯੋਗ ਬਣਾਇਆ। ਉਨ੍ਹਾਂ ਅੱਗੇ ਕਿਹਾ ਕਿ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਦਾ ਮੁੱਖ ਮੰਤਵ ਵਿਦਿਆਰਥੀਆਂ ਦੇ ਅਧਾਰ ਨੂੰ ਮਜ਼ਬੂਤ ਕਰਨਾ ਹੈ ਜਿਸ ਲਈ ਉਨ੍ਹਾਂ ਦੇ ਸਿਲੇਬਸ ‘ਚ ਵਿੱਦਿਅਕ ਅਤੇ ਸਹਿ-ਵਿੱਦਿਅਕ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਵਿਦਿਆਰਥੀਆਂ ਦੀ ਸਫਲਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਆਨਲਾਈਨ ਅਧਿਆਪਕ ਤਬਾਦਲਾ ਨੀਤੀ ਲਈ ਧੰਨਵਾਦ ਪ੍ਰਗਟ ਕਰਦੇ ਹੋਏ, ਨੌਜਵਾਨ ਅਧਿਆਪਕਾ ਰਜ਼ੀਆ ਰਾਣੀ ਨੇ ਕਿਹਾ ਕਿ ਪਾਰਦਰਸ਼ੀ ਪ੍ਰਣਾਲੀ ਦੇ ਕਾਰਨ ਉਨ੍ਹਾਂ ਦਾ ਬਿਨਾਂ ਕਿਸੇ ਸਿਫਾਰਸ਼ ਦੇ ਆਨਲਾਈਨ ਤਬਾਦਲਾ ਕੀਤਾ ਗਿਆ ਹੈ। ਉਸਨੇ ਇਹ ਵੀ ਕਿਹਾ ਕਿ ਉਹ ਜਲੰਧਰ ਜਿ਼ਲ੍ਹੇ ਦੇ ਨੂਰ ਮਹਿਲ ਬਲਾਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟ ਬਾਦਲ ਖਾਨ ਵਿਖੇ ਤਾਇਨਾਤ ਸੀ ਜੋ ਕਿ ਉਸਦੀ ਰਿਹਾਇਸ਼ ਤੋਂ 150 ਕਿਲੋਮੀਟਰ ਤੋਂ ਵੱਧ ਦੀ ਦੂਰੀ `ਤੇ ਸੀ। ਅਧਿਆਪਕਾ ਨੇ ਅੱਗੇ ਦੱਸਿਆ ਕਿ ਉਸ ਨੇ ਤਬਾਦਲੇ ਲਈ ਆਨਲਾਈਨ ਅਰਜ਼ੀ ਦਿੱਤੀ ਅਤੇ ਸਰਕਾਰੀ ਮਿਡਲ ਸਕੂਲ, ਰੂਪਾਹੇੜੀ (ਸੰਗਰੂਰ) ਵਿੱਚ ਬਦਲੀ ਹੋਣ ਦੇ ਆਦੇਸ਼ ਨਿਰੋਲ ਮੈਰਿਟ ਦੇ ਅਧਾਰ ਤੇ ਪ੍ਰਾਪਤ ਕੀਤੇ।
ਮੌਜੂਦਾ ਸਰਕਾਰ ਵੱਲੋਂ ਲਿਆਂਦੇ ਗਏ ਸੁਧਾਰਾਂ ਦੀ ਸ਼ਲਾਘਾ ਕਰਦਿਆਂ ਬੀਪੀਈਓ ਗੁਰਮੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ) ਰਾਹੀਂ ਪ੍ਰਸ਼ਾਸਕੀ ਅਹੁਦਿਆਂ `ਤੇ ਸਿੱਧੀ ਭਰਤੀ ਕਰਨ ਦਾ ਫੈਸਲਾ ਲਿਆ ਹੈ ਜਿਸ ਨਾਲ ਸਿੱਧੇ ਬੀਪੀਈਓਜ਼, ਪ੍ਰਿੰਸੀਪਲ ਤੇ ਹੋਰ ਅਹਿਮ ਅਹੁਦਿਆਂ ‘ਤੇ ਸਿੱਧੀ ਭਰਤੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਇਸੇ ਫੈਸਲੇ ਦਾ ਨਤੀਜਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਵਧਾਉਣ ਲਈ ਨੌਜਵਾਨਾਂ ਦੀ ਸਮਰੱਥਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ ਜਾ ਰਿਹਾ ਹੈ।
ਜੀਐਸਐਸਐਸ ਬਨੂੜ ਵਿਖੇ ਕੈਮਿਸਟਰੀ ਦੇ ਲੈਕਚਰਾਰ ਮੈਡਮ ਨਰੇਸ਼ ਗੁਪਤਾ ਨੇ ਕਿਹਾ ਕਿ ਸਿੱਖਿਆ ਮੰਤਰੀ ਨੇ ਤਰੱਕੀਆਂ ਵਿੱਚ ਪਾਰਦਰਸ਼ਤਾ ਅਤੇ ਨਿਰਪੱਖ ਪਹੁੰਚ ਨੂੰ ਵੀ ਯਕੀਨੀ ਬਣਾਇਆ ਹੈ ਅਤੇ ਹੁਣ ਉਹ ਆਪਣੀ ਡਿਊਟੀ ਨੂੰ ਪੂਰੀ ਕੁਸ਼ਲਤਾ ਨਾਲ ਨਿਭਾਅ ਰਹੇ ਹਨ।
ਜੀਐਸਐਸਐਸ ਮਹਿਲਾਂ ਵਿੱਚ ਐਸਐਲਏ ਵਜੋਂ ਕੰਮ ਕਰ ਰਹੀ ਰਜਨੀ ਬਾਲਾ ਨੇ ਦੱਸਿਆ ਕਿ ਉਸਦੇ ਪਤੀ ਅਨਿਲ ਕੁਮਾਰ ਦੀ ਮੌਤ ਤੋਂ ਬਾਅਦ, ਉਸਨੂੰ ਥੋੜੇ ਸਮੇਂ ਵਿੱਚ ਹੀ ਸਿੱਖਿਆ ਮੰਤਰੀ ਦੇ ਨਿਰਦੇਸ਼ਾਂ ‘ਤੇ ਨਿਯੁਕਤੀ ਦਿੱਤੀ ਗਈ ਸੀ। ਉਸਨੇ ਅੱਗੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਤਰਸ ਦੇ ਆਧਾਰ `ਤੇ ਨਿਯੁਕਤੀਆਂ ਵੀ ਤੇਜ਼ੀ ਨਾਲ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਪੀੜਤ ਪਰਿਵਾਰਾਂ ਨੂੰ ਸਨਮਾਨ ਨਾਲ ਰੋਜ਼ੀ -ਰੋਟੀ ਕਮਾਉਣ ਦਾ ਮੌਕਾ ਮਿਲਿਆ ਹੈ।
ਇਸ ਮੌਕੇ ਬੋਲਦਿਆਂ ਸਿੱਖਿਆ ਮੰਤਰੀ ਨੇ ਸਿੱਖਿਆ ਵਿਭਾਗ ਦੇ ਅਧਿਆਪਕਾਂ, ਅਧਿਕਾਰੀਆਂ ਅਤੇ ਗੈਰ-ਅਧਿਆਪਨ ਸਟਾਫ ਦਾ ਧੰਨਵਾਦ ਕੀਤਾ ਅਤੇ ਅਧਿਆਪਕ ਦਿਵਸ ਦੇ ਪਵਿੱਤਰ ਮੌਕੇ ‘ਤੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਨੀਤੀਆਂ ਅਤੇ ਸੁਧਾਰਾਂ ਤੋਂ ਇਲਾਵਾ, ਸਿੱਖਿਆ ਵਿਭਾਗ ਦੇ ਸਮੁੱਚੇ ਸਟਾਫ਼ ਦੇ ਸਹਿਯੋਗ ਅਤੇ ਸਖਤ ਮਿਹਨਤ ਨੇ ਦੇਸ਼ ਵਿੱਚ ਪਹਿਲਾ ਸਥਾਨ ਹਾਸਲ ਕਰਨਾ ਸੰਭਵ ਬਣਾਇਆ ਹੈ। ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।