ਕੇਵਲ ਢਿੱਲੋਂ ਨੇ ਜਿਲ੍ਹੇ ਦੇ ਵਿਕਾਸ ਕੰਮਾਂ ਲਈ ਫਿਰ ਖੋਲ੍ਹਿਆ ਗਰਾਂਟਾਂ ਦਾ ਪਿਟਾਰਾ
ਪੱਕੇ ਖਾਲਿਆਂ ਲਈ 52 ਕਰੋੜ , ਨਿਰਮਾਣ ਯੋਜਨਾ ਅਧੀਨ ਜਾਰੀ ਕਰਵਾਇਆ 10 ਕਰੋੜ
ਢਿੱਲੋਂ ਨੇ ਕੀਤਾ ਭਾਈ ਮਨੀ ਸਿੰਘ ਚੌਂਕ ਤੇ ਫੁਹਾਰੇ ਦੀ ਰੈਨੋਵੇਸ਼ਨ ਦਾ ਉਦਘਾਟਨ
ਹਰਿੰਦਰ ਨਿੱਕਾ , ਬਰਨਾਲਾ 29 ਅਗਸਤ 2021
ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਅੱਜ ਫਿਰ ਇੱਕ ਬਰਨਾਲਾ ਜਿਲ੍ਹੇ ਦੇ ਵੱਖ ਵੱਖ ਵਿਕਾਸ ਕੰਮਾਂ ਲਈ ਕਰੋੜਾਂ ਰੁਪਏ ਦੀਆਂ ਗਰਾਂਟਾ ਦਾ ਪਿਟਾਰਾ ਖੋਲ੍ਹ ਦਿੱਤਾ। ਬਰਨਾਲਾ ਫੇਰੀ ਦੌਰਾਨ ਢਿੱਲੋਂ ਨੇ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਇਤਹਾਸਿਕ ਨਗਰ ਹੰਡਿਆਇਆ ‘ਚ 46 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੀ ਮੁੱਖ ਸੜਕ ਤੇ ਪ੍ਰੀਮਿਕਸ ਪਾਉਣ ਦੇ ਕੰਮ ਦਾ ਉਦਘਾਟਨ ਕੀਤਾ।
ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ,ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ, ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ, ਸੀਨੀਅਰ ਕਾਂਗਰਸੀ ਆਗੂ ਹਰਵਿੰਦਰ ਸਿੰਘ ਚਹਿਲ , ਨਰਿੰਦਰ ਸ਼ਰਮਾ, ਹਰਪ੍ਰੀਤ ਸਿੰਘ ਬਾਜਵਾ, ਕੌਂਸਲਰ ਪਰਮਜੀਤ ਸਿੰਘ ਜੌਂਟੀ ਮਾਨ, ਪਰਮਜੀਤ ਸਿੰਘ ਪੱਖੋ, ਜਸਮੇਲ ਸਿੰਘ ਡੇਅਰੀਵਾਲਾ ਅਤੇ ਹੋਰ ਕਾਂਗਰਸੀ ਆਗੂ ਮੌਜੂਦ ਰਹੇ। ਨਗਰ ਸੁਧਾਰ ਟਰੱਸਟ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਢਿੱਲੋਂ ਨੇ ਕਿਹਾ ਕਿ ਉਨਾਂ ਦਾ ਇੱਕੋ ਇੱਕ ਸੁਪਨਾ ਜਿਲ੍ਹੇ ਦਾ ਚੌਤਰਫਾ ਵਿਕਾਸ ਕਰਨਾ ਹੀ ਹੈ। ਉਨਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਉਹ ਵਿਸ਼ੇਸ਼ ਉੱਦਮ ਕਰਵਾ ਕੇ ਜਿਲ੍ਹੇ ਦੇ ਪੱਕੇ ਖਾਲਿਆਂ ਲਈ 52 ਕਰੋੜ ਰੁਪਏ ਅਤੇ ਨਿਰਮਾਣ ਯੋਜਨਾ ਦੇ ਤਹਿਤ 10 ਕਰੋੜ ਰੁਪਏ ਦੀ ਰਾਸ਼ੀ ਜ਼ਾਰੀ ਕਰਵਾਕੇ ਲਿਆਏ ਹਨ ਤਾਂਕਿ ਜਿਲ੍ਹੇ ਦੇ ਵਿਕਾਸ ਮੁਕੰਮਲ ਹੋ ਸਕੇ।
ਸ਼ਹਿਰ ‘ਚ 6 ਹੋਰ ਨਵੇਂ ਟਿਊਬਵੈਲ ਤੇ 32 ਕਿਲੋਮੀਟਰ ਪਾਈਪ ਲਾਈਨ ਨੂੰ ਮੰਜੂਰੀ
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸ਼ਹਿਰ ਦੀ ਵੱਧਦੀ ਅਬਾਦੀ ਨੂੰ ਸ਼ੁੱਧ ਅਤੇ ਨਿਰਵਿਘਨ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਸ਼ਹਿਰ ਅੰਦਰ ਪਹਿਲਾਂ 6 ਟਿਊਬਵੈਲ ਚੱਲ ਰਹੇ ਹਨ, ਪਰੰਤੂ ਹੁਣ 6 ਹੋਰ ਟਿਊਬਵੈਲਾਂ ਦੀ ਹੋਰ ਮੰਜੂਰੀ ਲੈ ਲਈ ਗਈ ਹੈ। ਜਲ ਸਪਲਾਈ ਲਈ 32 ਕਿਲੋਮੀਟਰ ਪਾਈਪ ਲਾਈਨ ਵੀ ਵਿਛਾਈ ਜਾਵੇਗੀ ਅਤੇ 2 ਲੱਖ ਗੈਲਨ ਦੀ ਸਮਰੱਥਾ ਵਾਲੀ ਪਾਣੀ ਦੀ ਵੱਡੀ ਟੈਂਕੀ ਦਾ ਨਿਰਮਾਣ ਵੀ ਜਲ ਦੀ ਸ਼ੁਰੂ ਕਰਵਾਇਆ ਜਾਵੇਗਾ। ਢਿੱਲੋਂ ਨੇ ਕਿਹਾ ਕਿ ਮੈਂ ਨੀਂਹ ਪੱਥਰਾਂ ਦੀ ਰਾਜਨੀਤੀ ਵਿੱਚ ਸ਼ੁਰੂ ਤੋਂ ਹੀ ਯਕੀਨ ਨਹੀਂ ਕਰਦਾ, ਹਰ ਕੰਮ ਸ਼ੁਰੂ ਕਰਵਾ ਕੇ ਉਦਘਾਟਨ ਹੀ ਕਰਦਾ ਹਾਂ।
ਚੰਗੀ ਕਵਾਲਿਟੀ ਦਾ ਕੰਮ ਨਾ ਕਰਨ ਵਾਲੇ ਠੇਕੇਦਾਰਾਂ ਨੂੰ ਨਹੀਂ ਹੋਵੇਗੀ ਅਦਾਇਗੀ
ਕੇਵਲ ਸਿੰਘ ਢਿੱਲੋਂ ਨੇ ਪੱਤਰਕਾਰਾਂ ਵੱਲੋਂ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ‘ਚ ਇੰਟਰਲੌਕ ਟਾਇਲਾਂ ਅਤੇ ਹੋਰ ਵਿਕਾਸ ਕੰਮਾਂ ਲਈ ਘਟੀਆ ਮੈਟੀਰੀਅਲ ਲਗਾਉਣ ਕਾਰਣ ਟੁੱਟ ਰਹੀਆਂ ਸੜ੍ਹਕਾਂ ਸਬੰਧੀ ਪੁੱਛੇ ਸਵਾਲ ਦੇ ਜੁਆਬ ਵਿੱਚ ਕਿਹਾ ਕਿ ਘਟੀਆ ਮੈਟੀਰੀਅਲ ਵਰਤਣ ਵਾਲੇ ਠੇਕੇਦਾਰਾਂ ਨੂੰ ਅਦਾਇਗੀ ਨਹੀਂ ਹੋਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਉਹ ਭ੍ਰਿਸ਼ਟਾਚਾਰ ਦੀ ਜੀਰੋ ਟੌਲਰੈਂਸ ਨੀਤੀ ਨੂੰ ਅਮਲ ਵੀ ਕਰਨਗੇ। ਉਨਾਂ ਮੀਡੀਆ ਕਰਮੀਆਂ ਨੂੰ ਕਿਹਾ ਕਿ ਮੈਂਨੂੰ ਦੱਸੋ ਕਿੱਥੇ ਕਿੱਥੇ ਭ੍ਰਿਸ਼ਟਾਚਾਰ ਹੋ ਰਿਹਾ, ਉਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਿੱਚ ਦੇਰ ਨਹੀਂ ਲੱਗੇਗੀ।
ਢਿੱਲੋਂ ਦੀ ਸਫਾਈ , ਮੈਂ 4 ਚੋਣਾਂ ਲੜੀਆਂ ਕਦੇ ਕਿਸੇ ਤੋਂ ਕੋਈ ਚੋਣ ਫੰਡ ਵੀ ਨਹੀਂ ਲਿਆ
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਮੈਂ ਆਪਣੇ ਹੁਣ ਤੱਕ ਦੇ ਰਾਜਸੀ ਸਫਰ ਦੌਰਾਨ 3 ਵਿਧਾਨ ਸਭਾ ਅਤੇ 1 ਲੋਕ ਸਭਾ ਦੀ ਚੋਣ ਲੜੀ ਹੈ। ਕਦੇ ਵੀ ਕਿਸੇ ਚੋਣ ਵਿੱਚ ਕਿਸੇ ਵਪਾਰੀ ਜਾਂ ਹੋਰ ਵਰਗ ਤੋਂ ਕੋਈ ਚੋਣ ਫੰਡ ਵੀ ਨਹੀਂ ਲਿਆ। ਉਨਾਂ ਕਿਹਾ ਕਿ ਇਸ ਲਈ ਮੈਂ ਸੌਂਹ ਖਾਣ ਲਈ ਤਿਆਰ ਹਾਂ। ਉਨਾਂ ਕਿਹਾ ਕਿ ਮੇਰਾ ਰਾਜਨੀਤੀ ਵਿੱਚ ਆਉਣ ਦਾ ਇੱਕੋ ਇੱਕ ਮਕਸਦ ਆਪਣੇ ਸ਼ਹਿਰ ਅਤੇ ਜਿਲ੍ਹੇ ਦਾ ਵਿਕਾਸ ਕਰਵਾਉਣਾ ਹੈ। ਵਿਕਾਸ ਕੰਮਾਂ ਵਿੱਚ ਉਨਾਂ ਦੀ ਹਾਰ ਜਿੱਤ ਕੋਈ ਬਰੇਕ ਨਹੀਂ ਲਾ ਸਕਦੀ। ਉਨਾਂ ਕਿਹਾ ਕਿ ਜਿੱਤ ਅਤੇ ਹਾਰ ਦਾ ਫਰਕ ਇੱਨਾਂ ਹੀ ਹੈ ਕਿ ਜਿੱਤ ਕੇ ਵਿਕਾਸ ਕੰਮ ਖੁਦ ਕੀਤੇ ਜਾ ਸਕਦੇ ਹਨ, ਹਰ ਕੇ ਕਿਸੇ ਤੋਂ ਕਹਿ ਕੇ ਕੰਮ ਕਰਵਾਉਣੇ ਪੈਂਦੇ ਹਨ।