ਕਿਸਾਨਾਂ ਮਜ਼ਦੂਰਾਂ ਨੇ ਮੋਦੀ ਅਤੇ ਖੱਟਰ ਹਕੂਮਤ ਦੇ ਪੁਤਲੇ ਫੂਕੇ
ਭਾਜਪਾ ਹਕੂਮਤ ਜਮਹੂਰੀ ਰਾਜ ਦੇ ਸਭ ਕਾਇਦੇ ਕਾਨੂੰਨਾਂ ਨੂੰ ਸਿੱਕੇ ਟੰਗ ਕੇ ਕਾਰਪੋਰੇਟ ਪੱਖੀ ਨੀਤੀਆ ਲਿਆ ਰਹੀ ਹੈ – ਤਾਰੀ
ਪਰਦੀਪ ਕਸਬਾ, ਜਗਰਾਉਂ, 29 ਅਗਸਤ 2021
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਤਹਿਤ ਖੇਤੀ ਕਾਨੂੰਨਾਂ ਸਮੇਤ ਹੋਰ ਕਾਲ਼ੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ਤੇ ਤੱਪਸਿਆ ਰੂਪੀ ਅਹਿਮ ਸੰਘਰਸ਼ ਚੱਲ ਰਿਹਾ ਹੈ।
ਮੌਜੂਦਾ ਸਮੇਂ ਦੀ ਭਾਜਪਾ ਹਕੂਮਤ ਜਮਹੂਰੀ ਰਾਜ ਦੇ ਸਭ ਕਾਇਦੇ ਕਾਨੂੰਨਾਂ ਨੂੰ ਸਿੱਕੇ ਟੰਗ ਕੇ ਕਾਰਪੋਰੇਟ ਪੱਖੀ ਨੀਤੀਆ ਲਿਆ ਰਹੀ ਹੈ। ਉਹ ਦੇਸ਼ ਦੇ ਜਲ, ਜੰਗਲ, ਜ਼ਮੀਨ, ਪਰਬਤ, ਕੁਦਰਤੀ ਸੋਮਿਆਂ ਅਤੇ ਪਬਲਿਕ ਸੈਕਟਰ ਦੇ ਅਦਾਰਿਆਂ ਦੀ ਜਨਤਿਕ ਹਿੱਤਾਂ ਵਾਸਤੇ ਰੱਖਿਆ ਕਰਨ ਦੀ ਬਜਾਏ ਆਪ ਦਲਾਲ ਬਣ ਕੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚ ਰਹੀ ਹੈ। ਇਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਆਗੂਆਂ ਨੂੰ ਕਿਸਾਨਾਂ ਮਜਦੂਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੰਯੁਕਤ ਕਿਸਾਨ ਮੋਰਚੇ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਕੱਲ 28 ਅਗੱਸਤ ਨੂੰ ਕਰਨਾਲ ਨੇੜੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਦੌਰੇ ਦੇ ਦੌਰਾਨ ਕਿਸਾਨ ਜੱਥੇਬੰਦੀਆਂ ਨੇ ਖੱਟਰ ਖਿਲਾਫ ਜਮਹੂਰੀ ਢੰਗ ਨਾਲ਼ ਆਪਣਾ ਰੋਸ ਪ੍ਰਦਰਸ਼ਨ ਕੀਤਾ ਤਾਂ ਹਰਿਆਣੇ ਦੀ ਪੁਲਿਸ ਵੱਲੋਂ ਅੰਨੇਵਾਹ ਡਾਂਗਾਂ-ਸੋਟੀਆਂ ਵਰਾਕੇ ਅਨੇਕਾਂ ਹੀ ਪ੍ਰਦਰਸ਼ਨਕਾਰੀ ਕਿਸਾਨਾਂ ਮਜਦੂਰਾਂ ਨੂੰ ਲਹੂ ਲੁਹਾਨ ਕਰਕੇ ਉਨ੍ਹਾਂ ਦੇ ਹੱਡ-ਪੈਰ ਤੋੜ ਦਿੱਤੇ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਦੱਸਿਆ ਕਿ, ਭਾਜਪਾ ਹਕੂਮਤ ਦੇ ਇਸ ਅਤਿਆਚਾਰ ਦੇ ਵਿਰੋਧ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਰਸੂਲਪੁਰ, ਮੱਲਾ, ਮਾਣੂੰਕੇ ਅਤੇ ਲੱਖਾ ਆਦਿ ਪਿੰਡਾਂ ਵਿੱਚ ਮੋਦੀ ਅਤੇ ਖੱਟਰ ਹਕੂਮਤ ਦੇ ਪੁਤਲੇ ਫੂਕੇ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਤਾਰ ਸਿੰਘ, ਭਾਗ ਸਿੰਘ, ਗੁਰਜੰਟ ਸਿੰਘ ਖਾਲਸਾ, ਹਰਦੇਵ ਸਿੰਘ, ਜੱਥੇਦਾਰ ਜੀਤ ਸਿੰਘ, ਗੁਰਮੇਲ ਸਿੰਘ, ਹਰਨੇਕ ਸਿੰਘ, ਹਰਬੰਸ ਸਿੰਘ,ਦਾਰਾ ਸਿੰਘ, ਤਰਸੇਮ ਸਿੰਘ ਅਤੇ ਨਿਰਭੈ ਸਿੰਘ ਆਦਿ ਹਾਜ਼ਰ ਸਨ।