ਕਿਸਾਨਾਂ ‘ਤੇ ਵਹਿਸ਼ੀ ਪੁਲਿਸ ਲਾਠੀਚਾਰਜ ਵਿਰੁੱਧ ਦੋ ਘੰਟੇ ਲਈ ਸੜਕਾਂ ਕੀਤੀਆਂ ਜਾਮ

Advertisement
Spread information

ਕਿਸਾਨਾਂ ਦਾ ਸਿਰ ਭੰਨ ਦਿਉ’ ਵਾਲਾ ਗੈਰ-ਕਾਨੂੰਨੀ ਨਾਦਰਸ਼ਾਹੀ ਫਰਮਾਨ ਜਾਰੀ ਕਰਨ ਵਾਲੇ ਐਸਡੀਐਮ ਅਯੂਸ਼ ਸਿਨਹਾ ਨੂੰ ਬਰਖਾਸਤ ਕਰੋ: ਕਿਸਾਨ ਆਗੂ


ਪਰਦੀਪ ਕਸਬਾ , ਬਰਨਾਲਾ:  29 ਅਗਸਤ, 2021

          ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਜਾਣ ਵਾਲਾ ਧਰਨਾ ਵੱਖ ਵੱਖ ਥਾਂਈ ਸੜਕਾਂ ਜਾਮ ਕਰਨ  ਦੇ ਰੂਪ ‘ਚ ਲੱਗਿਆ। ਹੰਢਿਆਇਆ ਬਾਈਪਾਸ ਪੁੱਲ ਤੋਂ ਇਲਾਵਾ ਧਰਨਾਕਾਰੀਆਂ  ਨੇ ਮਹਿਲਕਲਾਂ, ਸਹਿਜੜਾ,ਪੱਖੋ ਮੋਗਾ-ਬਾਈਪਾਸ, ਤਪਾ ਤੇ ਭਦੌੜ ਥਾਵਾਂ ‘ਤੇ ਵੀ ਸੜਕਾਂ ਜਾਮ ਕੀਤੀਆਂ। ਕੱਲ੍ਹ ਕਰਨਾਲ (ਹਰਿਆਣਾ) ਵਿੱਚ ਕਿਸਾਨ, ਆਪਣੇ ਪਹਿਲਾਂ ਤੋਂ ਐਲਾਨੇ ਪ੍ਰੋਗਰਾਮ ਅਨੁਸਾਰ, ਬੀਜੇਪੀ ਨੇਤਾਵਾਂ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਸਨ।

Advertisement

ਹਰਿਆਣਾ ਸਰਕਾਰ ਨੇ ਕਿਸਾਨਾਂ ‘ਤੇ ਵਹਿਸ਼ੀ ਲਾਠੀਚਾਰਜ ਕਰਨ ਦੀ ਪਹਿਲਾਂ ਤੋਂ ਹੀ  ਕੋਝੀ ਸਾਜਿਸ਼ ਰਚੀ ਹੋਈ ਸੀ। ਇਸ ਸਾਜਿਸ਼ ਦਾ ਸਬੂਤ ਉਹ ਵਾਇਰਲ ਹੋਈ ਵਿਡਿਉ ਹੈ ਜਿਸ ਵਿੱਚ ਐਸਡੀਐਮ (ਕਰਨਾਲ)ਅਯੂਸ਼ ਸਿਨਹਾ ਪੁਲਿਸ ਅਧਿਕਾਰੀਆਂ ਨੂੰ ‘ਡਾਗਾਂ ਨਾਲ ਕਿਸਾਨਾਂ ਦੇ ਸਿਰ ਭੰਨ ਦੇਣ’ ਦਾ ਆਦੇਸ਼ ਦਿੰਦਾ ਸਾਫ ਸੁਣਾਈ ਦਿੰਦਾ ਹੈ। ਇਸੇ ਸਾਜਿਸ਼ ਤਹਿਤ ਪਹਿਲਾਂ ਤੋਂ ਹੀ ਆਮ ਜਰੂਰਤ ਤੋਂ ਕਈ ਗੁਣਾਂ ਵਧੇਰੇ ਪੁਲਿਸ ਨਫਰੀ ਦਾ ਇੰਤਜ਼ਾਮ ਕੀਤਾ ਹੋਇਆ ਸੀ।

ਹਾਲਤਾਂ ਦੀ ਤਰਾਸਦੀ ਦੇਖੋ, ਜਿਸ ਦਿਨ ਪ੍ਰਧਾਨ ਮੰਤਰੀ ਮੋਦੀ, ਨਵੀਨੀਕਰਨ ਬਾਅਦ ਜੱਲ੍ਹਿਆਂ ਵਾਲੇ ਬਾਗ ਦਾ ਵਰਚੂਅਲ ਉਦਘਾਟਨ ਕਰ ਰਿਹਾ ਸੀ,ਹਰਿਆਣਾ ਪੁਲਿਸ ਕਿਸਾਨਾਂ ਨੂੰ ਲਹੂ-ਲੁਹਾਨ ਕਰ ਰਹੀ ਸੀ; ਮਾਵਾਂ -ਭੈਣਾਂ ਦੀਆਂ ਗਾਲ੍ਹਾਂ ਦਾ ਮੀਂਹ ਵਰ੍ਹਾ ਰਹੀ ਸੀ।  ਆਗੂਆਂ ਨੇ ਕਿਹਾ ਕਿ ਦਰਅਸਲ ਗੈਰ-ਸੰਵਿਧਾਨਕ ਖੇਤੀ ਕਾਨੂੰਨ ਬਣਾ ਕੇ ਸਰਕਾਰ ਇਖਲਾਕੀ ਤੌਰ ‘ਤੇ ਹਾਰੀ ਹੋਈ ਹੈ ਅਤੇ ਕਿਸਾਨ ਅੰਦੋਲਨ ਨੂੰ ਖਦੇੜਨ ਦੇ ਇਸ ਦੇ ਸਾਰੇ ਹੱਥਕੰਡੇ ਵੀ ਫੇਲ੍ਹ ਹੋ ਚੁੱਕੇ ਹਨ। ਸਰਕਾਰ  ਕਿਸੇ ਵੀ ਹੀਲੇ ਕਿਸਾਨ ਅੰਦੋਲਨ ਨੂੰ ਲੀਹੋਂ ਲਾਉਣਾ ਚਾਹੁੰਦੀ ਹੈ। ਪਰ ਕਿਸਾਨ ਸਰਕਾਰ ਦੀਆਂ ਸਾਰੀਆਂ ਚਾਲਾਂ ਨੂੰ ਫੇਲ੍ਹ ਕਰ ਦੇਣਗੇ ਅਤੇ ਇਸ ਦੇ ਲਾਠੀਚਾਰਜਾਂ ਤੋਂ ਨਾ ਹੀ ਡਰਨਗੇ ਅਤੇ ਨਾ ਹੀ ਇਨ੍ਹਾਂ ਨੂੰ ਚੁੱਪ-ਚਾਪ ਸਹਿਣ ਕਰਨਗੇ।

ਅੱਜ ਧਰਨੇ ਨੂੰ ਬਾਬੂ ਸਿੰਘ ਖੁੱਡੀ ਕਲਾਂ, ਨਰੈਣ ਦੱਤ, ਗੁਰਨਾਮ ਸਿੰਘ ਠੀਕਰੀਵਾਲਾ, ਪ੍ਰੇਮਪਾਲ ਕੌਰ,ਵਰਿੰਦਰ ਠੀਕਰੀਵਾਲਾ, ਕੁਲਵਿੰਦਰ ਸਿੰਘ ਉਪਲੀ, ਜਸਮੇਲ ਸਿੰਘ ਕਾਲੇਕੇ, ਅਮਰਜੀਤ ਕੌਰ, ਸ਼ਿੰਗਾਰਾ ਸਿੰਘ ਰਾਜੀਆ, ਮਨਜੀਤ ਰਾਜ, ਮਨਜੀਤ ਕੌਰ ਖੁੱਡੀ ਕਲਾਂ, ਬਲਵੀਰ ਕੌਰ ਕਰਮਗੜ੍ਹ, ਯਾਦਵਿੰਦਰ ਸਿੰਘ, ਬਿੱਕਰ ਸਿੰਘ ਔਲਖ, ਇੰਦਰਪਾਲ ਸਿੰਘ ਸੇਖਾ ਕੈਂਚੀਆਂ, ਹਰਚਰਨ ਸਿੰਘ ਸੁਖਪੁਰਾ ਨੇ ਸੰਬੋਧਨ ਕੀਤਾ।

ਬੁਲਾਰਿਆਂ ਨੇ ਮੰਗ ਕੀਤੀ ਕਿ ਐਸਡੀਐਮ ਕਰਨਾਲ ਅਯੂਸ਼ ਸਿਨਹਾ ਨੂੰ ਬਰਖਾਸਤ ਕੀਤਾ ਜਾਵੇ ਅਤੇ ਇਸ ਲਾਠੀਚਾਰਜ ਲਈ ਜਿੰਮੇਵਾਰ ਦੂਸਰੇ ਅਧਿਕਾਰੀਆਂ ਵਿਰੁੱਧ ਵੀ ਢੁੱਕਵੀਂ ਕਾਰਵਾਈ ਕੀਤੀ ਜਾਵੇ। ਕਿਸਾਨ ਸੜਕਾਂ ਜਾਮ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਨਹੀਂ ਚਾਹੁੰਦੇ ਪਰ ਸਰਕਾਰ ਜਾਣਬੁੱਝ ਕੇ ਸਾਨੂੰ ਅਜਿਹਾ ਕਰਨ ਲਈ ਮਜ਼ਬੂਰ ਕਰਦੀ ਹੈ। ਅਸੀਂ ਸਾਰੀ ਪ੍ਰੇਸ਼ਾਨੀ ਖੁਦ ਆਪਣੇ ਪਿੰਡਿਆਂ ‘ਤੇ ਝੱਲ ਕੇ  ਉਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਾਂ ਜੋ ਕਾਨੂੰਨ ਸਾਰੇ ਵਰਗਾਂ ਲਈ ਖਤਰਨਾਕ ਹਨ।
  ਕਮਲ ਤੇ ਜਗਜੀਤ ਸਿੰਘ ਬਦਰਾ ਨੇ ਇਨਕਲਾਬੀ ਗੀਤ ਸੁਣਾਏ।

Advertisement
Advertisement
Advertisement
Advertisement
Advertisement
error: Content is protected !!