ਆਖਿਰ ਕਿੱਥੇ ਰੁਕ ਗਈ ਮਲਟੀਸਪੈਸ਼ਲਿਟੀ ਹਸਪਤਾਲ ਤੇ ਟਰਾਮਾ ਸੈਂਟਰ ਲਈ ਜ਼ਾਰੀ ਹੋਈ ਰਾਸ਼ੀ !
ਬਠਿੰਡਾ ਹਾਈਵੇ ਤੇ ਹੰਡਿਆਇਆ ਨੇੜੇ ਹਸਪਤਾਲ ਦੀ ਪ੍ਰਪੋਜਡ ਜਗ੍ਹਾ ਤੇ ਯੂਨੀਕੋਨ ਬਿਲਡਰ ਵਾਲਿਆਂ ਨੇ ਲਾਇਆ ਬੋਰਡ,
ਕਿਹਾ ! ਜਗ੍ਹਾ ਅੰਦਰ ਦਾਖਿਲ ਹੋਣ ਵਾਲਿਆਂ ਤੇ ਹੋਊ ਕਾਨੂੰਨੀ ਕਾਰਵਾਈ
ਹਰਿੰਦਰ ਨਿੱਕਾ , ਬਰਨਾਲਾ 19 ਅਗਸਤ 2021
ਕਿਸੇ ਨੇ ਸੱਚ ਹੀ ਕਿਹਾ ਹੈ ਕਿ ਲੀਡਰਾਂ ਦੇ ਲਾਰੇ ” ਨਾ ਵਿਆਹੇ , ਨਾ ਕੁਆਰੇ ” ਜੀ ਹਾਂ ਸੱਚ-ਮੁੱਚ ਕਈ ਮਹੀਨੇ ਪਹਿਲਾਂ ਇਲਾਕੇ ਦੇ ਜਾਹਿਰ ਕਰਦਾ ਵਿਕਾਸ ਪੁਰਸ਼ ਵੱਲੋਂ ਇਲਾਕੇ ਦੇ ਲੋਕਾਂ ਲਈ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਟਰਾਮਾ ਸੈਂਟਰ ਦਾ ਛੇਤੀ ਹੀ ਨਿਰਮਾਣ ਸ਼ੁਰੂ ਕਰਨ ਦਾ ਦਾਅਵਾ ਇੱਕ ਚਿੱਠੀ ਜਾਰੀ ਕਰ, ਲੋਕਾਂ ਨੂੰ ਅਜਿਹਾ ਸਬਜਬਾਗ ਦਿਖਾਇਆ ਗਿਆ ਕਿ ਹਸਪਤਾਲ ਦੀ ਪ੍ਰਸਤਾਵਿਤ ਜਗ੍ਹਾ ਦੇ ਨੇੜਲੀਆਂ ਜਮੀਨਾਂ ਦੇ ਭਾਅ ਰਾਤੋ-ਰਾਤ ਅਸਮਾਨੀ ਚੜ੍ਹ ਗਏ ਅਤੇ ਜਮੀਨਾਂ ਦੇ ਮਾਲਿਕ ਭੰਗੜੇ ਪਾਉਣ ਲੱਗ ਪਏ ਸਨ। ਲੋਕਾਂ ਨੂੰ ਇੱਕ ਵਾਰ ਇਉਂ ਲੱਗਿਆ , ਜਿਵੇਂ ਮਹੀਨਿਆਂ ਨਹੀਂ, ਕੁੱਝ ਹਫਤਿਆਂ ਵਿੱਚ ਨੀਂਹ ਪੱਥਰ ਤੇ ਫਿਰ ਤੇਜ਼ੀ ਨਾਲ ਵੀਰਾਨ ਪਈ ਜਗ੍ਹਾ ਨੂੰ ਭਾਗ ਲੱਗ ਗਏ, ਛੇਤੀ ਹੀ ਉੱਥੇ ਕਿੱਧਰੇ ਜੀ.ਸੀ.ਬੀ ਮਸ਼ੀਨਾਂ, ਸੈਂਕੜਿਆਂ ਦੀ ਸੰਖਿਆ ਵਿੱਚ ਕੰਮ ਕਰਨ ਵਾਲਿਆਂ ਦੀਆਂ ਭੀੜਾਂ ਦਿਖਣ ਲੱਗ ਪੈਣਗੀਆਂ ਅਤੇ ਚੁਫੇਰੇ ਤੇਸੀਆਂ ਕਰੰੜੀਆਂ ਖੜ੍ਹਕਦੀਆਂ ਸੁਣਨਗੀਆਂ । ਕਾਸ਼! ਲੋਕਾਂ ਲਈ ਇਹ ਸਭ ਕੁੱਝ ਫਿਲਹਾਲ ਸੁਪਨਾ ਬਣ ਕੇ ਹੀ ਰਹਿ ਗਿਆ। ਯਾਨੀ ਇਲਾਕੇ ਦੇ ਲੋਕਾਂ ਨੂੰ ਵਿਕਾਸ ਪੁਰਸ਼ ਦੇ ਦਿਖਾਏ ਸਬਜਬਾਗ ਦੇ ਹਕੀਕਤ ਹੋਣ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ।
ਯੂਨੀਕੋਨ ਬਿਲਡਰ ਵਾਲਿਆਂ ਨੇ ਲਾਇਆ ਬੋਰਡ, ਜਗ੍ਹਾ ‘ਚ ਵੜ੍ਹੇ ਹੋਊ ਕਾਨੂੰਨੀ ਕਾਰਵਾਈ !
ਨਗਰ ਕੌਂਸਲ ਦੀ ਮਾਲਿਕੀ ਦੀ ਅਤੇ ਯੂਨੀਕੋਨ ਬਿਲਡਰ ਵਾਲਿਆਂ ਦੀ ਕਾਬਿਜੀ ਵਾਲੀ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਟਰਾਮਾ ਸੈਂਟਰ ਦੀ ਪ੍ਰਸਤਾਵਿਤ ਜਗ੍ਹਾ ਸਬੰਧੀ ਨਗਰ ਕੌਂਸਲ ਬਰਨਾਲਾ ਵੱਲੋਂ ਮਤਾ ਪਾਸ ਕਰ ਦਿੱਤਾ ਗਿਆ ਹੈ। ਪਰੰਤੂ ਉਸ ਥਾਂ ਉੱਪਰ ਲੰਬੇ ਅਰਸੇ ਤੋਂ ਲੁੱਕ ਬਜਰੀ ਮਿਕਸਚਰ ਪਲਾਂਟ ਚਲਾ ਰਹੇ ਯੂਨੀਕੋਨ ਬਿਲਡਰ ਵਾਲਿਆਂ ਨੇ ਜਗ੍ਹਾ ਉੱਪਰ ਨਗਰ ਕੌਂਸਲ ਵੱਲੋਂ ਸੰਭਾਵਿਤ ਕਥਿਤ ਜਬਰੀ ਕਬਜਾ ਰੋਕਣ ਲਈ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ, ਜਿਹੜਾ ਫਿਲਹਾਲ ਅਦਾਲਤ ਵਿੱਚ ਵਿਚਾਰ ਅਧੀਨ ਹੈ। ਇੱਥੇ ਹੀ ਬੱਸ ਨਹੀਂ, ਯੂਨੀਕੋਨ ਬਿਲਡਰ ਵਾਲਿਆਂ ਵੱਲੋਂ ਪ੍ਰਸਤਾਵਿਤ ਹਸਪਤਾਲ ਵਾਲੀ ਜਗ੍ਹਾ ਤੇ ਇੱਕ ਸੂਚਨਾ ਬੋਰਡ ਲਾ ਦਿੱਤਾ ਕਿ ਇਹ ਜਗ੍ਹਾ ਯੂਨੀਕੋਨ ਬਿਲਡਰ ਦੀ ਹੈ, ਇਸ ਅੰਦਰ ਦਾਖਿਲ ਹੋਣ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹਾਲੇ ਤੱਕ ਜ਼ਾਰੀ ਨਹੀਂ ਹੋਈ, ਪ੍ਰਚਾਰੀ ਜਾ ਰਹੀ 40 ਕਰੋੜ ਦੀ ਰਾਸ਼ੀ !
ਮਲਟੀਸਪੈਸ਼ਲਿਟੀ ਹਸਪਤਾਲ ਅਤੇ ਟਰਾਮਾ ਸੈਂਟਰ ਬਣਾਏ ਜਾਣ ਦੇ ਬਿਆਨ ਦੇਣ ਵਾਲਿਆਂ ਵੱਲੋਂ ਸਮੇਂ ਸਮੇਂ ਇਹ ਵੀ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ 100 ਕਰੋੜ ਦੀ ਲਾਗਤ ਨਾਲ ਬਣਨ ਇਸ ਹਸਪਤਾਲ ਲਈ ਪਹਿਲੀ ਕਿਸ਼ਤ 40 ਕਰੋੜ ਰੁਪਏ ਦੀ ਰਾਸ਼ੀ ਜ਼ਾਰੀ ਹੋ ਚੁੱਕੀ ਹੈ। ਪਰੰਤੂ ਇਹ ਦਾਅਵਾ ਵੀ ਸਿਹਤ ਵਿਭਾਗ ਦੇ ਰਿਕਾਰਡ ਨਾਲ ਮੇਲ ਨਹੀਂ ਖਾ ਰਿਹਾ। ਕਈ ਦਿਨਾਂ ਤੋਂ ਇਸ ਤਰਾਂ ਦੀ ਚੁੰਝ ਚਰਚਾ ਚੱਲ ਰਹੀ ਸੀ ਕਿ 40 ਕਰੋੜ ਰੁਪਏ ਜਾਰੀ ਹੋਣ ਦੀ ਗੱਲ ਵਿੱਚ ਕੋਈ ਸਚਾਈ ਨਹੀਂ ਹੈ। ਇਸ ਦੀ ਹਕੀਕਤ ਜਾਣਨ ਲਈ ਸਿਹਤ ਕਾਰਪੋਰੋਸ਼ਨ ਪੰਜਾਬ ਦੇ ਡਾਇਰੈਕਟਰ ਡਾਕਟਰ ਗੁਰਿੰਦਰਬੀਰ ਸਿੰਘ ਨੂੰ ਜਦੋਂ 40 ਕਰੋੜ ਰੁਪਏ ਜ਼ਾਰੀ ਹੋਣ ਬਾਰੇ ਟੂਡੇ ਨਿਊਜ ਵੱਲੋਂ ਪੁੱਛਿਆ ਗਿਆ ਤਾਂ ਉਨਾਂ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਕਿ ਫਿਲਹਾਲ ਬਰਨਾਲਾ ਇਲਾਕੇ ਦੇ ਪ੍ਰਸਤਾਵਿਤ ਹਸਪਤਾਲ ਦੇ ਨਿਰਮਾਣ ਲਈ ਸਰਕਾਰ ਦੀ ਤਰਫੋਂ 40 ਕਰੋੜ ਰੁਪਏ ਦੀ ਕੋਈ ਰਾਸ਼ੀ ਸਿਹਤ ਕਾਰਪੋਰੇਸ਼ਨ ਨੂੰ ਜਾਰੀ ਨਹੀਂ ਕੀਤੀ ਗਈ।