ਘਬਰਾਉਣ ਦੀ ਲੋੜ ਨਹੀਂ, ਕੋਰੋਨਾ ਵਾਇਰਸ ਦਾ ਇਲਾਜ ਬਿਲਕੁਲ ਮੁਫਤ- ਸਿਵਲ ਸਰਜਨ
ਹਰਪ੍ਰੀਤ ਕੌਰ ਸੰਗਰੂਰ 11 ਅਪ੍ਰੈਲ 2020
ਕੋਰੋਨਾ ਵਾਇਰਸ ਬਾਰੇ ਜਾਗਰੂਕ ਕਰਨ ਲਈ ਸਿਵਲ ਸਰਜਨ ਡਾ. ਰਾਜ ਕੁਮਾਰ ਨੇ ਜ਼ਿਲ੍ਹਾ ਵਾਸੀਆਂ ਨੂੰ ਇੱਕ ਵਿਸ਼ੇਸ਼ ਅਪੀਲ ਕੀਤੀ ਹੈ। ਡਾ. ਰਾਜ ਕੁਮਾਰ ਨੇ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਸਬੰਧੀ 2 ਕੇਸ ਪਾਜ਼ੇਟਿਵ ਆਏ ਹਨ। ਪਰ ਇਸ ਵਿੱਚ ਬਿਲਕੁਲ ਵੀ ਘਬਰਾਉਣ ਵਾਲੀ ਗੱਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਹ ਮਰੀਜ਼ ਸਿਵਲ ਹਸਪਤਾਲ ਸੰਗਰੂਰ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਦਾ ਟੈਸਟ ਪਾਜ਼ੇਟਿਵ ਆਉਣ ਕਾਰਨ ਉਨ੍ਹਾਂ ਨੂੰ ਹਸਪਤਾਲ ਰੱਖਿਆ ਹੋਇਆ ਹੈ ਅਤੇ ਜਦੋਂ ਉਨ੍ਹਾਂ ਦਾ ਟੈਸਟ ਨੈਗੇਟਿਵ ਆ ਜਾਵੇਗਾ ਤਾਂ ਮਰੀਜ਼ਾਂ ਨੂੰ ਉਨ੍ਹਾਂ ਦੇ ਘਰ ਭੇਜ ਦਿੱਤਾ ਜਾਵੇਗਾ।
ਕੋਰੋਨਾ ਵਾਇਰਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜ਼ੁਕਾਮ, ਖੰਘ, ਗਲ ਖਰਾਬ ਅਤੇ ਬੁਖਾਰ ਇਹ ਆਮ ਬਿਮਾਰੀਆਂ ਹੁੰਦੀਆਂ ਹਨ ਅਤੇ ਜਿਹੜੇ ਹੋਰ ਵਾਇਰਸ ਹੁੰਦੇ ਹਨ ਉਨ੍ਹਾਂ ਵਿੱਚ ਵੀ ਇਹੋ ਤਕਲੀਫ ਹੁੰਦੀ ਹੈ। ਕਈ ਵਾਰੀ ਸਾਨੂੰ ਪਤਾ ਨਹੀਂ ਲਗਦਾ ਕਿ ਸਾਨੂੰ ਕੋਰੋਨਾ ਹੋਇਆ ਹੈ ਜਾਂ ਕੋਈ ਹੋਰ ਬਿਮਾਰੀ ਹੋਈ ਹੈ ਤੇ ਇਹ ਬਿਮਾਰੀ ਬਹੁਤੀ ਵਾਰ ਆਪਣੇ ਆਪ ਠੀਕ ਵੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਬੰਦਿਆਂ ਦੀ ਉਮਰ 60 ਸਾਲ ਤੋਂ ਵੱਧ ਹੈ, ਸ਼ੁਗਰ, ਬੀ.ਪੀ ਜਾਂ ਹੋਰ ਕੋਈ ਅੰਦਰੂਨੀ ਵੱਡੀ ਬਿਮਾਰੀ ਹੈ ਉਨ੍ਹਾਂ ਵਿੱਚ ਕੋਰੋਨਾ ਵਾਇਰਸ ਜੇ ਚਲਾ ਜਾਵੇ ਤਾਂ ਇਹ ਬਿਮਾਰੀ ਜ਼ਿਆਦਾ ਵੱਧ ਕੇ ਆਉਂਦੀ ਹੈ। ਜੇ ਕਿਸੇ ਬੰਦੇ ਨੂੰ ਖੰਘ, ਜ਼ੁਕਾਮ, ਬੁਖਾਰ ਆਦਿ ਹੈ ਤਾਂ ਉਸ ਨੂੰ ਜ਼ਿਲ੍ਹਾ ਹਸਪਤਾਲ ਸੰਗਰੂਰ, ਸਬ ਡਵਿਜ਼ਨਲ ਹਸਪਤਾਲ ਸੁਨਾਮ, ਧੂਰੀ, ਮਾਲੇਰਕੋਟਲਾ, ਮੂਨਕ ਜਾਣਾ ਚਾਹੀਦਾ ਹੈ।