ਸਾਬਕਾ ਵਿਧਾਇਕ ਘੁੰਨਸ, ਸੈਨਿਕ ਵਿੰਗ ਦੇ ਪ੍ਰਧਾਨ ਸਿੱਧੂ , ਜਤਿੰਦਰ ਜਿੰਮੀ ਸਣੇ ਹੋਰ ਆਗੂ ਤੇ ਵਰਕਰ ਹੋਏ ਇਕੱਠੇ,
ਰਘਵੀਰ ਹੈਪੀ , ਬਰਨਾਲਾ 9 ਅਗਸਤ 2021
ਸ੍ਰੋਮਣੀ ਅਕਾਲੀ ਦਲ ਬਾਦਲ ਤੇ ਬਹੁਜ਼ਨ ਸਮਾਜ ਪਾਰਟੀ ਗਠਜੋੜ ਦੇ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਘੋਸ਼ਿਤ ਉਮੀਦਵਾਰ ਕੁਲਵੰਤ ਸਿੰਘ ਕੰਤਾ ਨੂੰ ਵਧਾਈਆਂ ਦੇਣ ਵਾਲਿਆਂ ਦਾ ਮਰਹੂਮ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੀ ਕੋਠੀ ਤਾਂਤਾ ਲੱਗਣਾ ਸ਼ੁਰੂ ਹੋ ਗਿਆ ਹੈ। ਅੱਜ ਸਵੇਰ ਤੋਂ ਹੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਅਤੇ ਵਰਕਰ ਕੀਤੂ ਦੀ ਕੋਠੀ ਪਹੁੰਚਣੇ ਸ਼ੁਰੂ ਹੋ ਗਏ। ਬੇਸ਼ੱਕ ਆਗੂਆਂ ਅਤੇ ਵਰਕਰਾਂ ਦਾ ਆਉਣਾ ਜ਼ਾਰੀ ਹੈ, ਪਰੰਤੂ ਮੀਟਿੰਗ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਮੌਕੇ ਵਿਸ਼ੇਸ਼ ਤੌਰ ਦੇ ਪਹੁੰਚਣ ਵਾਲੇ ਆਗੂਆਂ ਵਿੱਚ ਸਾਬਕਾ ਵਿਧਾਇਕ ਸੰਤ ਬਲਵੀਰ ਸਿੰਘ ਘੁੰਨਸ , ਐਸਜੀਪੀਸੀ ਦੇ ਮੈਂਬਰ ਪਰਮਜੀਤ ਸਿੰਘ ਖਾਲਸਾ, ਸਿਆਸੀ ਜੋੜ-ਤੋੜ ਦੇ ਮਾਹਿਰ ਅਤੇ ਸ੍ਰੋਮਣੀ ਅਕਾਲੀ ਦਲ ਦੇ ਸੂਬਾਈ ਆਗੂ ਜਤਿੰਦਰ ਜਿੰਮੀ , ਸਾਬਕਾ ਸੈਨਿਕ ਵਿੰਗ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ , ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਸੀਨੀਅਰ ਅਕਾਲੀ ਆਗੂ ਤਰਨਜੀਤ ਸਿੰਘ ਦੁੱਗਲ, ਕੌਂਸਲਰ ਧਰਮ ਸਿੰਘ ਫੌਜੀ ਅਤੇ ਇਸਤਰੀ ਅਕਾਲੀ ਦਲ ਦੀਆਂ ਆਗੂ ਬੀਬੀਆਂ ਅਤੇ ਬਹੁਜਨ ਸਮਾਜ ਪਾਰਟੀ ਦੇ ਦਰਜਾ ਬ ਦਰਜਾ ਆਗੂ ਸ਼ਾਮਿਲ ਹਨ।
ਵਰਨਣਯੋਗ ਹੈ ਕਿ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੀ ਹੱਤਿਆ ਤੋਂ ਬਾਅਦ ਬੇਸ਼ੱਕ ਕੀਤੂ ਦੇ ਬੇਟੇ ਕੁਲਵੰਤ ਸਿੰਘ ਕੰਤਾ ਨੂੰ ਅਕਾਲੀ ਭਾਜਪਾ ਸਰਕਾਰ ਸਮੇਂ ਪੇਡਾ ਦਾ ਵਾਈਸ ਚੇਅਰਮੈਨ ਲਾਇਆ ਗਿਆ ਸੀ। ਪਰੰਤੂ ਲੰਘੀਆਂ ਵਿਧਾਨ ਸਭਾ ਚੋਣਾਂ ਸਮੇਂ ਅਕਾਲੀ ਦਲ ਵੱਲੋਂ ਕੰਤਾ ਨੂੰ ਨਜਰਅੰਦਾਜ ਕਰਕੇ, ਕਾਂਗਰਸ ਪਾਰਟੀ ਵਿੱਚੋਂ ਅਕਾਲੀ ਦਲ ਵਿੱਚ ਡੈਪੂਟੇਸ਼ਨ ਤੇ ਆਏ ਸਾਬਕਾ ਵਿਧਾਇਕ ਸੁਰਿੰਦਰ ਪਾਲ ਸਿੰਘ ਸਿਬੀਆ ਨੂੰ ਟਿਕਟ ਦੇਣ ਨਾਲ ਕੀਤੂ ਸਮਰਥਕਾਂ ਨੂੰ ਹਾਸ਼ੀਏ ਤੇ ਕਰ ਦਿੱਤਾ ਗਿਆ ਸੀ। ਫਿਰ ਸਿਬੀਆ ਦੇ ਮੁੜ ਆਪਣੀ ਮਾਂ ਪਾਰਟੀ ਕਾਂਗਰਸ ਵਿੱਚ ਚਲੇ ਜਾਣ ਤੋਂ ਬਾਅਦ ਅਕਾਲੀ ਦਲ ਨੇ ਕੰਤਾ ਨੂੰ ਹਲਕਾ ਇੰਚਾਰਜ ਲਾਇਆ ਗਿਆ ਸੀ। ਪਰੰਤੂ ਕੀਤੂ ਦੀ ਅਣਹੋਂਦ ਵਿੱਚ ਅਕਾਲੀ ਦਲ ਦੇ ਕਈ ਆਗੂ ਟਿਕਟ ਲਈ ਆਪੋ-ਆਪਣੀਆਂ ਸਰਗਰਮੀਆਂ ਚਲਾ ਕੇ ਟਿਕਟ ਲਈ ਹੱਥ ਪੈਰ ਮਾਰਨ ਲੱਗ ਪਏ ਸਨ। ਉੱਧਰ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਐਨਆਰਆਈ ਦਵਿੰਦਰ ਸਿੰਘ ਬੀਹਲਾ ਤਾਂ ਖੁਦ ਨੂੰ ਅਕਾਲੀ ਦਲ ਦਾ ਅਨ ਐਲਾਨਿਆਂ ਉਮੀਦਵਾਰ ਮੰਨ ਕੇ ਹੀ ਰਾਜਸੀ ਗਤੀਵਿਧੀਆਂ ਚਲਾ ਰਹੇ ਸਨ। ਹੁਣ ਪਾਰਟੀ ਵੱਲੋਂ ਹਲਕੇ ਦਾ ਮੁੱਖ ਸੇਵਾਦਾਰ ਫਿਰ ਕੁਲਵੰਤ ਸਿੰਘ ਕੀਤੂ ਨੂੰ ਐਲਾਨ ਦੇਣ ਤੋਂ ਬਾਅਦ ਕਾਫੀ ਲੰਬੇ ਅਰਸੇ ਬਾਅਦ ਮੁੜ ਕੀਤੂ ਦੀ ਕੋਠੀ ਰੌਣਕਾਂ ਪਰਤੀਆਂ ਹਨ।