ਕਿਸਾਨ-ਮਜ਼ਦੂਰ ਦਾ ਆਪਸੀ ਰਿਸ਼ਤਾ “ਨਹੁੰ ਮਾਸ“ ਦੇ ਰਿਸ਼ਤੇ ਵਰਗਾ – ਨਿਰਮਲ ਦੋਸਤ
ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂ 05ਅਗਸਤ 2021
“ਦੇਸ਼ ਦੀ ਆਰਥਿਕਤਾ ਖੇਤੀਬਾੜੀ ‘ਤੇ ਨਿਰਭਰ ਕਰਦੀ ਹੈ। ਕਿਸਾਨ-ਮਜ਼ਦੂਰ ਦਾ ਆਪਸੀ ਰਿਸ਼ਤਾ “ਨਹੁੰ ਮਾਸ“ ਦੇ ਰਿਸ਼ਤੇ ਵਰਗਾ ਹੈ। ਕਿਸਾਨ-ਮਜ਼ਦੂਰ ਆਪਣੇ ਸਿਰ ਚੜੇ ਕਰਜ਼ੇ ਦੀ ਵਜਾ ਕਰਕੇ ਮਜ਼ਬੂਰ,ਲਾਚਾਰ ਤੇ ਬੇ-ਵੱਸ ਹੋਣ ਕਾਰਨ ਖੁਦਕਸ਼ੀਆਂ ਦੇ ਰਾਹ ਪੈ ਜਾਂਦੇ ਹਨ। ਆਉਣ ਵਾਲੀਆਂ ਪੀੜੀਆਂ ਜਨਮ ਲੈਣ ਤੋਂ ਹੀ ਕਰਜ਼ੇ ਦੇ ਜੂਲੇ ਹੇਠ ਆ ਰਹੀਆਂ ਹਨ। ਅਜਿਹੀਆਂ ਘਟਨਾਵਾਂ ਸਾਡੀਆਂ ਸਰਕਾਰਾਂ ਦੇ ਮੱਥੇ ‘ਤੇ ਕਲੰਕ ਹਨ। ਅੱਤ ਦਰਜੇ ਦੇ ਘਟੀਆ ਸਿਸਟਮ ਕਾਰਨ ਹੀ ਅਮੀਰ ਨਿੱਤ ਦਿਨ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ। ਇਸ ਸਭ ਕੁਝ ਲਈ ਸਰਕਾਰਾਂ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ ਕਿਉਂਕਿ ਸਰਕਾਰਾਂ ਨੇ ਹਮੇਸ਼ਾਂ ਮੁੱਠੀ ਭਰ ਧਨਾਢ ਘਰਾਣਿਆਂ ਦੀ ਪੁਸ਼ਤ-ਪਨਾਹੀ ਨੂੰ ਪਹਿਲ ਦਿੱਤੀ ਹੈ।
ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਯੂਥ ਆਰਗੇਨਾਈਜੇਸ਼ਨ ਆੱਫ ਇੰਡੀਆ ( ਕੇਵਾਈਓਆਈ.) ਦੇ ਸੂਬਾ ਪ੍ਰਧਾਨ ਨਿਰਮਲ ਦੋਸਤ ਰਾਏਕੋਟ ਨੇ ਅੱਜ ਇੱਥੇ ਸੰਧੂ ਪੱਤੀ,ਜੰਡਾਂ ਵਾਲਾ ਰੋਡ ਅਤੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰਨ ਤੋਂ ਬਾਦ ਪ੍ਰੈੱਸ ਨੂੰ ਜਾਰੀ ਇੱਕ ਬਿਆਨ ‘ਚ ਕੀਤਾ। ਉਨਾਂ ਕਿਹਾ ਕਿ ਕਣਕ-ਝੋਨੇ ਦੇ ਫਸਲੀ ਚੱਕਰ ‘ਚੋਂ ਕਿਸਾਨ ਵਰਗ ਨੂੰ ਬਾਹਰ ਨਿੱਕਲਣ ਲਈ ਸਰਕਾਰਾਂ ਬਿਆਨ ਤਾਂ ਦਿੰਦੀਆਂ ਰਹਿੰਦੀਆਂ ਨੇ ਪਰ ਸਰਕਾਰਾਂ ਨੇ ਹੋਰਨਾਂ ਬਦਲਵੀਆਂ ਫਸਲਾਂ ਦੇ ਮੰਡੀਕਰਨ ਦੇ ਯੋਗ ਪ੍ਰਬੰਧ ਕਰਨ ਦੀ ਕਦੇ ਵੀ ਭੋਰਾ ਜ਼ਿੰਮੇਵਾਰੀ ਨਹੀਂ ਸਮਝੀ, ਇਸ ਲਈ ਇਸ ਲੋਕ ਵਿਰੋਧੀ ਸਿਸਟਮ ਨੂੰ ਬਦਲਣਾ ਸਮੇਂ ਦੀ ਲੋੜ ਹੈ।
ਉਨਾਂ ਮੰਗ ਕੀਤੀ ਕਿ ਸਰਕਾਰਾਂ ਨੂੰ ਕਿਸਾਨਾਂ-ਮਜ਼ਦੂਰਾਂ,ਮੁਲਾਜ਼ਮਾਂ, ਵਪਾਰੀਆਂ ਤੇ ਵਿਦਿਆਰਥੀ ਵਰਗ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪਹਿਲ ਦੇ ਆਧਾਰ ‘ਤੇ ਹੱਲ ਕਰਨਾ ਚਾਹੀਦਾ ਹੈ । ਇੱਥੇ ਵਰਨਣਯੋਗ ਹੈ ਕਿ ਕੇਵਾਈਓਆਈ ਨੇ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਨ ਦੇ ਫ਼ੈਸਲੇ ਅਨੁਸਾਰ ਨਿਰਮਲ ਦੋਸਤ ਨੂੰ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਪਾਰਟੀ ਦਾ ਉਮੀਦਵਾਰ ਐਲਾਨ ਕੀਤਾ ਹੋਇਆ ਹੈ। ਨਿਰਮਲ ਦੋਸਤ ਮੈਂਬਰ ਪਾਰਲੀਮੈਂਟ ਅਤੇ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਹਨ ਅਤੇ ਲੰਬਾ ਸਮਾਂ ਪੱਤਰਕਾਰੀ ਦੇ ਖੇਤਰ ਨਾਲ ਜੁੜੇ ਰਹੇ ਹਨ।