ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਕੀਤੀ ਮੰਗ
ਹਰਪ੍ਰੀਤ ਕੌਰ ਬਬਲੀ , ਸੰਗਰੂਰ , 3 ਅਗਸਤ 2021
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ , ਜਨਰਲ ਸਕੱਤਰ ਬਲਕਾਰ ਵਲਟੋਹਾ , ਸੀਨੀਅਰ ਮੀਤ ਪ੍ਰਧਾਨ ਪ੍ਰੇਮ ਚਾਵਲਾ , ਵਿੱਤ ਸਕੱਤਰ ਨਵੀਨ ਸਚਦੇਵਾ , ਪ੍ਰੈੱਸ ਸਕੱਤਰ ਪ੍ਰਵੀਨ ਕੁਮਾਰ ਲੁਧਿਆਣਾ ਤੇ ਟਹਿਲ ਸਿੰਘ ਸਰਾਭਾ ਨੇ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਤੋਂ ਮੰਗ ਕੀਤੀ ਹੈ ਕਿ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਬਦਲੀ ਨੀਤੀ 2019 ਅਧੀਨ ਮੌਜੂਦਾ ਸਟੇਸਨ ਤੇੇ 2 ਸਾਲ ਦੀ ਠਹਿਰ ਦੀ ਸ਼ਰਤ ਖਤਮ ਕਰਕੇ ਸੈਂਕੜੇ ਕਿਲੋਮੀਟਰ ਦੂਰ ਬੈਠੇ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਜਾਣ।
ਅਧਿਆਪਕ ਆਗੂਆਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਕਈ ਅਧਿਆਪਕ ਆਪਣੇ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਸਰਹੱਦੀ ਇਲਾਕਿਆਂ ਵਿੱਚ ਸੇਵਾ ਨਿਭਾਅ ਰਹੇ ਹਨ ਅਤੇ ਇਹਨਾਂ ਅਧਿਆਪਕਾਂ ਦੀ ਮੌਜੂਦਾ ਸਟੇਸ਼ਨ ਉਤੇ 2 ਸਾਲ ਠਹਿਰ ਤੋਂ ਦੋ ਤਿੰਨ ਮਹੀਨੇ ਘੱਟ ਬਣਦੀ ਹੈ। ਜਿਸ ਕਾਰਨ ਇਨ੍ਹਾਂ ਅਧਿਆਪਕਾਂ ਨੂੰ ਬਦਲੀ ਕਰਵਾਉਣ ਦਾ ਮੌਕਾ ਨਹੀਂ ਮਿਲ ਰਿਹਾ । ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਪਾਲਿਸੀ ਨੂੰ 25 ਜੂਨ 2019 ਨੂੰ ਲਾਗੂ ਕੀਤਾ ਗਿਆ। ਬਦਲੀਆਂ ਸਬੰਧੀ ਬਣਾਈ ਪਾਲਿਸੀ ਦੀਆਂ ਹੋਰ ਸ਼ਰਤਾ ਦੇ ਨਾਲ-ਨਾਲ ਇੱਕ ਸਟੇਸ਼ਨ ‘ਤੇ ਦੋ ਸਾਲ ਠਹਿਰ ਦੀ ਸ਼ਰਤ ਵੀ ਵਿਭਾਗ ਵੱਲੋਂ ਰੱਖੀ ਗਈ ਸੀ। ਸਾਲ 2019 ਦੌਰਾਨ ਬਦਲੀਆਂ ਦੀ ਨੀਤੀ ਅਧੀਨ ਆਨਲਾਈਨ ਬਦਲੀਆਂ ਜੁਲਾਈ ਅਤੇ ਅਗਸਤ 2019 ਵਿਚ ਹੋਈਆਂ ਸਨ। ਜਿਨ੍ਹਾਂ ਅਧਿਆਪਕਾਂ ਦੀਆਂ ਨਵੀਂਆਂ ਨਿਯੁਕਤੀਆਂ 2019 ਵਿੱਚ ਹੋਈਆਂ ਸਨ, ਇਨ੍ਹਾਂ ਅਧਿਆਪਕਾਂ ਦੀ ਦੋ ਸਾਲ ਤੋਂ ਕੁਝ ਸਮਾਂ ਠਹਿਰ ਘੱਟ ਹੈ । ਅਧਿਆਪਕ ਆਗੂਆਂ ਨੇ ਦੱਸਿਆ ਕਿ ਬਦਲੀਆਂ ਦੇ ਇੱਛਕ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੂੰ ਤੀਜੇ ਰਾਊਡ ਦੀਆਂ ਬਦਲੀਆਂ ਸਮੇਂ ਨਹੀ ਵਿਚਾਰਿਆ ਜਾ ਰਿਹਾ। ਇਸ ਤੋਂ ਇਲਾਵਾ ਬਾਰਡਰ ਇਲਾਕੇ ਵਿੱਚ 3582 ਅਧੀਨ ਭਰਤੀ ਅਧਿਆਪਕ ,ਨਵੇਂ ਨਿਯੁਕਤ ਹੈੱਡ ਟੀਚਰ ਸੈਂਟਰ ਹੈੱਡ ਟੀਚਰ ਤੇ ਹੋਰ ਅਧਿਆਪਕ ਆਪਣੇ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਸੇਵਾ ਨਿਭਾਅ ਰਹੇ ਹਨ, ਉਨ੍ਹਾਂ ਸਾਰਿਆਂ ਨੂੰ ਦੋ ਸਾਲ ਦੀ ਠਹਿਰ ਤੋਂ ਛੋਟੇ ਦਿੰਦੇ ਹੋਏ ਉਨ੍ਹਾਂ ਦੇ ਘਰਾਂ ਦੇ ਨੇੜੇ ਖਾਲੀ ਸਟੇਸ਼ਨਾਂ ਤੇ ਬਦਲੀਆਂ ਕੀਤੀਆਂ ਜਾਣ l
ਇਸ ਸਮੇਂ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂ ਸ਼ਿੰਦਰਪਾਲ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਫਰੀਦਕੋਟ , ਕਾਰਜ ਸਿੰਘ ਕੈਰੋਂ ਤਰਨਤਾਰਨ , ਬਾਜ ਸਿੰਘ ਭੁੱਲਰ ਫਿਰੋਜ਼ਪੁਰ , ਬਲਜਿੰਦਰ ਸਿੰਘ ਵਡਾਲੀ ਅੰਮ੍ਰਿਤਸਰ , ਮੇਘ ਇੰਦਰ ਸਿੰਘ ਬਰਾੜ , ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ , ਜਸਪਾਲ ਸੰਧੂ , ਜੀਵਨ ਦਾਸ ਨਵਾਂਸ਼ਹਿਰ , ਮਨਦੀਪ ਕੁਮਾਰ ਸਰਥਲੀ ਰੋਪੜ ਤੇ ਅਜੀਤ ਕੁਮਾਰ ਫ਼ਾਜ਼ਿਲਕਾ ਆਦਿ
ਅਧਿਆਪਕ ਆਗੂ ਹਾਜਰ ਸਨ।