ਸੰਯਕੁਤ ਕਿਸਾਨ ਮੋਰਚਾ: ਧਰਨੇ ਦਾ 307 ਵਾਂ ਦਿਨ
9 ਜੁਲਾਈ ਨੂੰ ਮਾਲਵੇ ਦੇ ਤਿੰਨ ਜਿਲ੍ਹਿਆਂ ‘ਚੋਂ ਔਰਤਾਂ ਦੇ ਵੱਡੇ ਜਥੇ ਦਿੱਲੀ ਧਰਨਿਆਂ ਲਈ ਕੂਚ ਕਰਨਗੇ: ਉਪਲੀ
ਪਰਦੀਪ ਕਸਬਾ , ਬਰਨਾਲਾ: 3 ਅਗੱਸਤ, 2021
ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 307 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਬੀਜੇਪੀ ਨੇ ਹਰਿਆਣਾ ‘ਚ ਤਿਰੰਗਾ ਯਾਤਰਾ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਅੱਜ ਬੁਲਾਰਿਆਂ ਨੇ ਇਸ ਤਿਰੰਗਾ ਯਾਤਰਾ ਦੇ ਅਸਲੀ ਮਨਸੂਬਿਆਂ ਦੀ ਚੀਰ-ਫਾੜ ਕੀਤੀ । ਆਗੂਆਂ ਨੇ ਕਿਹਾ ਕਿ ਕਿਸਾਨ ਸੱਚੇ ਦਿਲੋਂ ਤਿਰੰਗੇ ਦਾ ਸਨਮਾਨ ਕਰਦੇ ਹਨ,ਬੀਜੇਪੀ ਵਾਂਗ ਦਿਖਾਵਾ ਨਹੀਂ ਕਰਦੇ। ਸਾਡੇ ਲਈ ਤਿਰੰਗਾ ਆਜ਼ਾਦੀ, ਬਰਾਬਰੀ ਤੇ ਭਾਈਚਾਰੇ ਦੀਆਂ ਤਿੰਨ ਭਾਵਨਾਵਾਂ ਦਾ ਪ੍ਰਤੀਕ ਹੈ। ਇਹ ਉਹੀ ਬੀਜੇਪੀ ਹੈ।
ਜਿਸ ਦੇ ਸਿਧਾਂਤਕ ਸੇਧਗਾਰ ਸੰਗਠਨ,ਆਰਐਸਐਸ ਨੇ ਲਗਾਤਾਰ 52 ਸਾਲ ਤੱਕ ਆਪਣੇ ਨਾਗਪੁਰ ਹੈਡਕੁਆਰਟਰ ‘ਤੇ ਤਿਰੰਗਾ ਝੰਡਾ ਨਹੀਂ ਸੀ ਲਹਿਰਾਇਆ। ਸੰਨ 1947 ‘ਚ ਤਿਰੰਗੇ ਨੂੰ ਦੇਸ਼ ਦੇ ਝੰਡੇ ਵਜੋਂ ਸਵੀਕਾਰ ਕੀਤੇ ਜਾਣ ਸਮੇਂ ਆਰਐਸਐਸ ਨੇ ਇਸ ਤਜ਼ਵੀਜ਼ ਦਾ ਡੱਟ ਕੇ ਵਿਰੋਧ ਕੀਤਾ ਸੀ। ਹਰਿਆਣਾ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਕਿਸਾਨਾਂ ਨੇ ਬੀਜੇਪੀ ਦੇ ਜਨਤਕ ਪ੍ਰੋਗਰਾਮ ਬੰਦ ਕਰ ਰੱਖੇ ਹਨ। ਕਿਸਾਨਾਂ ਵੱਲੋਂ ਕੀਤੀ ਇਸ ਬੰਦੀ ਦੇ ਤੋੜ ਵਜੋਂ ਬੀਜੇਪੀ ਨੇ ਤਿਰੰਗਾ ਯਾਤਰਾ ਵਾਲੀ ਕੋਝੀ ਚਾਲ ਚੱਲੀ ਹੈ ਤਾਂ ਜੁ ਯਾਤਰਾ ਦਾ ਵਿਰੋਧ ਕਰਨ ਦੀ ਸੂਰਤ ‘ਚ ਕਿਸਾਨਾਂ ਨੂੰ ਤਿਰੰਗਾ ਤੇ ਦੇਸ਼ ਵਿਰੋਧੀ ਗਰਦਾਨਿਆ ਜਾ ਸਕੇ। ਕਿਸਾਨ ਉਨ੍ਹਾਂ ਦੀਆਂ ਇਸ ਚਾਲ ਵਿੱਚ ਨਹੀਂ ਫਸਣਗੇ ਅਤੇ ਤਿਰੰਗਾ ਯਾਤਰਾ ਦਾ ਵਿਰੋਧ ਨਹੀਂ ਕਰਨਗੇ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਨਛੱਤਰ ਸਿੰਘ ਸਹੌਰ, ਉਜਾਗਰ ਸਿੰਘ ਬੀਹਲਾ, ਬਾਬੂ ਸਿੰਘ ਖੁੱਡੀ ਕਲਾਂ, ਚਰਨਜੀਤ ਕੌਰ, ਪ੍ਰੇਮਪਾਲ ਕੌਰ, ਨੇਕਦਰਸ਼ਨ ਸਿੰਘ, ਮਨਜੀਤ ਕੌਰ ਖੁੱਡੀ ਕਲਾਂ, ਗੁਰਜੰਟ ਸਿੰਘ ਟੀਐਸਯੂ, ਮੇਲਾ ਸਿੰਘ ਕੱਟੂ, ਬਲਜੀਤ ਸਿੰਘ ਚੌਹਾਨਕੇ, ਦਵਿੰਦਰ ਸਿੰਘ ਬਰਨਾਲਾ ਨੇ ਸੰਬੋਧਨ ਕੀਤਾ। ਮੋਰਚੇ ਦੇ ਕਨਵੀਨਰ ਬਲਵੰਤ ਸਿੰਘ ਉਪਲੀ ਨੇ ਦੱਸਿਆ ਕਿ ਦਿੱਲੀ ਮੋਰਚਿਆਂ ਵੱਲ ਕਿਸਾਨਾਂ ਦੇ ਜਥੇ ਲਗਾਤਾਰ ਵਹੀਰਾਂ ਘੱਤ ਰਹੇ ਹਨ। 9 ਜੁਲਾਈ ਨੂੰ ਬਰਨਾਲਾ, ਲੁਧਿਆਣਾ ਤੇ ਸੰਗਰੂਰ ਜਿਲ੍ਹਿਆਂ ‘ਚੋਂ ਔਰਤਾਂ ਦੇ ਵੱਡੇ ਜਥੇ ਦਿੱਲੀ ਧਰਨਿਆਂ ‘ਚ ਸ਼ਮੂਲੀਅਤ ਲਈ ਰਵਾਨਾ ਹੋਣਗੇ। ਦਿੱਲੀ ਜਾਣ ਲਈ ਔਰਤਾਂ ਵਿੱਚ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਚਾਹਵਾਨਾਂ ਦੀਆਂ ਲਿਸਟਾਂ ਬਣਾਈਆਂ ਜਾ ਰਹੀਆਂ ਹਨ।