ਮਾਮਲਾ- ਬੀਡੀਪੀਓ ਦਫਤਰ ਦੇ ਸੁੰਦਰੀਕਰਨ ਦੇ ਕੰਮਾਂ ਵਿੱਚ ਸੰਮਤੀ ਮੈਂਬਰਾਂ ਸਹਿਮਤੀ ਨਾ ਲਏ ਜਾਣ ਦਾ
ਗੁਰਸੇਵਕ ਸਿੰਘ ਸਹੋਤਾ,ਹਰਪਾਲ ਪਾਲੀ ਵਜੀਦਕੇ, ਮਹਿਲ ਕਲਾਂ 02 ਅਗਸਤ 2021
ਬੀ ਡੀ ਪੀ ਓ ਦਫ਼ਤਰ ਮਹਿਲ ਕਲਾਂ ਵਿਖੇ ਦਫ਼ਤਰ ਦੇ ਸੁੰਦਰੀਕਰਨ ਲਈ ਕੀਤੇ ਜਾ ਰਹੇ ਕੰਮਾਂ ਚ ਬਲਾਕ ਸੰਮਤੀ ਮੈਂਬਰਾਂ ਦੀ ਸਹਿਮਤੀ ਨਾ ਲਏ ਜਾਣ ਦੇ ਕਾਰਨ ਅੱਧੀ ਦਰਜਨ ਦੇ ਕਰੀਬ ਬਲਾਕ ਸੰਮਤੀ ਮੈਂਬਰਾਂ ਵੱਲੋਂ ਬੀ ਡੀ ਪੀ ਓ ਭੂਸ਼ਨ ਕੁਮਾਰ ਅਤੇ ਹੋਰ ਅਧਿਕਾਰੀਆਂ ਖ਼ਿਲਾਫ਼ ਮਨਮਰਜ਼ੀ ਨਾਲ ਗਰਾਂਟਾਂ ਖ਼ਰਚਣ ਦੇ ਦੋਸ਼ ਲਾਏ ਗਏ। ਪਿਛਲੇ ਦਿਨੀਂ ਹੋਈ ਬਲਾਕ ਸੰਮਤੀ ਮੈਂਬਰਾਂ ਦੀ ਮੀਟਿੰਗ ਦੌਰਾਨ ਤਕਰੀਬਨ ਸਾਰੇ ਹੀ ਬਲਾਕ ਸੰਮਤੀ ਮੈਂਬਰਾਂ ਅਤੇ ਬਲਾਕ ਸੰਮਤੀ ਚੇਅਰਪਰਸਨ ਹਰਜਿੰਦਰ ਕੌਰ,ਵਾਈਸ ਚੇਅਰਮੈਨ ਬੱਗਾ ਸਿੰਘ ਇਕਜੁੱਟ ਦਿਖਾਈ ਦਿੱਤੇ ਸਨ। ਉਸ ਸਮੇਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੀ ਉਸ ਮੀਟਿੰਗ ਵਿੱਚ ਹਾਜ਼ਰ ਸਨ। ਉਸ ਮੀਟਿੰਗ ਦੌਰਾਨ ਜਿੱਥੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੀ ਬੀ ਡੀ ਪੀ ਓ ਮਹਿਲ ਕਲਾਂ ਨਾਲ ਖਹਿਬੜਦੇ ਨਜ਼ਰ ਆਏ ਉਥੇ ਬਲਾਕ ਸੰਮਤੀ ਮੈਂਬਰਾਂ ਨੇ ਵੀ ਬੀਡੀਪੀਓ ਭੂਸ਼ਨ ਖ਼ਿਲਾਫ ਗਰਾਂਟਾਂ ਨੂੰ ਖੁਰਦ ਬੁਰਦ ਕਰਨ ਦੇ ਦੋਸ਼ ਲਾਏ ਸਨ। ਪੰਜ ਛੇ ਘੰਟੇ ਉਸ ਮੀਟਿੰਗ ਦੌਰਾਨ ਗਹਿਮਾ ਗਹਿਮੀ ਹੁੰਦੀ ਰਹੀ ਸੀ।
ਅਖੀਰ ਬੀਡੀਪੀਓ ਮਹਿਲ ਕਲਾਂ ਵੱਲੋਂ ਵੱਖ ਵੱਖ ਸਰਪੰਚਾਂ ਨੂੰ ਫੋਨ ਕਰ ਕੇ ਬਲਾਕ ਸੰਮਤੀ ਮੈਂਬਰਾਂ ਤੋਂ ਸਾਈਨ ਕਰਵਾਉਣ ਲਈ ਕਿਹਾ ਗਿਆ ਸੀ। ਜਿਸ ਤੋਂ ਬਾਅਦ 9 ਦੇ ਕਰੀਬ ਬਲਾਕ ਸੰਮਤੀ ਮੈਂਬਰਾਂ ਨੇ ਬੀਡੀਪੀਓ ਦੇ ਕਹਿਣ ਤੇ ਦਸਤਖ਼ਤ ਕਰ ਦਿੱਤੇ ਸਨ। ਬਲਾਕ ਸੰਮਤੀ ਚੇਅਰਪਰਸਨ ਹਰਜਿੰਦਰ ਕੌਰ ਅਤੇ ਵਾਈਸ ਚੇਅਰਮੈਨ ਬੱਗਾ ਸਿੰਘ ਪਹਿਲਾਂ ਬਲਾਕ ਸੰਮਤੀ ਮੈਂਬਰਾਂ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਹੋਏ ਘਪਲੇ ਦੀ ਜਾਂਚ ਵਿਜੀਲੈਂਸ ਤੋ ਕਰਾਉਣ ਦੀ ਗੱਲ ਕਹਿੰਦੇ ਰਹੇ। ਕੁਝ ਸਮੇਂ ਬਾਅਦ ਹੀ ਬੀਡੀਪੀਓ ਭੂਸ਼ਨ ਕੁਮਾਰ ਵੱਲੋਂ ਕੀਤੇ ਟੈਲੀਫੂਨ ਤੋਂ ਬਾਅਦ ਸਾਰੇ ਜ਼ਿਆਦਾਤਰ ਬਲਾਕ ਸੰਮਤੀ ਮੈਂਬਰ ਬੀਡੀਪੀਓ ਭੂਸ਼ਨ ਕੁਮਾਰ ਦੇ ਹੱਕ ਵਿੱਚ ਦਿਖਾਈ ਦਿੱਤੇ। ਜਦਕਿ 7 ਬਲਾਕ ਸੰਮਤੀ ਮੈਂਬਰ ਉਸ ਮੀਟਿੰਗ ਚੋਂ ਵਾਕਆਊਟ ਕਰ ਕੇ ਚਲੇ ਗਏ ਸਨ।
ਬਲਾਕ ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਕਲਾਲਮਾਜਰਾ, ਜਸਪਿੰਦਰ ਸਿੰਘ ਵਜੀਦਕੇ, ਜਗਜੀਤ ਕੌਰ ਸਹਿਜੜਾ, ਹਰਪਰੀਤ ਸਿੰਘ ਮੂੰਮ, ਚਰਨਜੀਤ ਕੌਰ ਨਿਹਾਲੂਵਾਲ, ਨਿਰਮਲਜੀਤ ਕੌਰ ਛੀਨੀਵਾਲ ਅਤੇ ਦਰਸ਼ਨ ਸਿੰਘ ਚੰਨਣਵਾਲ ਅੱਜ ਵੀ ਵਿਜੀਲੈਂਸ ਤੋਂ ਜਾਂਚ ਕਰਾਉਣ ਦੀ ਮੰਗ ਕਰ ਰਹੇ ਹਨ। ਮੀਟਿੰਗ ਦਾ ਬਾਈਕਾਟ ਕਰਨ ਵਾਲੇ ਦੋ ਬਲਾਕ ਸੰਮਤੀ ਮੈਂਬਰਾਂ ਗੁਰਪ੍ਰੀਤ ਸਿੰਘ ਕਲਾਲਮਾਜਰਾ ਅਤੇ ਜਸਪਿੰਦਰ ਸਿੰਘ ਵਜੀਦਕੇ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬਲਾਕ ਸੰਮਤੀ ਮੈਂਬਰਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ, ਬਲਾਕ ਸੰਮਤੀ ਮੈਂਬਰਾਂ ਦੀ ਸਹਿਮਤੀ ਤੋਂ ਬਿਨਾਂ ਅਤੇ ਕੋਈ ਮਤਾ ਪਾਏ ਜਾਣ ਤੋਂ ਬਿਨਾਂ ਹੀ ਬੀਡੀਪੀਓ ਦਫਤਰ ਮਹਿਲ ਕਲਾਂ ਦੇ ਸੁੰਦਰੀਕਰਨ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਜਿਸ ਦੀ ਭਿਣਕ ਕਿਸੇ ਵੀ ਬਲਾਕ ਸੰਮਤੀ ਮੈਂਬਰ ਨੂੰ ਨਹੀਂ ਪੈਣ ਦਿੱਤੀ ਗਈ। ਮਨਰੇਗਾ ਅਤੇ ਗਰਾਮ ਪੰਚਾਇਤਾਂ ਨੂੰ ਆਉਂਦੀਆਂ ਹੋਰ ਗਰਾਂਟਾਂ ਨੂੰ ਮਨਮਰਜ਼ੀ ਨਾਲ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਡੀਪੀਓ ਭੂਸ਼ਨ ਕੁਮਾਰ ਵੱਲੋਂ ਬਲਾਕ ਸੰਮਤੀ ਮੈਂਬਰਾਂ ਨੂੰ ਗਰਾਂਟ ਜਾਰੀ ਕਰਨ ਦੀ ਗੱਲ ਕਹੀ ਗਈ ਹੈ ਜਦਕਿ ਬਲਾਕ ਸੰਮਤੀ ਮੈਂਬਰਾਂ ਨੂੰ ਕੋਈ ਵੀ ਜਾਣਕਾਰੀ ਨਹੀਂ। ਦੱਸਣਯੋਗ ਹੈ ਕਿ ਬਲਾਕ ਸੰਮਤੀ ਮੈਂਬਰਾਂ ਦੀ ਉਸ ਮੀਟਿੰਗ ਦੌਰਾਨ 30 ਤੋਂ 40 ਲੱਖ ਤੱਕ ਦੇ ਘਪਲੇ ਦੀ ਘੁਸਰ ਮੁਸਰ ਹੁੰਦੀ ਰਹੀ।
ਕੀ ਕਹਿੰਦੇ ਨੇ ਬੀ ਡੀ ਪੀ ਓ
ਇਸ ਸਬੰਧੀ ਬੀਡੀਪੀਓ ਮਹਿਲ ਕਲਾਂ ਭੂਸ਼ਣ ਕੁਮਾਰ ਸਭ ਕੁਝ ਅੱਛਾ ਹੈ ਕਹਿੰਦੀ ਦਿਖਾਈ ਦਿੱਤੇ ਸਨ। ਉਨ੍ਹਾਂ ਕਿਹਾ ਸੀ ਕਿ ਪਿੰਡਾਂ ਨੂੰ ਆਉਂਦੀਆਂ ਗਰਾਂਟਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਬੀਡੀਪੀਓ ਦਫ਼ਤਰ ਮਹਿਲ ਕਲਾਂ ਦੇ ਚੱਲ ਰਹੇ ਕੰਮ ਪਾਰਦਰਸ਼ੀ ਢੰਗ ਨਾਲ ਚੱਲ ਰਹੇ ਹਨ ਅਤੇ ਜੋ ਬਲਾਕ ਸੰਮਤੀ ਮੈਂਬਰਾਂ ਵੱਲੋਂ ਦੋਸ਼ ਲਾਏ ਜਾ ਰਹੇ ਹਨ, ਅਜਿਹੀ ਕੋਈ ਗੱਲ ਨਹੀਂ। ਬੀਡੀਪੀਓ ਭੂਸ਼ਨ ਕੁਮਾਰ ਉਸ ਸਮੇਂ ਵੀ ਕਹਿੰਦੇ ਰਹੇ ਸਨ ਕਿ ਵਿਜੀਲੈਂਸ ਵੱਲੋਂ ਹੋਈ ਜਾਂਚ ਵਿਚ ਸਰਪੰਚਾਂ ਨੂੰ ਵੀ ਸ਼ਾਮਲ ਹੋਣਾ ਪਵੇਗਾ।
ਕੀ ਕਹਿੰਦੇ ਨੇ ਬਲਾਕ ਸੁਪਰਡੈਂਟ
ਇਸ ਸਬੰਧੀ ਬੀਡੀਪੀਓ ਦਫਤਰ ਦੇ ਸੁਪਰਡੈਂਟ ਗੁਰਚੇਤ ਸਿੰਘ ਸਹਿਜੜਾ ਨੇ ਸੰਪਰਕ ਕਰਨ ਤੇ ਦੱਸਿਆ ਕਿ ਬੀ ਡੀ ਪੀ ਓ ਮਹਿਲ ਕਲਾਂ ਭੂਸਨ ਕੁਮਾਰ ਵੱਲੋਂ ਗ੍ਰਾਟਾ ਜਾਰੀ ਕਰਨ ਅਤੇ ਲੇਖਾਕਾਰ ਦੀਆਂ ਡਿਊਟੀਆਂ ਨਿਭਾਈਆਂ ਜਾ ਰਹੀਆਂ ਹਨ। ਜਦਕਿ ਮੇਰਾ ਕੰਮ ਵਿਭਾਗ ਅਤੇ ਦਫ਼ਤਰ ਦੀਆਂ ਚਿੱਠੀਆਂ ਨੂੰ ਪਹੁੰਚਾਉਣ ਦਾ ਹੈ। ਇਸ ਘਪਲੇ ਬਾਰੇ ਕੁਝ ਨਹੀ ਜਾਣਦੇ। ਦਫਤਰ ਦਾ ਸਾਰਾ ਕੰਮ ਪਾਰਦਰਸ਼ੀ ਹੁੰਦਾ ਹੈ।
Advertisement