ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਅਤੇ ਪੁਲੀਸ ਵਿਚਕਾਰ ਹੋਈ ਧੱਕਾ ਮੁੱਕੀ
ਬੀ ਟੀ ਐਨ, ਤਲਵੰਡੀ ਸਾਬੋ ,31ਜੁਲਾਈ 2021
ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਵਿਰੋਧ ਦੇ ਐਲਾਨ ਤੋਂ ਬਾਅਦ ਲਗਾਤਾਰ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਪੰਜਾਬ ਆਗੂਆਂ ਦਾ ਵਿਰੋਧ ਜਾਰੀ ਹੈ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੂੰ ਅੱਜ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਉਸ ਸਮੇਂ ਸਾਹਮਣਾ ਕਰਨਾ ਪਿਆ ਜਦੋਂ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੇਅਰਮੈਨ ਬਲਜੀਤ ਸਿੰਘ ਦਾਦੂਵਾਲ ਨੂੰ ਮਿਲਣ ਜਾ ਰਹੇ ਸਨ ।
ਕਿਸਾਨ ਜਥੇਬੰਦੀਆਂ ਨੇ ਦਾਦੂਵਾਲ ਦੀ ਡੇਰੇ ਤੋਂ ਦੋ ਕਿਲੋਮੀਟਰ ਦੂਰ ਸਿਰਸਾ ਜ਼ਿਲ੍ਹੇ ਦੇ ਕੁਰੰਗਾਂਵਾਲੀ ਪਿੰਡ ਵਿਚ ਉਸ ਦੇ ਕਾਫਲੇ ਨੂੰ ਰੋਕ ਦਿੱਤਾ। ਇਸ ਦੇ ਨਾਲ ਹੀ ਕਿਸਾਨ ਸੰਗਠਨਾਂ ਨੇ ਉਨ੍ਹਾਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਗੁਰਦੁਆਰਾ ਸਾਹਿਬ ਦੀ ਆਲੇ ਦੁਆਲਿਓਂ ਘੇਰਾਬੰਦੀ ਕਰ ਲਈ । ਇਸੇ ਘੇਰਾਬੰਦੀ ਦੌਰਾਨ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਅਤੇ ਪੁਲੀਸ ਵਿਚਕਾਰ ਧੱਕਾ ਮੁੱਕੀ ਵੀ ਹੋਈ।
ਇਸ ਮੌਕੇ ਕਿਸਾਨ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਪਾਸ ਕੀਤੇ ਤਿੰਨੇ ਕਾਲੇ ਕਾਨੂੰਨ ਲੋਕ ਵਿਰੋਧੀ ਕਾਨੂੰਨ ਹਨ। ਜਿਸ ਨਾਲ ਪੰਜਾਬ ਦੀ ਕਿਸਾਨੀ ਬਿਲਕੁਲ ਤਬਾਹ ਹੋ ਜਾਵੇਗੀ । ਕਿਸਾਨ ਆਗੂਆਂ ਕਿਹਾ ਕਿ ਜਿੰਨਾ ਸਮਾਂ ਕਿਸਾਨ ਵਿਰੋਧੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਨ੍ਹਾਂ ਸਮਾਂ ਭਾਰਤੀ ਜਨਤਾ ਪਾਰਟੀ ਨੇ ਪਾਰਟੀ ਦੇ ਆਗੂਆਂ ਦਾ ਵਿਰੋਧ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਵਿਜੇ ਸਾਂਪਲਾ ਗੁਰੂਦੁਆਰਾ ਸਾਹਿਬ ਵਿਚ ਮੱਥਾ ਟੇਕਣ ਅਤੇ ਬਲਜੀਤ ਸਿੰਘ ਦਾਦੂਵਾਲ ਨੂੰ ਮਿਲਣ ਜਾ ਰਹੇ ਸਨ।