ਮਹਿਲ ਕਲਾਂ ਦੇ ਵਿਕਾਸ ਲਈ ਠੋਸ ਰਣਨੀਤੀ ਦੀ ਲੋੜ – ਕੁਲਵੰਤ ਸਿੰਘ ਟਿੱਬਾ
ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾਂ 30 ਜੁਲਾਈ 2021
ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਕਮਜ਼ੋਰ ਅਤੇ ਡੰਗ ਟਪਾਊ ਸਿਆਸਤ ਕਾਰਨ ਇਹ ਹਲਕਾ ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਬੁਰੀ ਤਰ੍ਹਾਂ ਪਛੜ ਗਿਆ ਹੈ ਅਤੇ ਹਲਕਾ ਮਹਿਲ ਕਲਾਂ ਦੇ ਸਰਬਪੱਖੀ ਵਿਕਾਸ ਲਈ ਠੋਸ ਰਣਨੀਤੀ ਅਤੇ ਯੋਗ ਲੀਡਰਸ਼ਿਪ ਦੀ ਲੋੜ ਹੈ। ਇਹ ਪ੍ਰਗਟਾਵਾ ਸਮਾਜਿਕ ਸੰਸਥਾ “ਹੋਪ ਫਾਰ ਮਹਿਲ ਕਲਾਂ” ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਡੇਰਾ ਬਾਬਾ ਭਜਨ ਸਿੰਘ , ਪਿੰਡ ਦੀਵਾਨਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਸਾਡੀ ਟੀਮ ਵੱਲੋਂ ਇਲਾਕਾ ਮਹਿਲ ਕਲਾਂ ਅੰਦਰ ਵੱਡੇ ਪੱਧਰ ਤੇ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਇੱਕ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਸਮੱਸਿਆਵਾਂ ਦੇ ਕਾਰਣ ਤੇ ਹੱਲ ਬਾਰੇ ਠੋਸ ਰਣਨੀਤੀ ਤਿਆਰ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਮਹਿਲ ਕਲਾਂ ਦੀ ਡੰਗ ਟਪਾਊ ਰਾਜਨੀਤੀ ਦੀ ਥਾਂ ਆਮ ਲੋਕਾਂ ਨੂੰ ਮੁੱਦਿਆਂ ਆਧਾਰਤ ਰਾਜਨੀਤੀ ਨੂੰ ਪਹਿਲ ਦੇਣੀ ਚਾਹੀਦੀ ਹੈ ਤਾਂ ਕਿ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਹਲਕੇ ਦੇ ਮੁੱਦਿਆਂ ਦੀ ਗੂੰਜ ਸੁਣਾਈ ਦੇਵੇ। ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਸੰਘਰਸ਼ੀ ਪਿੜ੍ਹਾਂ ਵਿੱਚ ਹਮੇਸ਼ਾਂ ਮਹਿਲ ਕਲਾਂ ਦੇ ਲੋਕਾਂ ਨੇ ਹੱਕ ਅਤੇ ਸੱਚ ਦੀ ਆਵਾਜ਼ ਬੁਲੰਦ ਕੀਤੀ ਹੈ ਪਰ ਹਲਕੇ ਦਾ ਇਹ ਦੁਖਾਂਤ ਹੈ ਕਿ ਰਾਜਨੀਤਕ ਤੌਰ ਤੇ ਇਲਾਕੇ ਨੂੰ ਯੋਗ ਲੀਡਰਸ਼ਿਪ ਨਹੀਂ ਮਿਲ ਸਕੀ। ਡੇਰਾ ਬਾਬਾ ਭਜਨ ਸਿੰਘ ਪਿੰਡ ਦੀਵਾਨਾ ਦੇ ਮੁੱਖ ਸੇਵਾਦਾਰ ਬਾਬਾ ਜੰਗ ਸਿੰਘ ਦੀਵਾਨਾ ਨੇ ਕੁਲਵੰਤ ਸਿੰਘ ਟਿੱਬਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਦਰਸ਼ਨ ਸਿੰਘ ਵੀ ਹਾਜ਼ਰ ਸਨ।