ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਸਾਹਿਤਕ ਰੁਚੀਆਂ ਪ੍ਰਫੁਲਿਤ ਕਰਨ ਸੰਬੰਧੀ ਲਾਇਬ੍ਰੇਰੀਅਨਾਂ ਨਾਲ ਨੁਕਤੇ ਸਾਂਝੇ ਕੀਤੇ
ਪਰਦੀਪ ਕਸਬਾ ਬਰਨਾਲਾ, 30 ਜੁਲਾਈ 2021
ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਲਾਇਬਰੇਰੀ ਨਾਲ ਜੋੜ ਕੇ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕਰਨ ਦੇ ਮਨੋਰਥ ਨਾਲ ਜਿੱਥੇ “ਲਾਇਬਰੇਰੀ ਲੰਗਰ”ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉੱਥੇ ਹੀ ਸੈਮੀਨਾਰ ਲਗਾ ਕੇ ਸਕੂਲ ਲਾਇਬ੍ਰੇਰੀਅਨਾਂ ਨਾਲ ਲਾਇਬਰੇਰੀ ਨੂੰ ਵਿਦਿਆਰਥੀਆਂ ਲਈ ਆਕਰਸ਼ਿਕ ਬਣਾਉਣ ਅਤੇ ਲਾਇਬਰੇਰੀ ਦੇ ਰੱਖ-ਰਖਾਵ ਬਾਬਤ ਜਾਣਕਾਰੀ ਸਾਂਝੀ ਕੀਤੀ ਗਈ।
ਸਰਬਜੀਤ ਸਿੰਘ ਤੂਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫਸਰ ਸੈਕਡਰੀ ਨੇ ਦੱਸਿਆ ਕਿ ਸਥਾਨਕ ਸਰਕਾਰੀ ਹਾਈ ਸਕੂਲ ਜੁਮਲਾ ਮਲਕਾਨ ਵਿਖੇ ਜਿਲ੍ਹੇ ਦੇ ਸਕੂਲ ਲਾਇਬ੍ਰੇਰੀਅਨਾਂ ਦਾ ਇੱਕ ਰੋਜ਼ਾ ਸੈਮੀਨਾਰ ਲਗਾ ਕੇ ਵਿਭਾਗ ਦੀ “ਸਕੂਲ ਲਾਇਬਰੇਰੀ” ਮੁਹਿੰਮ ਪ੍ਰਤੀ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਪੁਸਤਕਾਂ ਪੜ੍ਹਨ ਦੀ ਰੁਚੀ ਜਿੱਥੇ ਵਿਦਿਆਰਥੀਆਂ ਦੇ ਗਿਆਨ ਦਾ ਘੇਰਾ ਵਿਸ਼ਾਲ ਕਰਦੀ ਹੈ ਉੱਥੇ ਹੀ ਵਿਦਿਆਰਥੀਆਂ ਦੀਆਂ ਅਕਾਦਮਿਕ ਪ੍ਰਾਪਤੀਆਂ ਬਿਹਤਰ ਬਣਾਉਣ ਵਿੱਚ ਵੀ ਮੋਹਰੀ ਭੂਮਿਕਾ ਨਿਭਾਉਂਦੀ ਹੈ।ਉਹਨਾਂ ਕਿਹਾ ਕਿ ਸਕੂਲ ਲਾਇਬਰੇਰੀਆਂ ਵਿਕਸਤ ਕਰਨ ਲਈ ਵਿਭਾਗ ਵੱਲੋਂ ਜਿੱਥੇ ਵੱਖਰੇ ਕਮਰਿਆਂ ਦੀ ਵਿਵਸਥਾ ਕੀਤੀ ਗਈ ਹੈ ਉੱਥੇ ਹੀ ਪੁਸਤਕਾਂ ਦੀ ਖਰੀਦ ਲਈ ਵੀ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ। ਸਿੱਖਿਆ ਅਧਿਕਾਰੀਆਂ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਹਿਤਕ ਰੁਚੀਆਂ ਪ੍ਰਫੁਲਿਤ ਕਰਕੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕਰਨ ‘ਚ ਸਕੂਲ ਲਾਇਬ੍ਰੇਰੀਅਨਾਂ ਦਾ ਯੋਗਦਾਨ ਵਿਲੱਖਣ ਅਤੇ ਵਿਸ਼ੇਸ਼ ਹੈ।
ਸੈਮੀਨਾਰ ਦੇ ਰਿਸੋਰਸ ਪਰਸਨਾਂ ਨੇ ਦੱਸਿਆ ਕਿ ਸੈਮੀਨਾਰ ‘ਚ 20 ਲਾਇਬਰੇਰੀਅਨਾਂ ਵੱਲੋਂ ਸ਼ਿਰਕਤ ਕੀਤੀ ਗਈ।ਸੈਮੀਨਾਰ ਨੂੰ ਸੰਬੋਧਨ ਕਰਦਿਆਂ ਰਿਸੋਰਸ ਪਰਸਨ ਕੁਲਦੀਪ ਸਿੰਘ ਨੇ ਸਕੂਲ ਲਾਇਬਰੇਰੀ ਲਈ ਪੁਸਤਕਾਂ ਦੀ ਚੋਣ ਬਾਰੇ ਬੋਲਦਿਆਂ ਕਿਹਾ ਕਿ ਸਕੂਲ ਲਾਇਬਰੇਰੀ ਲਈ ਪੁਸਤਕਾਂ ਦੀ ਚੋਣ ਬਾਲ ਮਨੋਵਿਗਿਆਨਕ ਨਜ਼ਰੀਏ ਤੋਂ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਵਿਦਿਆਰਥੀ ਪੁਸਤਕਾਂ ਪ੍ਰਾਪਤ ਕਰਨ ਲਈ ਖੁਦ ਲਾਇਬਰੇਰੀ ‘ਚ ਆਉਣ। ਡਾ.ਹਰਭਗਵਾਨ ਰਿਸੋਰਸ ਪਰਸਨ ਨੇ ਲਾਇਬਰੇਰੀ ਦੀ ਸਾਂਭ ਸੰਭਾਲ ਦੇ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਸਲੀਕੇ ਨਾਲ ਟਿਕਾਈਆਂ ਪੁਸਤਕਾਂ ਪਾਠਕਾਂ ਨੂੰ ਆਕਰਸ਼ਿਤ ਕਰਦੀਆਂ ਹਨ।ਉਹਨਾਂ ਵਿਦਿਆਰਥੀਆਂ ਦੇ ਨਾਲ ਨਾਲ ਅਧਿਆਪਕਾਂ ਵੱਲੋਂ ਵੀ ਪੁਸਤਕਾਂ ਪੜ੍ਹਨ ਦੀ ਜਰੂਰਤ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਅਧਿਆਪਕਾਂ ਨੂੰ ਪੁਸਤਕਾਂ ਪੜ੍ਹਨ ਦੇ ਮਾਮਲੇ ‘ਚ ਵੀ ਵਿਦਿਆਰਥੀਆਂ ਦੇ ਰੋਲ ਮਾਡਲ ਬਣਨਾ ਚਾਹੀਦਾ ਹੈ। ਆਪਣੇ ਸੰਬੋਧਨ ‘ਚ ਰਿਸੋਰਸ ਪਰਸਨ ਪਰਗਟ ਸਿੰਘ ਨੇ ਕਿਹਾ ਕਿ ਪੁਸਤਕਾਂ ਵਿਦਿਆਰਥੀਆਂ ਨੂੰ ਸਕੂਲੀ ਪਾਠਕ੍ਰਮ ਤੋਂ ਬਾਹਰ ਦੇ ਵਿਸ਼ਾਲ ਗਿਆਨ ਬਾਰੇ ਜਾਣਨ ਦੇ ਸਮਰੱਥ ਬਣਾਉਂਦੀਆਂ ਹਨ।ਉਹਨਾਂ ਕਿਹਾ ਸਮਾਜ ‘ਚ ਵਿਆਪਕ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਪੁਸਤਕਾਂ ਪੜ੍ਹਨ ਨਾਲ ਹੀ ਕੀਤਾ ਜਾ ਸਕਦਾ ਹੈ।ਸੈਮੀਨਾਰ ਦੌਰਾਨ ਲਾਇਬ੍ਰੇਰੀਅਨਾਂ ਵੱਲੋਂ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ ਗਏ।