ਬਰਨਾਲਾ ਸ਼ਹਿਰ ਨਾਲ ਜੁੜਦੀਆਂ ਸੜਕਾਂ ਨੂੰ ਚੌੜਾ ਤੇ ਨਵੀਨੀਕਰਨ ਕਰਵਾਵਾਂਗੇ: ਹਰਿੰਦਰ ਸਿੰਘ ਧਾਲੀਵਾਲ
ਰਘਵੀਰ ਹੈਪੀ, ਬਰਨਾਲਾ, 17 ਨਵੰਬਰ 2024
ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਬਰਨਾਲਾ ਹਲਕੇ ਉੱਪਰ ਸਾਨੂੰ ਹਮੇਸ਼ਾ ਮਾਣ ਹੈ। ਸਾਡੀ ਪਾਰਟੀ ਦੀ ਸਰਕਾਰ ਨੇ ਬਰਨਾਲਾ ਦੇ ਉਹ ਕੰਮ ਕਰਵਾਏ ਜੋ 70 ਸਾਲ ਕੋਈ ਸਰਕਾਰ ਨਹੀਂ ਕਰਾ ਸਕੀ। ਅੱਗੇ ਹੋਰ ਵੀ ਕੰਮ ਕਰਵਾਏ ਜਾਣਗੇ। ਆਪ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਬਰਨਾਲਾ ਸ਼ਹਿਰ ਨਾਲ ਜੁੜਦੀਆਂ ਸੜਕਾਂ ਨੂੰ ਚੌੜਾ ਤੇ ਨਵੀਨੀਕਰਨ ਕਰਵਾਵਾਂਗੇ। ਬਰਨਾਲਾ ਦੇ ਪਿੰਡਾਂ ਨੂੰ ਹੋਰ ਗ੍ਰਾਂਟਾਂ ਦਿਵਾਈਆਂ ਜਾਣਗੀਆਂ।
ਮੀਤ ਹੇਅਰ ਤੇ ਹਰਿੰਦਰ ਸਿੰਘ ਧਾਲੀਵਾਲ ਅੱਜ ਬਰਨਾਲਾ ਹਲਕੇ ਦੀ ਜ਼ਿਮਨੀ ਚੋਣ ਲਈ ਬਰਨਾਲਾ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਅਤੇ ਹਲਕੇ ਦੇ ਪਿੰਡਾਂ ਕਰਮਗੜ੍ਹ ਸੰਘੇੜਾ, ਨੰਗਲ, ਜੋਧਪੁਰ, ਬਡਬਰ, ਦਾਨਗੜ੍ਹ, ਠੁੱਲੇਵਾਲ, ਭੱਠਲਾਂ, ਭੈਣੀ ਮਹਿਰਾਜ ਝਲੂਰ, ਧਨੌਲਾ ਤੇ ਕੱਟੂ ਵਿਖੇ ਜੁੜੇ ਭਾਰੀ ਇਕੱਠਾਂ ਨੂੰ ਸੰਬੋਧਨ ਕਰ ਰਹੇ ਸਨ।
ਮੀਤ ਹੇਅਰ ਨੇ ਕਿਹਾ ਕਿ ਕਾਂਗਰਸ, ਅਕਾਲੀ-ਬੀਜੇਪੀ ਸਰਕਾਰਾਂ ਨੇ ਸਦਾ ਬਰਨਾਲੇ ਨੂੰ ਅਣਗੌਲਿਆ ਕੀਤਾ। ਬਰਨਾਲਾ ਵਾਸੀਆਂ ਨੇ ਉਸ ਨੂੰ ਪਹਿਲੀ ਵਾਰ ਆਪ ਨੂੰ ਮੌਕਾ ਦਿੱਤਾ ਤਾਂ ਬਰਨਾਲਾ ਵਿੱਚ ਵੱਡੇ ਵਿਕਾਸ ਦੇ ਕੰਮ ਹੋਏ।ਨਹਿਰੀ ਪਾਣੀ ਸਾਡੀ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ ਢਾਈ ਸਾਲ ਦੇ ਸਮੇਂ ਦੌਰਾਨ ਬਰਨਾਲਾ ਹਲਕੇ ਦੇ ਪਿੰਡਾਂ ਵਿੱਚ ਕਮਿਊਨਟੀ ਹਾਲ, ਲਾਇਬ੍ਰੇਰੀਆਂ, ਛੱਪੜਾਂ ਦੇ ਕੰਮ, ਧਰਮਸ਼ਾਲਾਵਾਂ, ਸਕੂਲ, ਸਟੇਡੀਅਮ ਤੇ ਖੇਡ ਗਰਾਊਂਡਾਂ ਦਾ ਕੰਮ, ਗਲੀਆਂ-ਨਾਲ਼ੀਆਂ ਦੇ ਕੰਮ, ਨਹਿਰੀ ਪਾਣੀ ਲਈ ਪਾਈਪਲਾਈਨ ਦਾ ਕੰਮ ਉੱਤੇ ਪ੍ਰਤੀ ਪਿੰਡ 4 ਤੋਂ 5 ਕਰੋੜ ਰੁਪਏ ਤੱਕ ਖ਼ਰਚੇ ਜਾ ਰਹੇ ਹਨ। 50-50 ਸਾਲ ਪੁਰਾਣੇ ਛੱਪੜ ਥਾਪਰ ਮਾਡਲ ਵਿੱਚ ਬਦਲੇ ਹਨ। ਬਰਨਾਲੇ ਜਿਲ੍ਹੇ ਦਾ ਹਰ ਪਿੰਡ ਥਾਪਰ ਮਾਡਲ ਉਤੇ ਵਿਕਸਤ ਕੀਤਾ।
ਹਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਬਰਨਾਲਾ ਸ਼ਹਿਰ ਦੇ ਚੌਕਾਂ, ਸੜਕਾਂ, ਪੁਲਾਂ ਹੇਠ ਖੇਡ ਗਰਾਉੂਂਡ, ਪੀਣ ਵਾਲੇ ਪਾਣੀ ਤੇ ਸੀਵਰੇਜ ਆਦਿ ਦੇ ਕੰਮ ਵੱਡੇ ਪੱਧਰ ਉੱਤੇ ਕੀਤੇ ਜਾ ਰਹੇ ਹਨ।ਮੀਤ ਹੇਅਰ ਨੇ ਬਤੌਰ ਮੰਤਰੀ ਤੇ ਵਿਧਾਇਕ ਬਰਨਾਲੇ ਵਿੱਚ ਕੰਮ ਕਰਵਾਏ ਹੁਣ ਸੂਬਾ ਸਰਕਾਰ ਅਤੇ ਪਾਰਲੀਮੈਂਟ ਦੇ ਫੰਡ ਨਾਲ ਬਰਨਾਲਾ ਦਾ ਹੋਰ ਵਿਕਾਸ ਕੀਤਾ ਜਾਵੇਗਾ।