Advertisement
ਬਰਨਾਲਾ ਮਾਲਵੇ ਦਾ ਦਿਲ, ਕਿਸੇ ਇਕ ਵਿਅਕਤੀ ਨੇ ਨਹੀਂ, ਕਾਂਗਰਸ ਸਰਕਾਰ ਨੇ ਬਣਾਇਆ ਸੀ ਜ਼ਿਲ੍ਹਾ : ਬਾਜਵਾ
ਬਾਜਵਾ ਨੇ ਕਿਹਾ : ਕੇਜਰੀਵਾਲ ਤੇ ਭਗਵੰਤ ਮਾਨ ਨੇ ਝੂਠ ਬੋਲਣ ਦੀ ਪੀ.ਐੱਚ.ਡੀ ਕੀਤੀ ਹੋਈ ਹੈ
ਰਘਵੀਰ ਹੈਪੀ, ਬਰਨਾਲਾ 17 ਨਵੰਬਰ 2024
ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਐਤਵਾਰ ਨੂੰ ਬਰਨਾਲਾ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬੀਆਂ ਨੂੰ ਸਿੱਧੇ ਤੌਰ ’ਤੇ ਧਮਕਾ ਰਹੇ ਹਨ। ਉਨ੍ਹਾਂ ਕਿਹਾ ਕਿ ਲੰਘੇ ਦਿਨ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਬਰਨਾਲਾ ਵਿਖੇ ਚੋਣ ਪ੍ਰਚਾਰ ਦੌਰਾਨ ਸਾਫ਼ ਸ਼ਬਦਾਂ ’ਚ ਧਮਕੀ ਦਿੱਤੀ ਗਈ ਹੈ ਕਿ ਜੇਕਰ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਉਣਗੇ ਤਾਂ ਬਰਨਾਲਾ ’ਚ ਵਿਕਾਸ ਕਾਰਜ਼ ਤੇ ਹੋਰ ਕੰਮ ਸਰਕਾਰ ਵਲੋਂ ਨਹੀਂ ਕਰਵਾਏ ਜਾਣਗੇ। ਪਰ ਪੰਜਾਬ ਦੇ ਲੋਕ ਅਣਖ਼ੀ ਹਨ, ਜੋ ਕਦੇ ਵੀ ਕਿਸੇ ਵੀ ਧਮਕੀ ਤੋਂ ਨਹੀਂ ਡਰੇ। ਇਸੇ ਤਰ੍ਹਾਂ ਹੁਣ ਵੀ ਕੇਜਰੀਵਾਲ ਦੀ ਧਮਕੀ ਦਾ ਪੰਜਾਬੀ ਇੰਨ੍ਹਾਂ ਜ਼ਿਮਨੀ ਚੋਣਾਂ ’ਚ ਮੂੰਹ ਤੋੜ ਜਵਾਬ ਦੇਣਗੇ।
ਬਾਜਵਾ ਨੇ ਅੱਗੇ ਕਿਹਾ ਕਿ ਕੇਜਰੀਵਾਲ ਨੇ 2019 ’ਚ ਬਰਨਾਲਾ ਵਿਖੇ ਕਾਨਫਰੰਸ ਕੀਤੀ ਗਈ ਸੀ ਜਿੱਥੇ ਉਸ ਨੇ ਭਗਵੰਤ ਸਿੰਘ ਮਾਨ ਨੂੰ ‘ਆਪ’ ਵਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨਦਿਆਂ ਭਗਵੰਤ ਮਾਨ ਦੇ ਪਰਿਵਾਰ ਦੇ ਸੀਨੀਅਰ ਮੈਂਬਰ ਦੇ ਸਿਰ ’ਤੇ ਹੱਥ ਰਖਵਾ ਕੇ ਸਹੁੰ ਚੁਕਾਈ ਗਈ ਕਿ ਅੱਜ ਤੋਂ ਬਾਅਦ ਇਹ ਕਦੇ ਨਸ਼ਾ ਨਹੀਂ ਕਰੇਗਾ, ਪਰ ਅਜਿਹਾ ਕੁਝ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਕਹਿਣ ’ਤੇ ਭਗਵੰਤ ਮਾਨ ਹੀ ਜਦੋਂ ਨਸ਼ਾ ਮੁਕਤ ਨਹੀਂ ਹੋਇਆ ਤਾਂ ਬਾਕੀ ਪੰਜਾਬ ਦੀ ਗੱਲ ਤਾਂ ਦੂਰ ਰਹੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਨੇ ਝੂਠ ਬੋਲਣ ਦੀ ਪੀ.ਐੱਚ.ਡੀ ਕੀਤੀ ਹੋਈ ਹੈ। ਵੀਆਈਪੀ ਕਲਚਰ ਖ਼ਤਮ ਕਰਨ ਦੇ ਭਗਵੰਤ ਮਾਨ ਦੇ ਦਾਅਵੇ ’ਤੇ ਬਾਜਵਾ ਨੇ ਕਿਹਾ ਕਿ ਸਮੁੱਚੇ ਬਰਨਾਲਾ ਦੀ ਜ਼ਿਲ੍ਹੇ ਦੀ ਕਰੀਬ 7-8 ਲੱਖ ਦੀ ਅਬਾਦੀ ਲਈ ਸਿਰਫ਼ 900 ਪੁਲਿਸ ਮੁਲਾਜ਼ਮ ਹਨ, ਜਦਕਿ ਮੁੱਖ ਮੰਤਰੀ ਮਾਨ ਦੇ 5 ਮੈਂਬਰਾਂ ਦੇ ਛੋਟੇ-ਜਿਹੇ ਪਰਿਵਾਰ ਲਈ ਕਰੀਬ 1200 ਪੁਲਿਸ ਮੁਲਾਜ਼ਮ ਤੈਨਾਤ ਕੀਤੇ ਹੋਏ ਹਨ। ਪੌਣੇ ਤਿੰੰਨ ਸਾਲਾਂ ’ਚ ਇਸ ਸਰਕਾਰ ਨੇ ਆਪਣਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ।
ਭਾਜਪਾ ’ਤੇ ਵਰ੍ਹਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਾਜਪਾ ਲੰਬੇ ਸਮੇਂ ਤੋਂ ਪੰਜਾਬ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਕਰਨਾ ਚਾਹੁੰਦੀ ਹੈ, ਜਿਸ ਤਹਿਤ ਹੀ ਉਸ ਨੇ ਇਸ ਵਾਰ ਭਗਵੰਤ ਸਿੰਘ ਮਾਨ ਨਾਲ ਮਿਲ ਕੇ ਕਿਸਾਨ ਨੂੰ ਮੰਡੀਆਂ ’ਚ ਰੋਲਿਆ। ਪੰਜਾਬ ’ਚ ਝੋਨੇ ਤੇ ਕਣਕ ਦੀ ਫ਼ਸਲ ਨਾਲ 75 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਹੁੰਦਾ ਹੈ, ਜਿਸ ਦਾ ਇਸ ਵਾਰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ 10 ਕਿੱਲੇ ਪੈਲੀ ਹਰਿਆਣਾ ਨੂੰ ਦੇ ਦਿੱਤੀ ਹੈ, ਇਸੇ ਤਰ੍ਹਾਂ ਹੀ ਉਨ੍ਹਾਂ ਦੀ ਹਾਈਕੋਰਟ ਲਈ ਵੀ ਚੰਡੀਗੜ੍ਹ ਦੇਣ ਦੀਆਂ ਸਕੀਮਾਂ ਭਾਜਪਾ ਵਲੋਂ ਘੜੀਆਂ ਜਾ ਰਹੀਆਂ ਹਨ, ਜਿਸ ’ਚ ਪੰਜਾਬ ਦਾ ਮੁੱਖ ਮੰਤਰੀ ਉਨ੍ਹਾਂ ਨਾਲ ਰਲਿਆ ਹੋਇਆ ਹੈ।
ਉਨ੍ਹਾਂ ਬਰਨਾਲਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਕਾਂਗਰਸ ਦਾ ਸਾਥ ਦਿਓ ਤਾਂ ਜੋ ਬਰਨਾਲਾ ਜ਼ਿਲ੍ਹੇ ’ਚ ਮੁੜ੍ਹ ਵਿਕਾਸ ਕਾਰਜ਼ ਸ਼ੁਰੂ ਕਰਵਾਏ ਜਾ ਸਕਣ। ਇਸ ਮੌਕੇ ਮੈਂਬਰ ਪਾਰਲੀਮੈਂਟ ਫ਼ਤਿਹਗੜ੍ਹ ਸਾਹਿਬ ਡਾ. ਅਮਰ ਸਿੰਘ, ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ, ਸੁਰਿੰਦਰਪਾਲ ਸਿੰਘ ਸੀਬੀਆ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਂਗਰਸ, ਕਮਲ ਧਾਲੀਵਾਲ ਇੰਡੀਅਨ ਓਵਰਸੀਜ਼ ਦੇ ਆਗੂ, ਨਗਰ ਸੁਧਾਰ ਟਰੱਸਟ ਬਰਨਾਲਾ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਕਿਸਾਨ ਸੈੱਲ ਦੇ ਸੂਬਾ ਮੀਤ ਪ੍ਰਧਾਨ ਧੰਨਾ ਸਿੰਘ ਗਰੇਵਾਲ, ਜਗਤਾਰ ਦੇਹੀਆ, ਰੋਬਿਨ ਖੀਪਲ ਸਣੇ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
Advertisement
Advertisement
Advertisement
Advertisement
Advertisement
Advertisement