ਅਦੀਸ਼ ਗੋਇਲ, ਬਰਨਾਲਾ 17 ਨਵੰਬਰ 2024
ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਵਲੋਂ ਅੱਜ ਵੱਖ ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ । ਵੱਖ ਵੱਖ ਪਿੰਡਾਂ ਵਿੱਚ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਭਰਵੇਂ ਚੋਣ ਜਲਸੇ ਹੋਏ। ਲੋਕਾਂ ਦੇ ਵੱਡੇ ਇਕੱਠ ਭਾਜਪਾ ਦੀ ਜਿੱਤ ਉਪਰ ਮੋਹਰ ਲਗਾਉਂਦੇ ਦਿਖਾਈ ਦਿੱਤੇ। ਇਸ ਮੌਕੇ ਲੋਕਾਂ ਦੇ ਇਕੱਠਾ ਨੂੰ ਸੰਬੋਧਨ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਕੋਲ ਜਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਬਕ ਸਿਖਾਉਣ ਦਾ ਸੁਨਹਿਰੀ ਮੌਕਾ ਹੈ। ਲੋਕ ਇਸ ਝੂਠੇ ਬਦਲਾਅ ਦੀ ਸਰਕਾਰ ਬਣਾ ਕੇ ਪਛਤਾ ਰਹੇ ਹਨ।
ਪੰਜਾਬ ਦਾ ਹਰ ਵਰਗ ਸਰਕਾਰ ਤੋਂ ਦੁਖੀ ਹੈ। ਖਾਸ ਤੌਰ ਤੇ ਪੰਜਾਬ ਦੇ ਕਿਸਾਨ ਆਪ ਸਰਕਾਰ ਨੇ ਮੰਡੀਆਂ ਵਿੱਚ ਰੋਲ ਕੇ ਰੱਖ ਦਿੱਤੇ ਹਨ। ਝੋਨੇ ਦੀ ਫ਼ਸਲ ਖ਼ਰੀਦਣ ਵਿੱਚ ਪੰਜਾਬ ਸਰਕਾਰ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਭਲਾ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਹੱਥ ਵਿੱਚ ਹੀ ਹੈ। ਇਸ ਕਰਕੇ ਬਰਨਾਲਾ ਦੇ ਲੋਕਾਂ ਨੂੰ ਪੰਜਾਬ ਦੇ ਭਲੇ ਲਈ ਆਪ ਦੇ ਝੂਠੇ ਬਦਲਾਅ ਅਤੇ ਝੂਠੀਆਂ ਗਾਰੰਟੀਆਂ ਨੂੰ ਹਰਾਉਣ ਦਾ ਇਹ ਮੌਕਾ ਹੱਥੋਂ ਗੰਵਾਉਣਾ ਨਹੀਂ ਚਾਹੀਦਾ।
ਉਹਨਾਂ ਕਿਹਾ ਕਿ ਬਰਨਾਲਾ ਦੇ ਲੋਕ ਇਸ ਵਾਰ ਭਾਜਪਾ ਨੂੰ ਵੋਟ ਪਾ ਕੇ ਆਪ ਸਰਕਾਰ ਨੂੰ ਸਬਕ ਸਿਖਾਉਣਾ ਚਾਹੀਦਾ ਹੈ। ਕੇਵਲ ਢਿੱਲੋਂ ਨੇ ਕਿਹਾ ਕਿ ਮੇਰਾ ਇੱਕੋ ਏਜੰਡਾ ਵਿਕਾਸ ਦਾ ਰਿਹਾ ਹੈ। ਬਰਨਾਲਾ ਨੂੰ ਹਰ ਪੱਖ ਤੋਂ ਬਿਹਤਰ ਬਨਾਉਣਾ ਹੈ। ਜਿਸ ਲਈ ਬਰਨਾਲਾ ਦੇ ਲੋਕ ਉਹਨਾਂ ਦਾ ਸਾਥ ਦੇਣ ਤਾਂ ਕਿ ਕੇਂਦਰ ਦੀ ਬੀਜੇਪੀ ਸਰਕਾਰ ਤੋਂ ਬਰਨਾਲਾ ਜਿਲ੍ਹੇ ਲਈ ਵੱਡੇ ਪ੍ਰੋਜੈਕਟ ਲਿਆ ਕੇ ਇਲਾਕੇ ਦਾ ਵਿਕਾਸ ਕੀਤਾ ਜਾ ਸਕੇ।