ਬੀਹਲਾ ਪਿੰਡ ਚ, ਹਨ ਅਮਰਜੀਤ ਸਿੰਘ ਗੱਗੜਪੁਰ ਦੇ ਸੋਹਰੇ
ਹਰਿੰਦਰ ਨਿੱਕਾ ਬਰਨਾਲਾ/ ਸੰਗਰੂਰ 9 ਅਪਰੈਲ 2020
ਸੰਗਰੂਰ ਜਿਲ੍ਹੇ ਦੇ ਪਹਿਲੇ ਕੋਰੋਨਾ ਪੌਜੇਟਿਵ ਮਰੀਜ਼ ਰਿਟਾਇਰ ਇੰਜਨੀਅਰ ਅਮਰਜੀਤ ਸਿੰਘ ਪਿੰਡ ਗੱਗੜਪੁਰ ਨੇ ਬਰਨਾਲਾ ਜਿਲ੍ਹੇ ਦੇ ਲੋਕਾਂ ਅਤੇ ਸਿਹਤ ਵਿਭਾਗ ਦੀਆਂ ਮੁਸ਼ਕਿਲਾਂ ਚ ਹੋਰ ਵੀ ਵਾਧਾ ਕਰ ਦਿੱਤਾ ਹੈ। ਸਿਵਲ ਸਰਜ਼ਨ ਸੰਗਰੂਰ ਡਾਕਟਰ ਰਾਜ ਕੁਮਾਰ ਨੇ ਸਿਵਲ ਸਰਜ਼ਨ ਬਰਨਾਲਾ ਨੂੰ ਭੇਜ਼ੇ ਪੱਤਰ ਵਿੱਚ ਦੱਸਿਆ ਹੈ ਕਿ ਅਮਰਜੀਤ ਸਿੰਘ ਗੱਗੜਪੁਰ ਬਰਨਾਲਾ ਜਿਲ੍ਹੇ ਦੇ ਪਿੰਡ ਬੀਹਲਾ ਥਾਣਾ ਟੱਲੇਵਾਲ ਵਿਖੇ ਵਿਆਹਿਆ ਹੋਇਆ ਹੈ। ਅਮਰਜੀਤ ਸਿੰਘ 24 ਮਾਰਚ ਨੂੰ ਛੱਤੀਸਗੜ੍ਹ ਤੋਂ ਜਹਾਜ਼ ਰਾਹੀਂ ਦਿੱਲੀ ਤੋਂ ਸਾਹਨੇਵਾਲ ਹਵਾਈ ਅੱਡੇ ਤੋਂ ਹੁੰਦਾ ਹੋਇਆ ਆਪਣੇ ਪਿੰਡ ਗੱਗੜਪੁਰ ਪਹੁੰਚਿਆ ਸੀ। ਹੁਣ ਇਸ ਦੀ ਰਿਪੋਰਟ ਰਜਿੰਦਰਾ ਹਸਪਤਾਲ ਪਟਿਆਲਾ ਦੀ ਲੈਬ ਤੋਂ ਪੌਜੇਟਿਵ ਆਈ ਹੈ। ਅਮਰਜੀਤ ਕੁਝ ਦਿਨ ਪਹਿਲਾਂ ਆਪਣੇ ਸੌਹਰੇ ਪਿੰਡ ਬੀਹਲਾ ਵਿਖੇ ਵੀ ਰੁਕ ਕੇ ਗਿਆ ਹੈ। ਇਹ ਸੂਚਨਾ ਮਿਲਦੇ ਹੀ ਬਰਨਾਲਾ ਦਾ ਸਿਹਤ ਵਿਭਾਗ ਵੀ ਹਰਕਤ ਚ ਆ ਗਿਆ ਹੈ। ਉੁਧਰ ਮਹਿਲ ਕਲਾਂ ਦੀ ਕੋਰੋਨਾ ਪੌਜੇਟਿਵ ਮਿਰਤਕ ਔਰਤ ਕਰਮਜੀਤ ਕੌਰ ਦੇ ਪਤੀ ਸਣੇ ਉਸਦੇ ਪੂਰੇ ਪਰਿਵਾਰ ਨੂੰ ਘਰ ਵਿੱਚ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਜਿਲ੍ਹੇ ਦੇ ਸਿਹਤ ਵਿਭਾਗ ਦੇ ਨੋਡਲ ਅਧਿਕਾਰੀ ਡਾਕਟਰ ਮੁਨੀਸ਼ ਕੁਮਾਰ ਨੇ ਦੱਸਿਆ ਕਿ ਕਰਮਜੀਤ ਕੌਰ ਦੇ ਪਰਿਵਾਰ ਨੂੰ ਇਕਾਂਤਵਾਸ ਕਰਨ ਲਈ ਪੁਲਿਸ ਦੇ ਸਖਤ ਸੁਰੱਖਿਆ ਪਰਬੰਧ ਵੀ ਕਰ ਦਿੱਤੇ ਗਏ ਹਨ। ਸਿਵਲ ਸਰਜ਼ਨ ਬਰਨਾਲਾ ਡਾਕਟਰ ਗੁਰਿੰਦਰਬੀਰ ਸਿੰਘ ਨੇ ਸੀਐਮਉ ਸੰਗਰੂਰ ਵੱਲੋਂ ਭੇਜ਼ੇ ਪੱਤਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਨੂੰ ਅਮਰਜੀਤ ਸਿੰਘ ਗੱਗੜਪੁਰ ਦੇ ਸੌਹਰੇ ਘਰ ਦਾ ਪੂਰਾ ਪਤਾ ਲੱਭ ਕੇ ਉਹਨਾਂ ਦੇ ਪਰਿਵਾਰ ਨੂੰ ਵੀ ਆਈਸੋਲੇਟ ਕਰ ਦਿੱਤਾ ਜਾਵੇਗਾ।