ਹਸਪਤਾਲ ਦੇ 3 ਹੋਰ ਕਰਮਚਾਰੀਆਂ ਦੇ ਸੈਂਪਲ ਲਏ ,5 ਨਰਸਾਂ ਦੇ ਸੈਂਪਲ ਲੈਣ ਦੀ ਵੀ ਤਿਆਰੀ
-ਰਾਧਾ ਦੀ ਬੇਟੀ ਦੇ ਸੈਂਪਲ ਦੀ ਦੂਜੀ ਰਿਪੋਰਟ ਦਾ ਹਾਲੇ ਇੰਤਜ਼ਾਰ
ਹਰਿੰਦਰ ਨਿੱਕਾ ਬਰਨਾਲਾ 9 ਅਪਰੈਲ 2020
ਜਿਲੇ ਦੀ ਪਹਿਲੀ ਕੋਰੋਨਾ ਪੌਜੇਟਿਵ ਮਰੀਜ਼ ਅਤੇ ਸ਼ਹਿਰ ਦੇ ਸੇਖਾ ਰੋਡ ਖੇਤਰ ਚ ਰਹਿੰਦੀ ਰਾਧਾ ਦੀ ਕੋਰੋਨਾ ਨਾਲ ਜੰਗ ਜਾਰੀ ਹੈ। ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਜੇਰ-ਏ-ਇਲਾਜ਼ ਰਾਧਾ ਦਾ ਇਲਾਜ਼ ਕਰ ਰਹੇ ਡਾਕਟਰਾਂ ਅਨੁਸਾਰ ਕੋਰੋਨਾ ਪੌਜੇਟਿਵ ਰਾਧਾ ਬੁਲੰਦ ਹੌਂਸਲੇ ਨਾਲ ਕੋਰੋਨਾ ਵਾਇਰਸ ਦਾ ਟਾਕਰਾ ਕਰ ਰਹੀ ਹੈ। ਉਸ ਦੀ ਸਿਹਤ ਚ ਪਹਿਲਾਂ ਨਾਲੋਂ ਕਾਫੀ ਸੁਧਾਰ ਹੋ ਵੀ ਰਿਹਾ ਹੈ। ਵੀਰਵਾਰ ਦੀ ਸਵੇਰੇ ਉਹ ਖੁਦ ਪੈਦਲ ਚੱਲ ਕੇ ਬਾਥਰੂਮ ਤੱਕ ਵੀ ਚਲੀ ਗਈ। ਇਸ ਦੀ ਪੁਸ਼ਟੀ ਸਿਵਲ ਹਸਪਤਾਲ ਬਰਨਾਲਾ ਦੇ ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਵੀ ਕੀਤੀ ਹੈ। ਐਸਐਮਉ ਕੌਸ਼ਲ ਨੇ ਦੱਸਿਆ ਕਿ ਰਾਧਾ ਦੀ ਨੌਕਰਾਣੀ ਦੀ ਰਿਪੋਰਟ ਵੀ ਹੁਣੇ ਹੁਣੇ ਨੈਗੇਟਿਵ ਆ ਗਈ ਹੈ। ਜਦੋਂ ਕਿ ਰਾਧਾ ਦੀ ਬੇਟੀ ਦੇ ਦੂਸਰੀ ਵਾਰ ਜਾਂਚ ਲਈ ਭੇਜ਼ੇ ਸੈਂਪਲ ਦੀ ਰਿਪੋਰਟ ਹਾਲੇ ਤੱਕ ਵੀ ਨਹੀ ਆਈ ਹੈ। ਪ੍ਰਾਪਤ ਹੋਣ ਵਾਲੀ ਰਿਪੋਰਟ ਦੇ ਅਧਾਰ ਤੇ ਹੀ ਉਸ ਦੇ ਸੰਪਰਕ ਵਿੱਚ ਰਹੇ ਵਿਅਕਤੀਆਂ ਨੂੰ ਵੀ ਆਈਸੋਲੇਟ ਕੀਤਾ ਜਾ ਸਕਦਾ ਹੈ। ਐਸਐਮਉ ਕੌਸ਼ਲ ਨੇ ਦੱਸਿਆ ਕਿ ਰਾਧਾ ਦੇ ਸੰਪਰਕ ਵਿੱਚ ਆਏ ਹਸਪਤਾਲ ਦੇ 3 ਹੋਰ ਕਰਮਚਾਰੀਆਂ ਦੇ ਵੀ ਸੈਂਪਲ ਲਏ ਗਏ ਹਨ। ਜਿਹੜੇ ਜਾਂਚ ਲਈ ਪਟਿਆਲਾ ਭੇਜ਼ੇ ਜਾ ਰਹੇ ਹਨ।
-5 ਸਟਾਫ ਨਰਸਾਂ ਦੇ ਵੀ ਸੈਂਪਲ ਲੈਣ ਦੀ ਤਿਆਰੀ
ਰਾਧਾ ਦੇ ਇਲਾਜ਼ ਦੌਰਾਨ ਉਸ ਦੇ ਸੰਪਰਕ ਵਿੱਚ ਆਈਆਂ 5 ਸਟਾਫ ਨਰਸਾਂ ਦੀ ਵੀ ਸ਼ਿਨਾਖਤ ਕਰ ਲਈ ਗਈ ਹੈ। ਜਿਹਨਾਂ ਨੂੰ ਸੀਐਮਉ ਬਰਨਾਲਾ ਦੀ ਪੁਰਾਣੀ ਕੋਠੀ ਵਿੱਚ ਇਕਾਂਤਵਾਸ ਰੱਖਿਆ ਗਿਆ ਹੈ। ਉਨ੍ਹਾਂ ਦੇ ਸੈਂਪਲ ਲੈਣ ਲਈ ਵੀ ਉਹਨਾਂ ਨੂੰ ਫੋਨ ਤੇ ਸੂਚਿਤ ਕਰ ਦਿੱਤਾ ਗਿਆ ਹੈ। ਜਲਦ ਹੀ ਉਹਨਾਂ ਦੇ ਵੀ ਸੈਂਪਲ ਲੈ ਕੇ ਭੇਜ਼ੇ ਜਾਣਗੇ। ਇਸ ਦੀ ਪੁਸ਼ਟੀ ਇਕਾਂਤਵਾਸ ਰਹਿ ਰਹੀ ਇੱਕ ਸਟਾਫ ਨਰਸ ਨੇ ਵੀ ਕੀਤੀ ਹੈ। ਕੋਵਿਡ 19 ਮੁਹਿੰਮ ਦੇ ਜਿਲਾ ਨੋਡਲ ਅਧਿਕਾਰੀ ਡਾਕਟਰ ਮੁਨੀਸ਼ ਕੁਮਾਰ ਨੇ ਦੱਸਿਆ ਕਿ ਪੰਜ ਸਟਾਫ ਨਰਸਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ਼ਣ ਦੀ ਪ੍ਰਕਿਰਿਆ ਜਾਰੀ ਹੈ। ਜਲਦ ਹੀ ਉਹਨਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ਼ੇ ਜਾਣਗੇ।