ਸ਼ੋਸ਼ਲ ਮੀਡੀਆ ’ਤੇ ਕੋਈ ਵੀ ਗ਼ਲਤ ਪੋਸਟ ਪਾਉਣ ਵਾਲਿਆਂ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ : ਐਸ.ਐਸ.ਪੀ. ਸਿੱਧੂ
ਲੋਕੇਸ਼ ਕੌਸ਼ਲ ਪਟਿਆਲਾ, 8 ਅਪ੍ਰੈਲ 2020
ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸ਼ੋਸ਼ਲ ਮੀਡੀਆ ’ਤੇ ਹਜ਼ਰਤ ਮੁਹੰਮਦ ਸਾਹਿਬ ਅਤੇ ਮੁਸਲਿਮ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿੱਚ ਥਾਣਾ ਤਿਰਪੜੀ ਵਿਖੇ ਐਫ.ਆਈ.ਆਰ. ਨੰਬਰ 111 ਮਿਤੀ 8-4-2020 ਆਈ.ਪੀ.ਸੀ. ਦੀ ਧਾਰਾ ਅ/ਧ 188, 295 ਏ, 505 ਸੀ ਅਤੇ ਡੀਜਾਸਟਰ ਮੈਨੇਜਮੈਂਟ ਐਕਟ-2005 ਦੇ ਸੈਕਸ਼ਨ 54 ਤਹਿਤ ਦਰਜ਼ ਕਰਕੇ ਆਕਾਸ਼ ਦੀਪ ਨਾਮ ਦੇ ਵਿਅਕਤੀ ਨੂੰ ਗਿਰਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਫੇਸਬੁੱਕ ’ਤੇ ਕਿਸੇ ਵਿਅਕਤੀ ਵੱਲੋਂ ਹਜ਼ਰਤ ਮੁਹੰਮਦ ਸਾਹਿਬ ਅਤੇ ਮੁਸਲਿਮ ਭਾਈਚਾਰੇ ਬਾਰੇ ਅਪਸ਼ਬਦ ਵਰਤੇ ਗਏ ਸਨ, ਜਦ ਇਹ ਪੋਸਟ ਪਟਿਆਲਾ ਪੁਲਿਸ ਦੇ ਧਿਆਨ ਵਿੱਚ ਆਈ ਤਾਂ ਪੁਲਿਸ ਦੇ ਸ਼ੋਸ਼ਲ ਮੀਡੀਆ ਸੈਲ ਤੇ ਸੀ.ਆਈ.ਏ. ਪਟਿਆਲਾ ਵੱਲੋਂ ਪੋਸਟ ਪਾਉਣ ਵਾਲੇ ਵਿਅਕਤੀ ਨੂੰ ਤਕਨੀਕੀ ਸਾਧਨਾਂ ਰਾਹੀਂ ਟਰੈਕ ਕੀਤਾ ਗਿਆ ਅਤੇ ਆਕਾਸ਼ ਦੀਪ ਨਾਮੀ ਵਿਅਕਤੀ ਨੂੰ ਇਸ ਸਬੰਧੀ ਗਿਰਫਤਾਰ ਕਰ ਲਿਆ ਗਿਆ ਹੈ , ਜੋ ਕਿ ਇਕ ਮੀਡੀਆ ਹਾਊਸ ਵਿਖੇ ਪ੍ਰੋਡਕਸ਼ਨ ਮੈਨੇਜਰ ਦੇ ਤੌਰ ’ਤੇ ਪਹਿਲਾ ਕੰਮ ਕਰਦਾ ਸੀ। ਉਨਾਂ ਦੱਸਿਆ ਕਿ ਜਿਸ ਮੋਬਾਇਲ ਰਾਹੀਂ ਉਸ ਵੱਲੋਂ ਮੈਸੇਜ ਕੀਤੇ ਗਏ ਸਨ, ਉਸਨੂੰ ਵੀ ਪੁਲਿਸ ਵੱਲੋਂ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਸ. ਸਿੱਧੂ ਨੇ ਕਿਹਾ ਕਿ ਭਲਕੇ ਆਕਾਸ਼ ਦੀਪ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਐਸ.ਐਸ.ਪੀ. ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਵੱਲੋਂ ਸਖਤ ਸੁਨੇਹਾ ਹੈ ਕਿ ਪੰਜਾਬ ਵਿੱਚ ਸਾਰੇ ਫਿਰਕੇ ਅਮਨ ਅਮਾਨ ਅਤੇ ਆਪਸੀ ਭਾਈਚਾਰਕ ਸਾਂਝ ਨਾਲ ਰਹਿੰਦੇ ਹਨ ਅਤੇ ਪੰਜਾਬ ਵਿੱਚ ਕਿਸੇ ਵੀ ਧਰਮ ਜਾ ਫਿਰਕੇ ਖ਼ਿਲਾਫ਼ ਕੋਈ ਵੀ ਟਿੱਪਣੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕੱਲ ਜਦੋਂ ਪਟਿਆਲਾ ਪੁਲਿਸ ਨੂੰ ਫੇਸਬੁੱਕ ’ਤੇ ਇਸ ਪੋਸਟ ਬਾਰੇ ਪਤਾ ਲੱਗਾ ਤਾਂ ਤੁਰੰਤ ਕਾਰਵਾਈ ਕਰਦਿਆ ਪੋਸਟ ਪਾਉਣ ਵਾਲੇ ਵਿਅਕਤੀ ਆਕਾਸ਼ ਦੀਪ ਨੂੰ ਗਿਰਫਤਾਰ ਕਰ ਲਿਆ ਗਿਆ। ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਹ ਸ਼ਰਾਰਤੀ ਅਨਸਰਾਂ ਨੂੰ ਸਖਤ ਸੁਨੇਹਾ ਹੈ ਕਿ ਉਨਾਂ ਵੱਲੋਂ ਕੀਤੀਆਂ ਜਾ ਰਹੀਆਂ ਅਜਿਹੀਆਂ ਗਤੀਵਿਧੀਆਂ ’ਤੇ ਪੁਲਿਸ ਦੀ ਪੂਰੀ ਨਜ਼ਰ ਹੈ ਅਤੇ ਜੇਕਰ ਕੋਈ ਸੋਸ਼ਲ ਮੀਡੀਆ ’ਤੇ ਗਲਤ ਪ੍ਰਚਾਰ ਕਰਦਾ ਹੈ ਤਾਂ ਉਸਦੀ ਥਾਂ ਸਮਾਜ ਵਿੱਚ ਨਹੀਂ ਸਗੋਂ ਸਲਾਖਾਂ ਪਿੱਛੇ ਹੈ।