ਦੇਸ਼ ਦੀਆਂ ਹਾਕਮ ਧਿਰਾਂ ਨੇ ਕਾਰਪੋਰੇਟ ਜਗਤ ਨਾਲ ਸਰਕਾਰੀ ਅਤੇ ਜਨਤਕ ਖੇਤਰ ਨੂੰ ਉਜਾੜਨ ਦੇ ਸਮਝੌਤੇ ਕਰਕੇ ਕਿਰਤੀਆਂ ਲਈ ਸਿੱਖਿਆ, ਸਿਹਤ ਅਤੇ ਪੱਕੇ ਰੁਜ਼ਗਾਰ ਦੇ ਦਰਵਾਜੇ ਹਮੇਸ਼ਾ ਲਈ ਬੰਦ ਕੀਤੇ – ਜਰਮਨਜੀਤ , ਹਰਦੀਪ ਟੋਡਰਪੁਰ
ਪਰਦੀਪ ਕਸਬਾ ਜਲੰਧਰ, 27 ਜੂਨ 2021
ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿਖੇ ਭੁਪਿੰਦਰ ਸਿੰਘ ਵੜੈਚ, ਮੁਕੇਸ਼ ਗੁਜਰਾਤੀ, ਮਮਤਾ ਸ਼ਰਮਾਂ, ਬਲਰਾਜ ਮੌੜ, ਰਛਪਾਲ ਸਿੰਘ, ਪਰਮਜੀਤ ਕੌਰ ਮਾਨ, ਗੁਰਮੀਤ ਸੁਖਪੁਰ, ਜੁਗਰਾਜ ਟੱਲੇਵਾਲ, ਗੁਰਪਿਆਰ ਕੋਟਲੀ ਅਤੇ ਪ੍ਰਕਾਸ਼ ਸਿੰਘ ਥੋਥੀਆਂ ਦੀ ਪ੍ਰਧਾਨਗੀ ਹੇਠ ਆਪਣਾ ਦੂਸਰਾ ਜਥੇਬੰਦਕ ਅਜਲਾਸ ਕੀਤਾ ਗਿਆ।
ਅਜਲਾਸ ਦੌਰਾਨ ਸੰਬੋਧਨ ਕਰਦਿਆਂ ਜਰਮਨਜੀਤ ਸਿੰਘ ਛੱਜਲਵੱਡੀ, ਵਿਕਰਮਦੇਵ ਸਿੰਘ, ਸਤਪਾਲ ਭੈਣੀ, ਰਾਜੀਵ ਬਰਨਾਲਾ, ਬਲਵੀਰ ਸਿੰਘ ਸਿਵੀਆਂ ਅਤੇ ਅਜੀਤਪਾਲ ਸਿੰਘ ਨੇ ਕਿਹਾ ਕਿ ਦੇਸ਼ ਦੀਆਂ ਹਾਕਮ ਧਿਰਾਂ ਨੇ ਕਾਰਪੋਰੇਟ ਜਗਤ ਨਾਲ ਸਰਕਾਰੀ ਅਤੇ ਜਨਤਕ ਖੇਤਰ ਨੂੰ ਉਜਾੜਨ ਦੇ ਸਮਝੌਤੇ ਕਰਕੇ ਕਿਰਤੀਆਂ ਲਈ ਸਿੱਖਿਆ, ਸਿਹਤ ਅਤੇ ਪੱਕੇ ਰੁਜ਼ਗਾਰ ਦੇ ਦਰਵਾਜੇ ਹਮੇਸ਼ਾ ਲਈ ਬੰਦ ਕਰ ਦਿੱਤੇ ਹਨ। ਆਗੂਆਂ ਨੇ ਆਖਿਆ ਕਿ ਠੇਕੇਦਾਰੀ ਪ੍ਰਥਾ, ਆਊਟ ਸੋਰਸਿੰਗ ਅਤੇ ਮਾਣ ਭੱਤੇ ਵਾਲੇ ਰੁਜ਼ਗਾਰ ਕਾਰਨ ਦੇਸ਼ ਦੇ ਕਰੋੜਾਂ ਲੋਕ ਭੁੱਖੇ ਮਰਨ ਲਈ ਮਜ਼ਬੂਰ ਹਨ ਤਾਂ ਇਸ ਸਮੇਂ ਇਨਕਲਾਬੀ ਟਰੇਡ ਯੂਨੀਅਨਇਜ਼ਮ ਨੂੰ ਮਜ਼ਬੂਤ ਕਰਕੇ ਪਿਸ ਰਹੇ ਲੋਕਾਂ ਨੂੰ ਸੰਘਰਸ਼ ਦੇ ਪਿੜਾਂ ਅੰਦਰ ਲੈ ਕੇ ਆਉਣ ਦੀ ਲੋੜ ਹੈ।
ਬੁਲਾਰਿਆਂ ਨੇ ਕੱਚੇ ਮੁਲਾਜ਼ਮਾਂ, ਆਸ਼ਾ ਵਰਕਰਾਂ, ਮਿਡ-ਡੇ-ਮੀਲ ਵਰਕਰਾਂ, ਜੰਗਲਾਤ ਵਰਕਰਾਂ, ਆਂਗਨਵਾੜੀ ਵਰਕਰਾਂ, ਆਊਟਸੋਰਸ ਮੁਲਾਜ਼ਮਾਂ, ਅਧਿਆਪਕਾਂ ਅਤੇ ਹੈਲਥ ਵਰਕਰਾਂ ਤੋਂ ਇਲਾਵਾ ਬੋਰਡਾਂ-ਕਾਰਪੋਰੇਸ਼ਨਾਂ ਅਤੇ ਮਿਊਂਸਪਲ ਕਮੇਟੀਆਂ ਦੇ ਕੱਚੇ ਮੁਲਾਜ਼ਮਾਂ ਅਤੇ ਕਾਲਜਾਂ-ਯੁਨੀਵਰਸਿਟੀਆਂ ਦੇ ਅਧਿਆਪਕਾਂ ਦੀਆਂ ਮੰਗਾਂ ਦਾ ਸਮਰੱਥਨ ਕਰਦਿਆਂ ਕਿਹਾ ਕਿ ਡੀ.ਐੱਮ.ਅੈੱਫ. ਇਹਨਾ ਲਿਤਾੜੇ ਹੋਏ ਵਰਕਰਾਂ ਦੀ ਬੁਲੰਦ ਆਵਾਜ਼ ਬਣ ਕੇ ਸੰਘਰਸ਼ਾਂ ਵਿੱਚ ਅੱਗੇ ਵੱਧ ਕੇ ਮੋਹਰੀ ਰੋਲ ਅਦਾ ਕਰੇਗੀ।
ਅਜਲਾਸ ਦੌਰਾਨ ਪੰਜਾਬ ਸਰਕਾਰ ਪਾਸੋਂ ਹਰੇਕ ਵਿਭਾਗ ਦੇ ਕੱਚੇ ਤੇ ਕੰਟਰੈਕਟ ਮੁਲਾਜ਼ਮਾਂ ਅਤੇ ਅਧਿਆਪਕਾਂ ਨੂੰ ਪੱਕਾ ਕਰਨ, ਮਿਡ-ਡੇ-ਮੀਲ ਅਤੇ ਆਸ਼ਾ ਵਰਕਰਾਂ ਨੂੰ ਘੱਟੋ-ਘੱਟ ਉਜ਼ਰਤਾਂ ਦੇ ਘੇਰੇ ਵਿੱਚ ਲਿਆਉਣ, ਛੇਵੇਂ ਪੇ-ਕਮਿਸ਼ਨ ਦੀਆਂ ਸਾਰੀਆਂ ਮੁਲਾਜ਼ਮ ਵਿਰੋਧੀ ਸਿਫਾਰਸ਼ਾਂ ਨੂੰ ਰੱਦ ਕਰਨ, 01-01-04 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ‘ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਸਰਕਾਰੀ ਅਦਾਰਿਆਂ ਅੰਦਰ ਗਰੁੱਪ-ਸੀ ਤੇ ਗਰੁੱਪ-ਡੀ ਮੁਲਾਜ਼ਮਾਂ ਦੀਆਂ ਇੱਕ ਲੱਖ ਤੋਂ ਵੀ ਵਧੇਰੇ ਖਾਲੀ ਪਈਆਂ ਪੋਸਟਾਂ ਨੂੰ ਰੈਗੂਲਰ ਭਰਨ ਅਤੇ ਭਰਤੀ ਸਮੇਂ ਤਿੰਨ ਸਾਲ ਤੱਕ ਮੁਢਲੀ ਤਨਖਾਹ ਦੇਣ ਦੀ ਬਜਾਏ ਪੂਰੀ ਤਨਖਾਹ ਦੇਣ ਦੀ ਮੰਗ ਕੀਤੀ ਗਈ।
ਅਜਲਾਸ ਦੇ ਅੰਤ ਵਿੱਚ ਫੈਡਰੇਸ਼ਨ ਦੇ ਸੇਵਾ ਮੁਕਤ ਹੋ ਚੁੱਕੇ ਆਗੂਆਂ ਦਾ ਸਨਮਾਨ ਕਰਨ ਉਪਰੰਤ ਅਗਲੇ ਤਿੰਨ ਸਾਲਾਂ ਲਈ ਫੈਡਰੇਸ਼ਨ ਦੀ 15 ਮੈਂਬਰੀ ਆਹੁਦੇਦਾਰਾਂ ਦੀ ਸਕੱਤਰਰੇਤ ਸਮੇਤ ਕੁੱਲ 45 ਮੈਂਬਰੀ ਸੂਬਾ ਕਮੇਟੀ ਦੀ ਚੋਣ ਕੀਤੀ ਗਈ। ਇਸ ਦੌਰਾਨ ਜਰਮਨਜੀਤ ਸਿੰਘ ਪ੍ਰਧਾਨ, ਹਰਦੀਪ ਟੋਡਰਪੁਰ ਜਨਰਲ ਸਕੱਤਰ, ਹਰਿੰਦਰ ਦੁਸਾਂਝ ਵਿੱਤ ਸਕੱਤਰ, ਸੱਤਪਾਲ ਭੈਣੀ, ਗੁਰਮੀਤ ਸੁਖਪੁਰ, ਜਗਦੇਵ ਸਿੰਘ ਮਾਨਸਾ ਅਤੇ ਕਮਲਜੀਤ ਕੌਰ ਪੱਤੀ ਮੀਤ ਪ੍ਰਧਾਨ, ਲਖਵਿੰਦਰ ਕੌਰ ਫਰੀਦਕੋਟ ਜਥੇਬੰਦਕ ਸਕੱਤਰ, ਪਰਮਜੀਤ ਕੌਰ ਮਾਨ ਤੇ ਬਲਵੀਰ ਸਿਵੀਆਂ ਜੁਆਇਂਟ ਸਕੱਤਰ, ਅਜੀਬ ਦਿਵੇਦੀ ਪ੍ਰੈੱਸ ਸਕੱਤਰ, ਪਰਵੀਨ ਸ਼ਰਮਾਂ ਸਹਾਇਕ ਵਿੱਤ ਸਕੱਤਰ, ਸੁਖਵਿੰਦਰ ਸਿੰਘ ਲੀਲ ਸਹਾਇਕ ਪ੍ਰੈੱਸ ਸਕੱਤਰ ਅਤੇ ਬਲਵਿੰਦਰ ਕੌਰ ਰਾਵਲਪਿੰਡੀ ਨੂੰ ਪ੍ਰਚਾਰ ਸਕੱਤਰ ਚੁਣਿਆ ਗਿਆ।
ਅਜਲਾਸ ਦੌਰਾਨ ਭਰਾਤਰੀ ਸੰਦੇਸ਼ ਦੇਣ ਪੁੱਜੇ ਪੰਜਾਬ ਸੂਬਾਡੀਨੇਟ ਸਰਵਿਸਜ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਨੇ ਨਵੀਂ ਚੁਣੀ ਲੀਡਰਸ਼ਿਪ ਨੂੰ ਸ਼ੁੱਭ ਇੱਛਾਵਾਂ ਭੇੰਟ ਕੀਤੀਆਂ।